ਅਫਰੀਕੀ ਮਹਾਦੀਪ ’ਤੇ ਢਿੱਲੀ ਪੈਂਦੀ ਚੀਨ ਦੀ ਪਕੜ
Monday, Apr 12, 2021 - 10:54 AM (IST)

ਅਫਰੀਕੀ ਮਹਾਦੀਪ ’ਚ ਕੁੱਲ 54 ਦੇਸ਼ ਹਨ ਇਨ੍ਹਾਂ ’ਚੋਂ ਸਿਰਫ ਇਕ ਦੇਸ਼ ਚੀਨ ਦਾ ਦੋਸਤ ਨਹੀਂ ਹੈ, ਬਾਕੀ 53 ਦੇਸ਼ ਨਾ ਸਿਰਫ ਚੀਨ ਦੇ ਦੋਸਤ ਹਨ ਸਗੋਂ ਇਨ੍ਹਾਂ ਦੇਸ਼ਾਂ ’ਚ ਲਗਭਗ ਦਸ ਹਜ਼ਾਰ ਚੀਨੀ ਕੰਪਨੀਆਂ ਨੇ ਨਿਵੇਸ਼ ਕੀਤਾ ਹੋਇਆ ਹੈ।ਚੀਨ ਨੇ ਅਫਰੀਕੀ ਦੇਸ਼ਾਂ ’ਚ ਆਪਣੇ ਲਾਲਚ ਦੇ ਲਈ ਇਥੇ ਭਾਰੀ ਨਿਵੇਸ਼ ਕੀਤਾ ਹੈ, ਕਈ ਗਰੀਬ ਅਫਰੀਕੀ ਦੇਸ਼ਾਂ ’ਚ ਚੀਨ ਨੇ ਬਿਨਾਂ ਵਿਆਜ ਦੇ ਪੈਸਾ ਉਧਾਰ ਦਿੱਤਾ ਹੈ ਜਿਸ ਤੋਂ ਬਾਅਦ ਚੀਨ ਨੇ ਉਨ੍ਹਾਂ ਦੇ ਕੁਦਰਤੀ ਸੋਮਿਆਂ ਦੀ ਅੰਨ੍ਹੇਵਾਹ ਖਿਚਾਈ ਕੀਤੀ ਹੈ।ਪਹਿਲਾਂ ਇਹ ਸਾਰੇ ਦੇਸ਼ ਚੀਨ ਦੇ ਗੁਣ ਗਾਉਂਦੇ ਨਹੀਂ ਥੱਕਦੇ ਸਨ ਪਰ ਪਿਛਲੇ ਕੁਝ ਸਮੇਂ ਤੋਂ ਅਫਰੀਕਾ ’ਚ ਚੀਨ ਦੇ ਵਿਰੁੱਧ ਉਲਟ ਧਾਰਾ ਵਗਣ ਲੱਗੀ ਹੈ ਅਤੇ ਇਥੋਂ ਦੇ ਲੋਕ ਭਾਰਤ ਦੇ ਪੱਖ ’ਚ ਹੋਣ ਲੱਗੇ ਹਨ, ਚੀਨ ਸਮਝ ਨਹੀਂ ਪਾ ਰਿਹਾ ਹੈ ਕਿ ਅਜਿਹਾ ਕਿਵੇਂ ਹੋ ਗਿਆ।
ਆਧੁਨਿਕ ਯੁੱਗ ’ਚ ਅਫਰੀਕੀ ਮਹਾਦੀਪ ਨੂੰ ਚੀਨ ਦਾ ਬਸਤੀਵਾਦ ਕਿਹਾ ਜਾਂਦਾ ਹੈ ਪਰ ਚੀਨ ਦੇ ਇਸੇ ਬਸਤੀਵਾਦ ’ਚ ਚੀਨ ਦੀਆਂ 1200 ਕੰਪਨੀਆਂ ਨੂੰ ਪਿਛਲੇ 6 ਮਹੀਨਿਆਂ ਤੋਂ ਕੋਈ ਕੰਮ ਨਹੀਂ ਮਿਲਿਆ ਹੈ ਪਰ ਚੀਨ ਦੀ ਰਣਨੀਤੀ ’ਚ ਕਮਜ਼ੋਰੀ ਆਉਣ ਕਾਰਣ ਦੁਨੀਆ ਭਰ ’ਚ ਚੀਨੀ ਕੰਪਨੀਆਂ ਦੀ ਪਕੜ ਵੀ ਕਮਜ਼ੋਰ ਹੁੰਦੀ ਜਾ ਰਹੀ ਹੈ।
ਇਸੇ ਨੂੰ ਦੇਖਦੇ ਹੋਏ ਅਫਰੀਕੀ ਦੇਸ਼ਾਂ ’ਚ ਵੀ ਹੁਣ ਚੀਨ ਦੇ ਵਿਰੁੱਧ ਆਵਾਜ਼ ਉੱਠਣ ਲੱਗੀ ਹੈ। ਦੋ ਸਾਲ ਪਹਿਲਾਂ 2019 ’ਚ ਵਿਸ਼ਵ ਬੈਂਕ ਨੇ ਅਫਰੀਕੀ ਦੇਸ਼ਾਂ ਨੂੰ ਚੀਨ ਦੇ ਕਰਜ਼ ਜਾਲ ’ਚ ਫਸਣ ਨੂੰ ਲੈ ਕੇ ਸੁਚੇਤ ਕੀਤਾ ਸੀ ਕਿ ਜਿਵੇਂ ਦੁਨੀਆ ਦੇ ਕੁਝ ਹੋਰ ਦੇਸ਼ ਚੀਨ ਦੇ ਕਰਜ਼ ਜਾਲ ’ਚ ਫਸ ਚੁੱਕੇ ਹਨ, ਉਹੀ ਹਾਲ ਹੁਣ ਅਫਰੀਕੀ ਦੇਸ਼ਾਂ ਦਾ ਵੀ ਹੋਣ ਵਾਲਾ ਹੈ।ਵਿਸ਼ਵ ਬੈਂਕ ਨੇ ਇਹ ਚਿਤਾਵਨੀ ਇਕ ਰਿਪੋਰਟ ਦੇ ਆਧਾਰ ’ਤੇ ਦਿੱਤੀ ਜਿਸ ’ਚ ਦੱਸਿਆ ਗਿਆ ਹੈ ਕਿ ਪੂਰੇ ਅਫਰੀਕੀ ਮਹਾਦੀਪ ਦੇ ਇਕ ਤਿਹਾਈ ਦੇਸ਼ ਚੀਨ ਦੇ ਕਰਜ਼ ਜਾਲ ’ਚ ਪਹਿਲਾਂ ਹੀ ਆ ਚੁੱਕੇ ਹਨ। ਉਂਝ ਤਾਂ ਪੂਰੇ ਅਫਰੀਕੀ ਮਹਾਦੀਪ ਦੇ ਲਗਭਗ ਸਾਰੇ ਦੇਸ਼ ਚੀਨ ਤੋਂ ਕਰਜ਼ ਲੈ ਚੁੱਕੇ ਹਨ ਪਰ ਇਨ੍ਹਾਂ ’ਚੋਂ ਜੋ ਸਭ ਤੋਂ ਗਰੀਬ ਦੇਸ਼ ਹਨ, ਚੀਨ ਨੇ ਇਨ੍ਹਾਂ ਦੇਸ਼ਾਂ ਨੂੰ 2 ਅਰਬ ਡਾਲਰ ਦਾ ਕਰਜ਼ ਬਿਨਾਂ ਵਿਆਜ ਦੇ ਦਿੱਤਾ ਹੈ।
ਇਸ ਤੋਂ ਬਾਅਦ ਚੀਨ ਨੇ ਗਿਣੇ-ਮਿਥੇ ਢੰਗ ਨਾਲ ਇਨ੍ਹਾਂ ਦੇਸ਼ਾਂ ਦੇ ਕੁਦਰਤੀ ਸੋਮਿਆਂ ਨੂੰ ਆਪਣੇ ਕਬਜ਼ੇ ’ਚ ਲੈ ਲਿਆ ਅਤੇ ਆਪਣੇ ਲਾਭ ਦੇ ਲਈ ਇਨ੍ਹਾਂ ਦੀ ਅੰਨ੍ਹੇਵਾਹ ਵਰਤੋਂ ਕਰਨ ਲੱਗਾ। ਇਨ੍ਹਾਂ ਸਭ ਤੋਂ ਪੱਛੜੇ ਅਤੇ ਗਰੀਬ ਦੇਸ਼ਾਂ ’ਚ ਦੱਖਣੀ ਸੂਡਾਨ, ਲਾਇਬੇਰੀਆ ਅਤੇ ਸੂਡਾਨ ਵਰਗੇ ਦੇਸ਼ ਸ਼ਾਮਲ ਹਨ।ਪਿਛਲੇ ਦੋ ਸਾਲਾਂ ’ਚ ਅਫਰੀਕੀ ਮਹਾਦੀਪ ’ਚ ਚੀਨ ਦੇ ਵਿਰੁੱਧ ਮਾਹੌਲ ਬਣਨ ਲੱਗਾ ਹੈ, ਹਾਲਾਂਕਿ ਇਸ ਦੀ ਸ਼ੁਰੂਆਤ ਪਿਛਲੇ ਪੰਜ-ਛੇ ਸਾਲਾਂ ਤੋਂ ਹੀ ਹੋ ਚੱਲੀ ਸੀ ਪਰ ਸਾਲ 2019 ਅਤੇ ਪਿਛਲੇ ਸਾਲ ਕੋਰੋਨਾ ਮਹਾਮਾਰੀ ਤੋਂ ਬਾਅਦ ਚੀਨ ਵਿਰੋਧੀ ਮਾਹੌਲ ਨੇ ਅਫਰੀਕਾ ’ਚ ਜ਼ੋਰ ਫੜਿਆ ਹੈ। ਇਸ ਨੂੰ ਦੇਖਦੇ ਹੋਏ ਚੀਨ ਨੂੰ ਹੁਣ ਇਹ ਚਿੰਤਾ ਸਤਾ ਰਹੀ ਹੈ ਕਿ ਚੀਨ ਨੇ ਜੋ ਕਰਜ਼ ਅਫਰੀਕੀ ਦੇਸ਼ਾਂ ਨੂੰ ਦਿੱਤਾ ਸੀ, ਕਿਤੇ ਉਹ ਡੁੱਬ ਨਾ ਜਾਏ।
ਹੁਣ ਕੋਈ ਵੀ ਅਫਰੀਕੀ ਦੇਸ਼ ਚੀਨ ਤੋਂ ਕਰਜ਼ ਨਹੀਂ ਲੈ ਰਿਹਾ। ਜੇਕਰ ਉਨ੍ਹਾਂ ਨੂੰ ਕਰਜ਼ ਦੀ ਲੋੜ ਪੈ ਰਹੀ ਹੈ ਤਾਂ ਉਹ ਦੂਸਰੇ ਦੇਸ਼ਾਂ ਅਤੇ ਵਿਸ਼ਵ ਪੱਧਰੀ ਆਰਥਿਕ ਸੰਸਥਾਨਾਂ ਤੋਂ ਕਰਜ਼ ਲੈ ਰਹੇ ਹਨ। ਇਨ੍ਹਾਂ ਦੇਸ਼ਾਂ ਨੂੰ ਪਤਾ ਹੈ ਕਿ ਜੇਕਰ ਕਰਜ਼ ਚੀਨ ਤੋਂ ਲੈਣਗੇ ਤਾਂ ਫਿਰ ਚੀਨ ਸਾਡੇ ਕੁਦਰਤੀ ਸੋਮਿਆਂ ’ਤੇ ਕੁੰਡਲੀ ਮਾਰ ਕੇ ਬੈਠ ਜਾਵੇਗਾ, ਉਥੇ ਹੀ ਕਰਜ਼ ਦੂਸਰੇ ਦੇਸ਼ਾਂ ਅਤੇ ਆਰਥਿਕ ਸੰਸਥਾਨਾਂ ਤੋਂ ਲੈਣ ’ਤੇ ਸਿਰਫ ਕਰਜ਼ ਮੋੜਨਾ ਹੋਵੇਗਾ।ਇਸ ਦੇ ਇਲਾਵਾ ਅਫਰੀਕਾ ’ਚ ਚੀਨੀ ਕੰਪਨੀਆਂ ਨੂੰ ਮਿਲਣ ਵਾਲੇ ਠੇਕਿਆਂ ’ਚ ਵੀ ਭਾਰੀ ਕਮੀ ਦੇਖੀ ਜਾ ਰਹੀ ਹੈ। ਹਾਲ ਹੀ ’ਚ ਕੌਮਾਂਤਰੀ ਮੁਦਰਾ ਫੰਡ ਨੇ ਆਪਣੀ ਇਕ ਰਿਪੋਰਟ ’ਚ ਕਿਹਾ ਸੀ ਕਿ ਅਫਰੀਕਾ ’ਚ ਭਾਰਤ ਦੀ ਹਿੱਸੇਦਾਰੀ ਹੁਣ ਮਜ਼ਬੂਤ ਹੋ ਰਹੀ ਹੈ।
ਇਹੀ ਕਾਰਣ ਹੈ ਕਿ ਚੀਨ ਦੀਆਂ ਕਈ ਕੰਪਨੀਆਂ ਦੀ ਹੋਂਦ ਅਤੇ ਵਪਾਰ ਦੋਵੇਂ ਖੂਹ-ਖਾਤੇ ’ਚ ਪੈ ਗਏ ਹਨ। ਦੂਸਰੇ ਪਾਸੇ ਅਫਰੀਕੀ ਦੇਸ਼ ਭਾਰਤ ਦੇ ਨਾਲ ਆਪ ਦੋ-ਪੱਖੀ ਸੰਬੰਧਾਂ ਨੂੰ ਮਜ਼ਬੂਤ ਕਰਨ ’ਚ ਚੰਗੀ ਦਿਲਚਸਪੀ ਦਿਖਾ ਰਹੇ ਹਨ ਕਿਉਂਕਿ ਇਨ੍ਹਾਂ ਦੇਸ਼ਾਂ ਨੂੰ ਚੀਨ ਦੀਆਂ ਚਲਾਕੀਆਂ ਬਾਰੇ ਦੇਰ ਨਾਲ ਹੀ ਸਹੀ ਪਰ ਪਤਾ ਤਾਂ ਲੱਗ ਗਿਆ ਹੈ। ਅਫਰੀਕੀ ਦੇਸ਼ ਇਹ ਮੰਨਦੇ ਹਨ ਕਿ ਭਾਰਤ ਨਾਲ ਹੋਣ ਵਾਲਾ ਵਪਾਰ ਪਾਰਦਰਸ਼ੀ ਅਤੇ ਸਾਫ-ਸੁਥਰਾ ਹੋਵੇਗਾ। ਓਧਰ ਚੀਨ ਆਪਣੀ ਇਕ ਪੱਟੀ ਇਕ ਮਾਰਗ ਯੋਜਨਾ ਦੇ ਸ਼ੁਰੂ ਹੋਣ ਤੋਂ ਬਹੁਤ ਪਹਿਲਾਂ ਹੀ ਅਫਰੀਕੀ ਦੇਸ਼ਾਂ ’ਚ ਨਿਵੇਸ਼ ਦੇ ਨਾਂ ’ਤੇ ਕੁਦਰਤੀ ਸੋਮਿਆਂ ਦੀ ਤੇਜ਼ੀ ਨਾਲ ਵਰਤੋਂ ਕਰਦਾ ਆਇਆ ਹੈ ਪਰ ਇਸ ਸਮੇਂ ਭਾਰਤ ਦੀ ਅਫਰੀਕੀ ਦੇਸ਼ਾਂ ਨਾਲ ਵਧਦੀ ਹਿੱਸੇਦਾਰੀ ਅਤੇ ਸਹਿਯੋਗ ਨਾਲ ਅਫਰੀਕੀ ਦੇਸ਼ਾਂ ਦੀ ਆਵਾਜ਼ ਹੁਣ ਬੜਬੋਲੀ ਹੋਣ ਲੱਗੀ ਹੈ।ਚੀਨ ਦੇ ਲਾਲਚ ਨੂੰ ਦੇਖਦੇ ਹੋਏ ਕਈ ਅਫਰੀਕੀ ਦੇਸ਼ਾਂ ’ਚ ਚੀਨ ਤੋਂ ਕਰਜ਼ ਨਾ ਲੈਣ ਅਤੇ ਚੀਨੀ ਕੰਪਨੀਆਂ ਨੂੰ ਕੰਮ ਨਾ ਦੇਣ ਦੀ ਮੰਗ ਜ਼ੋਰ ਫੜਦੀ ਜਾ ਰਹੀ ਹੈ। ਜਿਸ ਤੇਜ਼ੀ ਨਾਲ ਅਫਰੀਕੀ ਦੇਸ਼ਾਂ ’ਚ ਚੀਨ ਦੇ ਲਈ ਵਾਤਾਵਰਣ ਬਦਲਦਾ ਜਾ ਰਿਹਾ ਹੈ ਉਸ ਨੂੰ ਦੇਖਦੇ ਹੋਏ ਚੀਨ ਦਾ ਰਾਹ ਅਫਰੀਕਾ ’ਚ ਸੌਖਾ ਨਹੀਂ ਹੋਵੇਗਾ।
ਨੋਟ- ਉਕਤ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।