11 ਸਾਲ ਬਾਅਦ British Airways ਨੇ ਪਹਿਲੀ ਵਾਰ ਭਰੀ ਪਾਕਿ ਲਈ ਉਡਾਣ

Monday, Jun 03, 2019 - 02:00 AM (IST)

11 ਸਾਲ ਬਾਅਦ British Airways ਨੇ ਪਹਿਲੀ ਵਾਰ ਭਰੀ ਪਾਕਿ ਲਈ ਉਡਾਣ

ਲੰਡਨ - ਬ੍ਰਿਟਿਸ਼ ਏਅਰਵੇਜ਼ ਨੇ ਐਤਵਾਰ ਨੂੰ ਪਾਕਿਸਤਾਨ ਲਈ ਇਕ ਵਾਰ ਫਿਰ ਤੋਂ ਆਪਣੀ ਜਹਾਜ਼ ਸੇਵਾ ਸ਼ੁਰੂ ਕਰ ਦਿੱਤੀ ਹੈ। ਪਾਕਿਸਤਾਨ ਦੀ ਰਾਜਧਾਨੀ ਇਸਲਾਮਾਬਾਦ ਤੋਂ ਲੰਡਨ ਦੇ ਹੀਥਰੋ ਏਅਰਪੋਰਟ ਵਿਚਾਲੇ ਇਹ ਜਹਾਜ਼ ਸੇਵਾ ਫਿਲਹਾਲ ਹਫਤੇ 'ਚ ਸਿਰਫ 3 ਵਾਰ ਹੀ ਉਪਲੱਬਧ ਰਹੇਗੀ। ਦਰਅਸਲ ਸਾਲ 2008 'ਚ ਰਾਜਧਾਨੀ ਇਸਲਾਮਾਬਾਦ ਦੇ ਮੇਰੀਅਟ ਹੋਟਲ 'ਚ ਹੋਏ ਬੰਬ ਧਮਾਕੇ 'ਚ 50 ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਗਈ ਸੀ। ਇਸ ਤੋਂ ਬਾਅਦ ਬ੍ਰਿਟਿਸ਼ ਏਅਰਵੇਜ਼ ਨੇ ਆਪਣੀਆਂ ਪਾਕਿਸਤਾਨ ਜਾਣ ਵਾਲੀਆਂ ਸਾਰੀਆਂ ਹਵਾਈ ਸੇਵਾਵਾਂ 'ਤੇ ਰੋਕ ਲਾ ਦਿੱਤੀ ਸੀ।
ਪੱਛਮੀ ਦੇਸ਼ਾਂ ਦੀ ਏਅਰਲਾਈਨ 'ਚ ਬ੍ਰਿਟਿਸ਼ ਏਅਰਵੇਜ ਇਕੱਲੀ ਕੰਪਨੀ ਹੈ, ਜਿਸ ਨੇ ਇਸਲਾਮਾਬਾਦ ਲਈ ਉਡਾਣ ਸੇਵਾ ਫਿਰ ਤੋਂ ਸ਼ੁਰੂ ਕੀਤੀ ਹੈ। ਅਜੇ ਤੱਕ ਪਾਕਿਸਤਾਨ ਇੰਟਰਨੈਸ਼ਨਲ ਏਅਰਲਾਇੰਸ (ਪੀ. ਆਈ. ਏ.) ਇਸਲਾਮਾਬਾਦ ਅਤੇ ਲੰਡਨ ਵਿਚਾਲੇ ਸਿੱਧੀ ਉਡਾਣ ਭਰਨ ਵਾਲੀ ਇਕੱਲੀ ਏਅਰਲਾਈਨ ਸੀ। ਬ੍ਰਿਟਿਸ਼ ਏਅਰਵੇਜ਼ ਦੇ ਬੁਲਾਰੇ ਨੇ ਆਖਿਆ ਕਿ ਅਸੀਂ ਇਸ ਰਸਤੇ 'ਤੇ ਬੋਇੰਗ 787 ਡ੍ਰੀਮਲਾਈਨਰਸ ਜਹਾਜ਼ ਦੇ ਨਾਲ ਸੰਚਾਲਨ ਦੀ ਸ਼ੁਰੂਆਤ ਕੀਤੀ ਹੈ।
ਪਾਕਿਸਤਾਨ 'ਚ ਬ੍ਰਿਟੇਨ ਦੇ ਹਾਈ ਕਮਿਸ਼ਨਰ ਥਾਮਸ ਡ੍ਰਿਊ ਨੇ ਕਿਹਾ ਕਿ ਬ੍ਰਿਟਿਸ਼ ਏਅਰਵੇਜ਼ ਨੇ ਪਾਕਿਸਤਾਨ 'ਚ ਬ੍ਰਿਟਿਸ਼ ਕੰਪਨੀਆਂ ਨੂੰ ਵਧਦੀ ਗਿਣਤੀ ਦੇ ਮੱਦੇਨਜ਼ਰ ਇਹ ਕਦਮ ਚੁੱਕਿਆ ਹੈ। ਦੱਸ ਦਈਏ ਕਿ ਏਅਰਲਾਈਨ ਨੇ ਪਿਛਲੇ ਸਾਲ ਦਸੰਬਰ 'ਚ ਐਲਾਨ ਕੀਤਾ ਸੀ ਕਿ ਉਹ ਇਸਲਾਮਾਬਾਦ ਲਈ ਆਪਣੀਆਂ ਉਡਾਣਾਂ ਫਿਰ ਤੋਂ ਸ਼ੁਰੂ ਕਰੇਗੀ। ਉਸ ਦਾ ਮੰਨਣਾ ਸੀ ਕਿ ਇਸਲਾਮਾਬਾਦ 'ਚ ਬਣਿਆ ਨਵਾਂ ਹਵਾਈ ਅੱਡਾ ਸੁਰੱਖਿਆ ਅਤੇ ਭੀੜ ਦੋਹਾਂ ਦੇ ਜ਼ਰੀਏ ਤੋਂ ਸੁਰੱਖਿਅਤ ਹੈ।


author

Khushdeep Jassi

Content Editor

Related News