ਸੀਤਾਰਮਨ ਦੇ ਨਾਥੂਲਾ ਦੌਰੇ ਤੋਂ ਬਾਅਦ ਚੀਨ, ਭਾਰਤ ਨਾਲ ਸ਼ਾਂਤੀ ਬਰਕਰਾਰ ਰੱਖਣ ਨੂੰ ਤਿਆਰ

Monday, Oct 09, 2017 - 08:15 PM (IST)

ਬੀਜਿੰਗ (ਭਾਸ਼ਾ)— ਰੱਖਿਆ ਮੰਤਰੀ ਨਿਰਮਲਾ ਸੀਤਾਰਮਨ ਦੇ ਨਾਥੂਲਾ ਦੌਰੇ ਤੋਂ ਬਾਅਦ ਚੀਨ ਨੇ ਸੋਮਵਾਰ ਨੂੰ ਕਿਹਾ ਕਿ ਉਹ ਸਰਹੱਦੀ ਖੇਤਰੀ ਇਲਾਕਿਆਂ 'ਚ ਭਾਰਤ ਦੇ ਨਾਲ ਸਾਂਝੇ ਤੌਰ 'ਤੇ ਸ਼ਾਂਤੀ ਬਣਾਈ ਰੱਖਣ ਲਈ ਤਿਆਰ ਹੈ। ਸੀਤਾਰਮਨ ਨੇ ਐਤਵਾਰ ਨੂੰ ਸਿੱਕਿਮ ਦੇ ਨਾਥੂਲਾ ਸਰਹੱਦੀ ਚੌਕੀ ਦਾ ਦੌਰਾ ਕੀਤਾ ਸੀ ਅਤੇ ਉਥੇ ਚੀਨੀ ਫੌਜੀਆਂ ਨਾਲ ਗੱਲਬਾਤ ਵੀ ਕੀਤੀ ਸੀ। ਵਿਦੇਸ਼ ਮੰਤਰਾਲੇ ਦੀ ਬੁਲਾਰਣ ਹੁਆ ਚੁਨਯਿੰਗ ਨੇ ਕਿਹਾ ਕਿ ਚੀਨ-ਭਾਰਤ ਸਰਹੱਦ ਦਾ ਸਿਕਿਮ ਸੈਕਟਰ 1890 ਦੀ ਇਤਿਹਾਸਕ ਸੰਧੀ ਵਲੋਂ ਸੀਮਤ ਹੋਇਆ ਸੀ ਅਤੇ ਨਾਥੂਲਾ ਦਰਾ ਇਸ ਤੱਥ ਦਾ ਬੇਹਤਰੀਨ ਸਬੂਤ ਹੈ। ਹੁਆ ਨੇ ਕਿਹਾ ਕਿ ਚੀਨੀ ਧਿਰ ਇਤਿਹਾਸਕ ਸੰਧੀਆਂ ਅਤੇ ਸਬੰਧਿਤ ਸਮਝੌਤਿਆਂ ਦੇ ਆਧਾਰ 'ਤੇ ਭਾਰਤੀ ਧਿਰ ਦੇ ਨਾਲ ਮਿਲ ਕੇ ਸਰਹੱਦੀ ਖੇਤਰੀ ਇਲਾਕਿਆਂ 'ਚ ਸ਼ਾਂਤੀ ਅਤੇ ਖੁਸ਼ਹਾਲੀ ਬਰਕਰਾਰ ਰੱਖਣ ਦਾ ਇਛੁੱਕ ਹੈ। ਬੀਜਿੰਗ 1890 ਦੀ ਬ੍ਰਿਟੇਨ-ਚੀਨ ਸੰਧੀ ਦਾ ਹਮੇਸ਼ਾ ਹਵਾਲਾ ਦਿੰਦਾ ਹੈ। ਉਸ ਦਾ ਕਹਿਣਾ ਹੈ ਕਿ ਇਸ ਸੰਧੀ ਨੇ ਤਿੱਬਤ ਦੇ ਨਾਲ ਲੱਗਦੀ ਸਰਹੱਦ ਦੇ ਸਿੱਕਮ ਖੇਤਰ ਨੂੰ ਪਰਿਭਾਸ਼ਤ ਕੀਤਾ ਹੈ ਅਤੇ ਅਜਿਹੇ 'ਚ ਇਸ ਇਲਾਕੇ 'ਚ ਸਰਹੱਦ ਦਾ ਹੱਲ ਹੋ ਗਿਆ ਹੈ। ਸਰਕਾਰੀ ਨਿਊਜ਼ ਚੈਨਲ ਸੀ.ਜੀ.ਟੀ.ਐਨ ਨੇ ਸੀਤਾਰਮਨ ਦੇ ਦੌਰੇ ਦੀ ਵੀਡੀਓ ਪ੍ਰਸਾਰਿਤ ਕੀਤੀ ਅਤੇ ਕਿਹਾ ਕਿ ਭਾਰਤੀ ਰੱਖਿਆ ਮੰਤਰੀ ਨੇ ਚੀਨੀ ਸਰਹੱਦੀ ਫੌਜੀਆਂ ਦਾ ਧੰਨਵਾਦ ਕੀਤਾ। ਹਾਂਗਕਾਂਗ ਅਧਾਰਿਤ ਅਖਬਾਰ ਨੇ ਸੀਤਾਰਮਨ ਦੇ ਨਾਥੂਲਾ ਦੌਰੇ ਨੂੰ ਲੈ ਕੇ ਪ੍ਰਕਾਸ਼ਿਤ ਖਬਰ 'ਚ ਕਿਹਾ ਕਿ ਭਾਰਤੀ ਰੱਖਿਆ ਮੰਤਰੀ ਨੇ ਚੀਨੀ ਫੌਜੀਆਂ ਦੇ ਨਾਲ ਸੇਤੂ ਦਾ ਨਿਰਮਾਣ ਕਰਨ ਦਾ ਕੰਮ ਕੀਤਾ ਹੈ।


Related News