ਤਾਲਿਬਾਨ ਦੇ ਸਮਰਥਨ ਨੂੰ ਲੈ ਕੇ ਅਫਗਾਨੀ ਰਾਸ਼ਟਰਪਤੀ ਨੇ ਪਾਕਿਸਤਾਨ ’ਤੇ ਵਿੰਨ੍ਹਿਆ ਨਿਸ਼ਾਨਾ

07/17/2021 2:12:09 PM

ਤਾਸ਼ਕੰਦ (ਏਜੰਸੀ) : ਅਫਗਾਨਿਸਤਾਨ ਦੇ ਰਾਸ਼ਟਰਪਤੀ ਅਸ਼ਰਫ ਗਨੀ ਨੇ ਸ਼ੁੱਕਰਵਾਰ ਨੂੰ ਇੱਥੇ ਅੰਤਰਰਾਸ਼ਟਰੀ ਸਿਖ਼ਰ ਸੰਮੇਲਨ ਵਿਚ ਪਾਕਿਸਤਾਨ ’ਤੇ ਤਾਲਿਬਾਨ ਨੂੰ ਸਮਰਥਨ ਦੇਣ ਨੂੰ ਲੈ ਕੇ ਜੰਮ ਕੇ ਨਿਸ਼ਾਨਾ ਵਿੰਨ੍ਹਿਆ । ਗਨੀ ਨੇ ‘ਮੱਧ ਅਤੇ ਦੱਖਣੀ ਏਸ਼ੀਆ-ਖੇਤਰੀ ਸੰਪਰਕ ਚੁਣੌਤੀਆਂ ਅਤੇ ਮੌਕਿਆਂ’ ’ਤੇ ਆਯੋਜਿਤ ਸਿਖ਼ਰ ਸੰਮੇਲਨ ਵਿਚ ਕਿਹਾ ਕਿ ਪਿਛਲੇ ਮਹੀਨੇ ਪਾਕਿਸਤਾਨ ਅਤੇ ਹੋਰ ਸਥਾਨਾਂ ਤੋਂ 10,000 ਤੋਂ ਜ਼ਿਆਦਾ ਜੇਹਾਦੀ ਲੜਾਕਿਆਂ ਦੀ ਆਮਦ ਦੇ ਨਾਲ-ਨਾਲ ਉਨ੍ਹਾਂ ਦੇ ਸਹਿਯੋਗੀਆਂ ਅਤੇ ਅੰਤਰਰਾਸ਼ਟਰੀ ਅੱਤਵਾਦੀ ਸੰਗਠਨਾਂ ਨਾਲ ਸਮਰਥਨ ਦੇ ਖ਼ੂਫੀਆ ਸੰਕੇਤ ਮਿਲੇ ਹਨ। ਉਨ੍ਹਾਂ ਕਿਹਾ ਕਿ ਪਾਕਿਸਤਾਨ ਤੋਂ ਜੇਹਾਦੀ ਲੜਾਕੇ ਅਫਗਾਨਿਸਤਾਨ ਵਿਚ ਪ੍ਰਵੇਸ਼ ਕਰ ਰਹੇ ਹਨ ਅਤੇ ਉਥੇ ਹਿੰਸਾ ਕਰ ਰਹੇ ਹਨ। ਉਨ੍ਹਾਂ ਨੇ ਪਾਕਿਸਤਾਨ ਨੂੰ ਅਫਗਾਨਿਸਤਾਨ ਵਿਚ ਸ਼ਾਂਤੀ ਅਤੇ ਦੁਸ਼ਮਣੀ ਦੇ ਖ਼ਾਤਮੇ ਲਈ ਆਪਣੇ ਪ੍ਰਭਾਵ ਅਤੇ ਲਾਭ ਦੀ ਵਰਤੋਂ ਕਰਨ ਦੀ ਅਪੀਲ ਕੀਤੀ।

ਉਨ੍ਹਾਂ ਕਿਹਾ ਕਿ ਵਿਸ਼ਵਾਸਯੋਗ ਅੰਤਰਰਾਸ਼ਟਰੀ ਨਿਰੀਖਕਾਂ ਦੀ ਰਿਪੋਰਟ ਹੈ ਕਿ ਤਾਲਿਬਾਨ ਨੇ ਅੱਤਵਾਦੀ ਸੰਗਠਨਾਂ ਨਾਲ ਆਪਣੇ ਸਬੰਧਾਂ ਨੂੰ ਤੋੜਨ ਲਈ ਕੋਈ ਕਦਮ ਨਹੀਂ ਚੁੱਕਿਆ ਹੈ। ਅਫਗਾਨੀ ਰਾਸ਼ਟਰਪਤੀ ਨੇ ਤਾਲਿਬਾਨ ਨੂੰ ਹਿੰਸਾ ਬੰਦ ਕਰਨ ਅਤੇ ਰਾਜਨੀਤਕ ਪ੍ਰਕਿਰਿਆ ਵਿਚ ਸ਼ਾਮਲ ਹੋਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ, ‘ਅਸੀਂ ਤਾਲਿਬਾਨ ਅਤੇ ਉਨ੍ਹਾਂ ਦੇ ਸਮਰਥਕਾਂ ਦਾ ਉਦੋਂ ਤੱਕ ਸਾਹਮਣਾ ਕਰਨ ਲਈ ਤਿਆਰ ਹਾਂ, ਜਦੋਂ ਤੱਕ ਉਨ੍ਹਾਂ ਨੂੰ ਇਹ ਅਹਿਸਾਸ ਨਹੀਂ ਹੋ ਜਾਂਦਾ ਕਿ ਰਾਜਨੀਤਕ ਹੱਲ ਹੀ ਅੱਗੇ ਵੱਧਣ ਦਾ ਇਕਮਾਤਰ ਰਸਤਾ ਹੈ।’


cherry

Content Editor

Related News