ਲੈਂਡਿੰਗ ਦੌਰਾਨ ਏਅਰ ਕੈਨੇਡਾ ਦੇ ਜਹਾਜ਼ ਨੂੰ ਲੱਗੀ ਅੱਗ, ਸਾਰੇ ਯਾਤਰੀ ਸੁਰੱਖਿਅਤ ਬਾਹਰ ਕੱਢੇ
Sunday, Dec 29, 2024 - 08:03 PM (IST)
ਓਟਵਾ (ਭਾਸ਼ਾ) : ਨਿਊਫਾਊਂਡਲੈਂਡ ਟਾਪੂ ਦੇ ਸੇਂਟ ਜੌਹਨ ਸ਼ਹਿਰ ਤੋਂ ਆ ਰਿਹਾ ਏਅਰ ਕੈਨੇਡਾ ਦਾ ਇਕ ਜਹਾਜ਼ ਨੋਵਾ ਸਕੋਸ਼ੀਆ ਸੂਬੇ ਦੇ ਗੋਫਸ ਸਥਿਤ ਹੈਲੀਫੈਕਸ ਹਵਾਈ ਅੱਡੇ 'ਤੇ ਉਤਰਨ ਸਮੇਂ ਰਨਵੇਅ ਤੋਂ ਖਿਸਕ ਗਿਆ ਅਤੇ ਉਸ ਦੇ ਇਕ ਹਿੱਸੇ ਵਿਚ ਅੱਗ ਲੱਗ ਗਈ।
ਹਵਾਈ ਅੱਡੇ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਇਹ ਘਟਨਾ ਏਅਰ ਕੈਨੇਡਾ ਦੀ ਫਲਾਈਟ 2259 ਨਾਲ ਸਬੰਧਤ ਸੀ, ਜੋ ਕਿ ਪੀਏਐੱਲ ਏਅਰਲਾਈਨਜ਼ ਦੁਆਰਾ ਚਲਾਈ ਜਾਂਦੀ ਸੀ। ਸੀਬੀਸੀ ਨਿਊਜ਼ ਨੇ ਇਸ ਸਬੰਧੀ ਰਿਪੋਰਟ ਦਿੱਤੀ। ਘਟਨਾ ਸਥਾਨਕ ਸਮੇਂ ਅਨੁਸਾਰ ਰਾਤ 9:30 ਵਜੇ ਦੇ ਕਰੀਬ ਵਾਪਰੀ। ਬਿਆਨ ਵਿੱਚ ਇਹ ਨਹੀਂ ਦੱਸਿਆ ਗਿਆ ਹੈ ਕਿ ਜਹਾਜ਼ ਵਿੱਚ ਕਿੰਨੇ ਲੋਕ ਸਵਾਰ ਸਨ। ਸੀਬੀਸੀ ਨਿਊਜ਼ ਮੁਤਾਬਕ ਜਹਾਜ਼ ਵਿੱਚ ਸਵਾਰ ਲੋਕਾਂ ਨੂੰ ਬਾਹਰ ਕੱਢ ਲਿਆ ਗਿਆ ਹੈ। ਇਸ ਘਟਨਾ ਕਾਰਨ ਸ਼ਨੀਵਾਰ ਰਾਤ ਨੂੰ ਹੈਲੀਫੈਕਸ ਹਵਾਈ ਅੱਡੇ ਨੂੰ ਅਸਥਾਈ ਤੌਰ 'ਤੇ ਬੰਦ ਕਰ ਦਿੱਤਾ ਗਿਆ।