ਪਾਣੀ ਤੇ ਸਮੇਂ ਦੀ ਬਚਤ ’ਚ ਵੀ ਸਹਾਈ ਹੋਵੇਗੀ ਡਰੋਨਾਂ ਦੀ ਵਰਤੋਂ
Wednesday, Jun 11, 2025 - 10:43 AM (IST)

ਮਾਨਸਾ (ਜੱਸਲ) : ਪੰਜਾਬ ਰਾਜ ਦਿਹਾਤੀ ਆਜੀਵਿਕਾ ਮਿਸ਼ਨ ਮਾਨਸਾ ਵੱਲੋਂ 4 ਡਰੋਨ ਦੀਦੀਆਂ ਨੂੰ ਖੇਤੀਬਾੜੀ ਡਰੋਨ ਜਾਰੀ ਕੀਤੇ ਗਏ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਪੇਂਡੂ ਵਿਕਾਸ ਆਕਾਸ਼ ਬਾਂਸਲ ਵੱਲੋਂ ਡਰੋਨ ਦੀਦੀਆਂ ਨੂੰ ਕੰਮ ਕਰਨ ਸਬੰਧੀ ਉਤਸ਼ਾਹਿਤ ਕੀਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਵਧੀਕ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਆਜੀਵਿਕਾ ਮਿਸ਼ਨ ਅਧੀਨ ਜ਼ਿਲ੍ਹਾ ਮਾਨਸਾ ਵਿਖੇ ਜਾਰੀ ਕੀਤੇ ਗਏ ਡਰੋਨਾਂ ਨਾਲ ਛੋਟੇ ਅਤੇ ਵੱਡੇ ਕਿਸਾਨਾਂ ਨੂੰ ਜਿੱਥੇ ਲਾਭ ਮਿਲੇਗਾ, ਉਸ ਦੇ ਨਾ ਹੀ ਡਰੋਨ ਦੀਦੀਆਂ ਨੂੰ ਰੁਜ਼ਗਾਰ ਵੀ ਪ੍ਰਾਪਤ ਹੋਵੇਗਾ। ਉਨ੍ਹਾਂ ਦੱਸਿਆ ਕਿ ਡਰੋਨ ਦੀ ਵਰਤੋਂ ਕਰਨ ਨਾਲ ਪਾਣੀ ਅਤੇ ਸਮੇਂ ਦੀ ਬੱਚਤ ਹੋਵੇਗੀ।
ਇਸ ਦੇ ਨਾਲ ਹੀ ਘੱਟ ਸਪਰੇਅ ਦੀ ਵਰਤੋਂ ਕਰਕੇ ਵਧੇਰੇ ਲਾਭ ਪ੍ਰਾਪਤ ਕੀਤੇ ਜਾ ਸਕਦੇ ਹਨ। ਇਸ ਮੌਕੇ ਜ਼ਿਲ੍ਹਾ ਪ੍ਰੋਗਰਾਮ ਮੈਨੇਜਰ ਜਸਵਿੰਦਰ ਕੌਰ ਨੇ ਕਿਹਾ ਕਿ ਝੋਨੇ ਦੇ ਸੀਜ਼ਨ ਦੇ ਚੱਲਦਿਆਂ ਪਨੀਰੀ ਅਤੇ ਝੋਨੇ ਉੱਪਰ ਡਰੋਨ ਸਪਰੇਅ ਵਧੇਰੇ ਲਾਭਦਾਇਕ ਹੋਵੇਗੀ। ਉਨ੍ਹਾਂ ਦੱਸਿਆ ਕਿ ਖੇਤੀਬਾੜੀ ਡਰੋਨ ਸਪਰੇਅ ਕਰਨ ਲਈ ਹਰਪ੍ਰੀਤ ਕੌਰ ਪਿੰਡ ਮੱਤੀ, ਸਤਵੀਰ ਕੌਰ ਪਿੰਡ ਚਹਿਲਾਂਵਾਲਾ, ਹਰਜਿੰਦਰ ਕੌਰ ਪਿੰਡ ਭੈਣੀਬਾਘਾ ਅਤੇ ਵੀਰਪਾਲ ਕੌਰ ਪਿੰਡ ਸਹਾਰਨਾ ਨਾਲ ਸੰਪਰਕ ਕੀਤਾ ਜਾ ਸਕਦਾ ਹੈ।