ਅਫਗਾਨ ਸੁਰੱਖਿਆ ਕਰਮਚਾਰੀਆਂ ਨੇ ਹੇਲਮੰਡ ਦੀ ਜੇਲ੍ਹ ’ਤੇ ਤਾਲਿਬਾਨ ਦਾ ਹਮਲਾ ਕੀਤਾ ਅਸਫਲ, 38 ਅੱਤਵਾਦੀ ਮਰੇ
Tuesday, Aug 03, 2021 - 07:34 PM (IST)
ਕਾਬੁਲ : ਅਫ਼ਗਾਨਿਸਤਾਨ ਦੇ ਸੁਰੱਖਿਆ ਕਰਮਚਾਰੀ ਨੇ ਤਾਲਿਬਾਨ ਦੇ 38 ਅੱਤਵਾਦੀਆਂ ਨੂੰ ਉਸ ਸਮੇਂ ਮਾਰ-ਮੁਕਾਇਆ, ਜਦੋਂ ਉਨ੍ਹਾਂ ਨੇ ਹੇਲਮੰਡ ਸੂਬੇ ਦੇ ਦੱਖਣੀ-ਪੱਛਮੀ ਸ਼ਹਿਰ ਲਸ਼ਕਰਗਾਹ ਦੀ ਜੇਲ੍ਹ ’ਚ ਦਾਖ਼ਲ ਹੋਣ ਦੀ ਕੋਸ਼ਿਸ਼ ਕੀਤੀ। ਟੋਲੋ ਨਿਊਜ਼ ਨੂੰ ਜਾਣਕਾਰੀ ਦਿੰਦਿਆਂ ਅਫ਼ਗਾਨ ਰੱਖਿਆ ਮੰਤਰਾਲੇ ਦੇ ਬੁਲਾਰੇ ਫਾਵਦ ਅਮਨ ਨੇ ਦੱਸਿਆ ਕਿ ਬੀਤੀ ਰਾਤ ਲਸ਼ਕਰਗਾਹ ਜੇਲ੍ਹ ’ਤੇ ਤਾਲਿਬਾਨ ਦੇ ਹਮਲੇ ਨੂੰ ਅਸਫਲ ਕਰ ਦਿੱਤਾ ਗਿਆ ਹੈ । ਜੇਲ੍ਹ ’ਤੇ ਹਮਲਾ ਕਰਨ ਵਾਲੇ 40 ਅੱਤਵਾਦੀਆਂ ’ਚੋਂ 38 ਨੂੰ ਮਾਰ ਦਿੱਤਾ ਗਿਆ ਹੈ , ਜਦਕਿ 2 ਜ਼ਖ਼ਮੀ ਹਨ। ਸਥਾਨਕ ਮੀਡੀਆ ਨੇ ਦੱਸਿਆ ਕਿ ਐਤਵਾਰ ਨੂੰ ਤਾਲਿਬਾਨ ਅਤੇ ਅਫਗਾਨ ਫੌਜਾਂ ਵਿਚਾਲੇ ਲੜਾਈ ਹੋਈ। ਅਫਗਾਨ ਸਰਕਾਰ ਨੇ ਸਥਾਨਕ ਲੋਕਾਂ ਦੀ ਸੁਰੱਖਿਆ ਲਈ ਲਸ਼ਕਰਗਾਹ ’ਚ ਵਿਸ਼ੇਸ਼ ਬਲ ਤਾਇਨਾਤ ਕੀਤੇ ਹਨ। ਅਫਗਾਨ ਸੰਸਦ ਮੈਂਬਰਾਂ ਨੇ ਕਿਹਾ ਕਿ ਜੇ ਸ਼ਹਿਰ ਨੂੰ ਵਾਧੂ ਸਹਾਇਤਾ ਨਹੀਂ ਮਿਲੀ ਤਾਂ ਇਹ ਸ਼ਹਿਰ ਸਰਕਾਰ ਦੇ ਕੰਟਰੋਲ ਤੋਂ ਬਾਹਰ ਹੋ ਜਾਵੇਗਾ। ਹੇਲਮੰਡ ਦੇ ਸੰਸਦ ਮੈਂਬਰ ਗੁਲਾਮ ਵਲੀ ਅਫਗਾਨ ਨੇ ਕਿਹਾ, ‘‘ਲੜਾਈ ਜ਼ਿਲ੍ਹਾ 1 ਤੱਕ ਪਹੁੰਚ ਗਈ ਹੈ ਅਤੇ ਸੂਬਾਈ ਗਵਰਨਰ ਦੇ ਕੰਪਲੈਕਸ ਤੋਂ 100 ਮੀਟਰ ਜਾਂ 200 ਮੀਟਰ ਦੂਰ ਹੈ। ਸੂਬੇ ਵਿੱਚ ਆਧਾਰ ਹਾਸਲ ਕਰਨ ਲਈ ਲੜਾਈ ਜਾਰੀ ਹੈ ਅਤੇ ਲੋਕ ਚਿੰਤਤ ਹਨ।"
ਇਹ ਵੀ ਪੜ੍ਹੋ : ਵੱਡੀ ਖ਼ਬਰ : ਹਨੀ ਸਿੰਘ ਖ਼ਿਲਾਫ਼ ਪਤਨੀ ਨੇ ਦਰਜ ਕਰਵਾਇਆ ਘਰੇਲੂ ਹਿੰਸਾ ਦਾ ਕੇਸ, ਅਦਾਲਤ ਵੱਲੋਂ ਨੋਟਿਸ ਜਾਰੀ
ਇਕ ਹੋਰ ਸੰਸਦ ਮੈਂਬਰ ਕਰੀਮ ਅਟਲ ਨੇ ਕਿਹਾ ਕਿ ਹੇਲਮੰਡ ਰਾਜਪਾਲ ਦੇ ਕੰਪਲੈਕਸ, ਪੁਲਸ ਹੈੱਡਕੁਆਰਟਰ ਅਤੇ ਐੱਨ. ਡੀ. ਐੱਸ. ਦਫਤਰ ਦੇ ਨੇੜੇ ਝੜਪਾਂ ਚੱਲ ਰਹੀਆਂ ਹਨ। ਜੇ ਉਨ੍ਹਾਂ ਵੱਲ ਧਿਆਨ ਨਾ ਦਿੱਤਾ ਗਿਆ ਤਾਂ ਉਹ ਡਿੱਗ ਜਾਣਗੇ। ਅਫਗਾਨ ਰਾਸ਼ਟਰੀ ਰੱਖਿਆ ਅਤੇ ਸੁਰੱਖਿਆ ਬਲ (ਏ. ਐੱਨ. ਡੀ. ਐੱਸ. ਐੱਫ.) ਦੇ ਬੁਲਾਰੇ ਨੇ ਕਿਹਾ ਕਿ ਹੇਲਮੰਡ, ਹੇਰਾਤ ਅਤੇ ਕੰਧਾਰ ’ਚ ਮਜ਼ਬੂਤ ਰੱਖਿਆਤਮਕ ਲਾਈਨਾਂ ਸਥਾਪਿਤ ਕੀਤੀਆਂ ਗਈਆਂ ਹਨ ਅਤੇ ਇਨ੍ਹਾਂ ਸੂਬਿਆਂ ਦੇ ਸ਼ਹਿਰਾਂ ’ਚ ਕੋਈ ਗੰਭੀਰ ਸਮੱਸਿਆਵਾਂ ਨਹੀਂ ਹਨ। ਹਾਲਾਂਕਿ ਅਫਗਾਨ ਨਿਊਜ਼ ਏਜੰਸੀ ਨੇ ਦੱਸਿਆ ਕਿ ਜੁਲਾਈ ’ਚ 70 ਜ਼ਿਲ੍ਹੇ ਅਤੇ ਸਪਿਨ ਬੋਲਡਕ ਸਰਹੱਦੀ ਸ਼ਹਿਰ ਤਾਲਿਬਾਨ ਦੇ ਕਬਜ਼ੇ ’ਚ ਆ ਗਏ ਸਨ। ਇਸ ਦੌਰਾਨ ਸਰਕਾਰ ਨੇ ਦਾਅਵਾ ਕੀਤਾ ਕਿ 11 ਜ਼ਿਲ੍ਹੇ ਤਾਲਿਬਾਨ ਤੋਂ ਮੁੜ ਖੋਹ ਲਏ ਗਏ ਹਨ।