ਆੜ੍ਹਤ ਦੀ ਰੰਜਿਸ਼ ਕਾਰਨ ਵਿਅਕਤੀ ’ਤੇ ਹਮਲਾ, 6 ਲੋਕਾਂ ’ਤੇ ਮਾਮਲਾ ਦਰਜ
Sunday, Jun 08, 2025 - 10:12 AM (IST)

ਗੁਰੂਹਰਸਹਾਏ (ਕਾਲੜਾ) : ਥਾਣਾ ਗੁਰੂਹਰਸਹਾਏ ਪੁਲਸ ਨੇ ਆੜ੍ਹਤ ਦੀ ਰੰਜਿਸ਼ ਨੂੰ ਲੈ ਕੇ ਇੱਕ ਵਿਅਕਤੀ ਦੀ ਕੁੱਟਮਾਰ ਦੇ ਦੋਸ਼ ਵਿੱਚ 2 ਨਾਮਜ਼ਦ ਵਿਅਕਤੀਆਂ ਸਮੇਤ 3-4 ਅਣਪਛਾਤੇ ਲੋਕਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਪੁਲਸ ਨੂੰ ਦਿੱਤੇ ਬਿਆਨ ਵਿੱਚ ਗੁਰਮੀਤ ਸਿੰਘ ਪੁੱਤਰ ਸੋਹਨ ਲਾਲ, ਵਾਸੀ ਮੋਂਗਿਆ ਵਾਲੀ ਗਲੀ ਨੇ ਦੱਸਿਆ ਕਿ ਉਸ ਦੀ ਆੜ੍ਹਤ ਦੀ ਦੁਕਾਨ ਪਹਿਲਾਂ ਦੋਸ਼ੀਆਂ ਸੁਰਿੰਦਰ ਕੁਮਾਰ ਪੁੱਤਰ ਸੋਹਨ ਲਾਲ ਅਤੇ ਧਰਮਿੰਦਰ ਕੁਮਾਰ ਪੁੱਤਰ ਸੋਹਨ ਲਾਲ ਵਾਸੀ ਧਵਨਾ ਵਾਲੀ ਗਲੀ, ਗੁਰੂਹਰਸਹਾਏ ਨਾਲ ਸਾਂਝੀ ਸੀ।
ਗੁਰਮੀਤ ਸਿੰਘ ਨੇ ਦੱਸਿਆ ਕਿ ਸਾਲ 2020 ਵਿੱਚ ਧਰਮਿੰਦਰ ਕੁਮਾਰ ਨੇ ਪਿੰਡ ਬਾਘੂ ਵਾਲਾ, ਗੁਰੂਹਰਸਹਾਏ ਵਿਖੇ ਇੱਕ ਸ਼ੈਲਰ ਲਗਾਇਆ, ਜਿਸ ਤੋਂ ਬਾਅਦ ਜਦੋਂ ਉਸ ਨੇ ਆੜ੍ਹਤ ਦਾ ਹਿਸਾਬ ਮੰਗਿਆ ਤਾਂ ਦੋਸ਼ੀਆਂ ਨੇ ਨਾ ਤਾਂ ਹਿਸਾਬ ਦਿੱਤਾ ਅਤੇ ਨਾ ਹੀ ਲਗਭਗ 35 ਲੱਖ ਰੁਪਏ ਵਾਪਸ ਕੀਤੇ। ਇਸ ਕਾਰਨ ਉਨ੍ਹਾਂ ਵਿੱਚ ਰੰਜਿਸ਼ ਸ਼ੁਰੂ ਹੋ ਗਈ। ਗੁਰਮੀਤ ਨੇ ਅੱਗੇ ਦੱਸਿਆ ਕਿ 8 ਮਈ 2025 ਨੂੰ ਸ਼ਾਮ ਕਰੀਬ 6.30 ਵਜੇ, ਜਦੋਂ ਉਹ ਆਪਣੇ ਘਰ ਤੋਂ ਖੇਤ ਜਾ ਰਿਹਾ ਸੀ, ਤਾਂ ਸੜਕ ’ਤੇ ਮੌਜੂਦ ਦੋਸ਼ੀਆਂ ਨੇ ਆੜ੍ਹਤ ਦੀ ਰੰਜਿਸ਼ ਕਾਰਨ ਉਸ ਨਾਲ ਹਮਲਾਵਰ ਹੋ ਕੇ ਸੱਟਾਂ ਮਾਰੀਆਂ।
ਉਸ ਨੇ ਕਿਹਾ ਕਿ ਸੁਰਿੰਦਰ ਕੁਮਾਰ, ਧਰਮਿੰਦਰ ਕੁਮਾਰ ਅਤੇ 3-4 ਅਣਪਛਾਤੇ ਵਿਅਕਤੀਆਂ ਨੇ ਮਿਲ ਕੇ ਉਸ ’ਤੇ ਹਮਲਾ ਕੀਤਾ। ਜਾਂਚ ਅਧਿਕਾਰੀ ਸਹਾਇਕ ਥਾਣੇਦਾਰ ਜਸਪਾਲ ਸਿੰਘ ਨੇ ਦੱਸਿਆ ਕਿ ਸ਼ਿਕਾਇਤਕਰਤਾ ਦੇ ਬਿਆਨ ਦੇ ਆਧਾਰ ’ਤੇ ਪੁਲਿਸ ਨੇ ਦੋਸ਼ੀਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਅਗਲੀ ਕਾਰਵਾਈ ਜਾਰੀ ਹੈ।