ਅਫਗਾਨਿਸਤਾਨ: ਪੱਤਰਕਾਰਾਂ ਦੇ ਸਨਮਾਨ ਸਮਾਰੋਹ ''ਚ ਧਮਾਕਾ, 1 ਵਿਅਕਤੀ ਦੀ ਮੌਤ, 5 ਜ਼ਖ਼ਮੀ
Saturday, Mar 11, 2023 - 03:44 PM (IST)
ਜਲਾਲਾਬਾਦ/ਅਫਗਾਨਿਸਤਾਨ (ਭਾਸ਼ਾ)- ਅਫਗਾਨਿਸਤਾਨ ਦੇ ਮਜ਼ਾਰ-ਏ-ਸ਼ਰੀਫ ਵਿੱਚ ਪੱਤਰਕਾਰਾਂ ਲਈ ਆਯੋਜਿਤ ਇੱਕ ਪੁਰਸਕਾਰ ਸਮਾਰੋਹ ਦੌਰਾਨ ਸ਼ਨੀਵਾਰ ਨੂੰ ਹੋਏ ਬੰਬ ਧਮਾਕੇ ਵਿੱਚ ਘੱਟੋ-ਘੱਟ 1 ਵਿਅਕਤੀ ਦੀ ਮੌਤ ਹੋ ਗਈ ਅਤੇ 5 ਹੋਰ ਜ਼ਖ਼ਮੀ ਹੋ ਗਏ। ਬਲਖ ਪੁਲਸ ਲਈ ਤਾਲਿਬਾਨ ਵੱਲੋਂ ਨਿਯੁਕਤ ਬੁਲਾਰੇ ਮੁਹੰਮਦ ਆਸਿਫ਼ ਵਜ਼ੀਰੀ ਨੇ ਦੱਸਿਆ ਕਿ ਧਮਾਕਾ ਸਵੇਰੇ 11 ਵਜੇ ਹੋਇਆ, ਜਦੋਂ ਪੱਤਰਕਾਰ ਬਲਖ ਸੂਬੇ ਦੀ ਰਾਜਧਾਨੀ ਮਜ਼ਾਰ-ਏ-ਸ਼ਰੀਫ਼ ਦੇ ਤਬੀਅਨ ਫਰਹਾਂਗ ਸੈਂਟਰ ਵਿੱਚ ਇੱਕ ਪੁਰਸਕਾਰ ਸਮਾਰੋਹ ਲਈ ਇਕੱਠੇ ਹੋਏ ਸਨ।
ਇਸ ਤੋਂ 2 ਦਿਨ ਪਹਿਲਾਂ ਮਜ਼ਾਰ-ਏ-ਸ਼ਰੀਫ਼ ਵਿੱਚ ਇੱਕ ਬੰਬ ਧਮਾਕੇ ਵਿੱਚ ਇੱਕ ਸੂਬਾਈ ਗਵਰਨਰ ਸਮੇਤ 3 ਵਿਅਕਤੀ ਮਾਰੇ ਗਏ ਸਨ ਅਤੇ 4 ਜ਼ਖ਼ਮੀ ਹੋ ਗਏ ਸਨ। ਸ਼ਨੀਵਾਰ ਨੂੰ ਹੋਏ ਹਾਦਸੇ 'ਚ ਜਾਨ ਗਵਾਉਣ ਵਾਲੇ ਵਿਅਕਤੀ ਦੀ ਅਜੇ ਤੱਕ ਪਛਾਣ ਨਹੀਂ ਹੋ ਸਕੀ ਹੈ ਪਰ 5 ਜ਼ਖ਼ਮੀਆਂ 'ਚ ਪੱਤਰਕਾਰ ਵੀ ਸ਼ਾਮਲ ਹਨ। ਇਨ੍ਹਾਂ ਵਿੱਚ ‘ਆਰਿਆਨਾ ਨਿਊਜ਼’ ਟੈਲੀਵਿਜ਼ਨ ਚੈਨਲ ਦਾ ਰਿਪੋਰਟਰ ਨਜੀਬ ਫਰਿਆਦ ਵੀ ਸ਼ਾਮਲ ਹੈ। ਫਰਿਆਦ ਨੇ ਕਿਹਾ ਕਿ ਉਸ ਨੂੰ ਲੱਗਾ ਜਿਵੇਂ ਉਸ ਦੀ ਪਿੱਠ 'ਤੇ ਕੋਈ ਚੀਜ਼ ਆ ਕੇ ਲੱਗੀ ਹੋਵੇ।
ਇਸ ਤੋਂ ਬਾਅਦ ਜ਼ੋਰਦਾਰ ਆਵਾਜ਼ ਆਈ ਅਤੇ ਉਹ ਜ਼ਮੀਨ 'ਤੇ ਡਿੱਗ ਗਿਆ। ਅਜੇ ਤੱਕ ਕਿਸੇ ਨੇ ਵੀ ਹਮਲੇ ਦੀ ਜ਼ਿੰਮੇਵਾਰੀ ਨਹੀਂ ਲਈ ਹੈ, ਪਰ ਇਸਲਾਮਿਕ ਸਟੇਟ ਸਮੂਹ ਨਾਲ ਜੁੜਿਆ ਖੇਤਰੀ ਸੰਗਠਨ 'ਇਸਲਾਮਿਕ ਸਟੇਟ ਇਨ ਖੁਰਾਸਾਨ ਪ੍ਰੋਵਿੰਸ' ਤਾਲਿਬਾਨ ਦਾ ਪ੍ਰਮੁੱਖ ਵਿਰੋਧੀ ਹੈ। ਤਾਲਿਬਾਨ ਨੇ ਅਗਸਤ 2021 'ਚ ਅਫਗਾਨਿਸਤਾਨ ਦੀ ਸੱਤਾ 'ਤੇ ਕਬਜ਼ਾ ਕਰ ਲਿਆ ਸੀ, ਜਿਸ ਤੋਂ ਬਾਅਦ ਇਸ ਸੰਗਠਨ ਦੇ ਹਮਲੇ ਵਧ ਗਏ ਹਨ। ਇਨ੍ਹਾਂ ਵਿੱਚੋਂ ਜ਼ਿਆਦਾਤਰ ਹਮਲਿਆਂ ਵਿੱਚ ਤਾਲਿਬਾਨ ਦੇ ਗਸ਼ਤੀ ਦਲਾਂ ਅਤੇ ਅਫਗਾਨਿਸਤਾਨ ਦੇ ਸ਼ੀਆ ਘੱਟ ਗਿਣਤੀ ਭਾਈਚਾਰੇ ਦੇ ਮੈਂਬਰਾਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ।