154 ਸਾਲ ਬਾਅਦ ਨੇਪਾਲੀ ਚਾਹ ਨੂੰ ਮਿਲਿਆ ਅੰਤਰ ਰਾਸ਼ਟਰੀ ਟ੍ਰੇਡਮਾਰਕ
Tuesday, Feb 06, 2018 - 10:10 AM (IST)
ਕਾਠਮਾਂਡੂ (ਬਿਊਰੋ)— ਅਧਿਕਾਰੀਆਂ ਨੇ ਸੋਮਵਾਰ ਨੂੰ ਜਾਣਕਾਰੀ ਦਿੱਤੀ ਕਿ ਨੇਪਾਲੀ ਚਾਹ ਨੂੰ ਆਖਿਰਕਾਰ ਅੰਤਰ ਰਾਸ਼ਟਰੀ ਟ੍ਰੈਡਮਾਰਕ ਹਾਸਲ ਹੋ ਗਿਆ ਹੈ। ਇਸ ਟ੍ਰੇਡਮਾਰਕ ਨੂੰ ਹਾਸਲ ਕਰਨ ਲਈ ਨੇਪਾਲ ਡੇਢ ਸਦੀ ਤੋਂ ਕੋਸ਼ਿਸ਼ ਕਰ ਰਿਹਾ ਸੀ। ਖੇਤੀਬਾੜੀ ਮੰਤਰਾਲੇ ਤਹਿਤ ਰਾਸ਼ਟਰੀ ਚਾਹ ਅਤੇ ਕੌਫੀ ਬੋਰਡ ਮੁਤਾਬਕ ਉਦਯੋਗ ਵਿਭਾਗ ਵੱਲੋਂ ਰਜਿਸਟਰਡ ਬ੍ਰਾਂਡ ਨੂੰ ਲੋਗੋ ਦਾ ਸਮਰਥਨ ਮਿਲਿਆ ਹੈ। ਨੇਪਾਲ ਚਾਹ ਅਤੇ ਕੌਫੀ ਵਿਕਾਸ ਬੋਰਡ ਦੇ ਕਾਰਜਕਾਰੀ ਨਿਦੇਸ਼ਕ ਸ਼ੇਸ਼ਕਾਂਤ ਗੌਤਮ ਨੇ ਸਮਾਚਾਰ ਏਜੰਸੀ ਨੂੰ ਦੱਸਿਆ,''ਨੇਪਾਲੀ ਚਾਹ ਉਤਪਾਦਕ ਸੰਬੰਧਿਤ ਕੰਪਨੀਆਂ ਦੇ ਨਾਂ ਜਾਂ ਲੋਗੋ ਦੇ ਨਾਲ ਚਾਹ ਦਾ ਨਿਰਯਾਤ ਕਰਦੇ ਰਹੇ ਹਨ। ਹੁਣ ਉਹ ਅੰਤਰ ਰਾਸ਼ਟਰੀ ਬਜ਼ਾਰਾਂ ਵਿਚ ਇਕ ਲੋਗੋ ਦੀ ਵਰਤੋਂ ਕਰ ਕੇ ਚਾਹ ਵੇਚ ਸਕਣਗੇ, ਜੋ ਰਾਸ਼ਟਰੀ ਪਛਾਣ ਦੀ ਨੁਮਾਇੰਦਗੀ ਕਰੇਗਾ।''

ਇਸ ਟ੍ਰੇਡਮਾਰਕ ਵਿਚ ਪਹਾੜਾਂ ਦੀ ਤਸਵੀਰ ਹੈ, ਜਿਸ ਦੇ ਥੱਲੇ 'ਨੇਪਾਲੀ ਚਾਹ' (ਹਿਮਾਲਾ ਤੋਂ ਮਿਲੀ ਗੁਣਵੱਤਾ) ਲਿਖਿਆ ਹੈ। ਗੌਤਮ ਨੇ ਕਿਹਾ ਹੈ ਕਿ ਇਸ ਲੋਗੋ ਨੂੰ ਅਧਿਕਾਰਿਕ ਰੂਪ ਵਿਚ ਨੇਪਾਲ ਵਿਚ ਅਗਲੇ ਮਹੀਨੇ ਹੋਣ ਵਾਲੇ ਅੰਤਰ ਰਾਸ਼ਟਰੀ ਚਾਹ ਫੈਸਟੀਵਲ ਵਿਚ ਲਾਂਚ ਕੀਤਾ ਜਾਵੇਗਾ। ਨੇਪਾਲੀ ਓਰਥੋਡੋਕਸ ਟੀ ਸਰਟੀਫਿਕੇਸ਼ਨ ਟ੍ਰੇਡਮਾਰਕ ਇੰਪਲੀਮੇਟੇਸ਼ਨ ਡਾਇਰੈਕਟਿਵ ਦੀ ਮਨਜ਼ੂਰੀ ਦੇ ਨਾਲ ਹੀ ਬੋਰਡ ਨੇ ਅਕਾਦਮੀਆਂ, ਪ੍ਰੋਸੈਸਰਸ, ਪੈਕੇਜਰਸ ਅਤੇ ਵਪਾਰੀਆਂ ਨੂੰ ਇਸ ਲੋਗੋ ਦੀ ਵਰਤੋਂ ਕਰਨ ਲਈ ਕਿਹਾ ਹੈ। ਰਾਸ਼ਟਰੀ ਚਾਹ ਅਤੇ ਕੌਫੀ ਵਿਕਾਸ ਬੋਰਡ ਮੁਤਾਬਕ ਨੇਪਾਲ ਵਿਚ 44 ਜ਼ਿਲਿਆਂ ਵਿਚ 27,688 ਹੈਕਟੇਅਰ ਜ਼ਮੀਨ ਵਿਚ ਚਾਹ ਦਾ ਉਤਪਾਦਨ ਕੀਤਾ ਜਾਂਦਾ ਹੈ, ਜਿਸ ਵਿਚ ਇਲਮ, ਝਾਪਾ, ਧਾਨਕੁਟ, ਤੇਹਤਥਮ ਅਤੇ ਪੰਚਥਰ ਜ਼ਿਲੇ ਸ਼ਾਮਲ ਹਨ। ਨੇਪਾਲ 8 ਦੇਸ਼ਾਂ ਨੂੰ ਚਾਹ ਦਾ ਨਿਰਯਾਤ ਕਰਦਾ ਹੈ, ਜਿਸ ਵਿਚ ਭਾਰਤ, ਕੈਨੇਡਾ, ਜਰਮਨੀ, ਅਮਰੀਕਾ ਅਤੇ ਚੀਨ ਸ਼ਾਮਲ ਹੈ। ਨੇਪਾਲ ਸਰਕਾਰ ਨੇ ਰਾਸ਼ਟਰੀ ਚਾਹ ਦਿਵਸ ਦੇ ਰੂਪ ਵਿਚ ਨੇਪਾਲੀ ਕੈਲੰਡਰ ਮੁਤਾਬਕ ਵੈਸਾਖ ਮਹੀਨੇ ਦੀ 15ਵੀਂ ਤਰੀਕ ਨੂੰ ਦਰਸਾਇਆ ਹੈ।
