ਅਫਗਾਨ ਪੌਪ ਸਟਾਰ ਨੇ ਪਾਕਿ 'ਤੇ ਲਗਾਇਆ ਤਾਲਿਬਾਨ ਨੂੰ ਫੰਡਿੰਗ ਦਾ ਦੋਸ਼, ਭਾਰਤ ਨੂੰ ਕਿਹਾ- ਧੰਨਵਾਦ
Tuesday, Aug 24, 2021 - 11:25 AM (IST)
ਕਾਬੁਲ (ਏ.ਐੱਨ.ਆਈ.): ਅਫਗਾਨਿਸਤਾਨ ਵਿਚ ਕਰੀਬ 20 ਸਾਲ ਬਾਅਦ ਇਕ ਵਾਰ ਫਿਰ ਤਾਲਿਬਾਨ ਰਾਜ ਕਾਇਮ ਹੋ ਗਿਆ ਹੈ। ਅਫਗਾਨਿਸਤਾਨ ਤੋਂ ਬਾਹਰ ਨਿਕਲਣ ਦੇ ਬਾਅਦ ਪੌਪ ਸਟਾਰ ਆਰੀਯਾਨਾ ਸਈਦ ਨੇ ਆਪਣਾ ਦਰਦ ਬਿਆਨ ਕੀਤਾ ਹੈ। ਏ.ਐੱਨ.ਆਈ. ਨਾਲ ਹੋਈ ਗੱਲਬਾਤ ਵਿਚ ਉਹਨਾਂ ਨੇ ਦੱਸਿਆ ਕਿ ਮੈਂ ਭਾਵੇਂ ਅਫਗਾਨਿਸਤਾਨ ਤੋਂ ਬਾਹਰ ਹਾਂ ਪਰ ਉਹਨਾਂ ਬੀਬੀਆਂ ਲਈ ਚਿੰਤਤ ਹਾਂ ਜੋ ਹਾਲੇ ਵੀ ਉੱਥੇ ਫਸੀਆਂ ਹੋਈਆਂ ਹਨ। ਤਾਲਿਬਾਨ ਨੇ ਸਾਨੂੰ 20 ਸਾਲ ਪਿੱਛੇ ਕਰ ਦਿੱਤਾ ਹੈ। ਅਸੀਂ ਉੱਥੇ ਖੜ੍ਹੇ ਹਾਂ ਜਿੱਥੋਂ ਅਸੀਂ ਸ਼ੁਰੂਆਤ ਕੀਤੀ ਸੀ। ਇਸ ਦੇ ਨਾਲ ਹੀ ਆਰੀਯਾਨਾ ਨੇ ਭਾਰਤ ਤੋਂ ਮਿਲਣ ਵਾਲੀ ਮਦਦ ਲਈ ਧੰਨਵਾਦ ਕੀਤਾ ਅਤੇ ਦੇਸ਼ ਤੋਂ ਵਿਦੇਸ਼ੀ ਸੈਨਿਕਾਂ ਦੀ ਅਚਾਨਕ ਵਾਪਸੀ ਨੂੰ ਲੈ ਕੇ ਦੁੱਖ ਜਤਾਇਆ।
ਪਾਕਿਸਤਾਨ ਨੂੰ ਅਲੱਗ-ਥਲੱਗ ਕਰਨ ਦੀ ਅਪੀਲ
ਆਰੀਯਾਨਾ ਨੇ ਕਿਹਾ ਕਿ ਤਾਲਿਬਾਨ ਦੇ ਪਿੱਛੇ ਪਾਕਿਸਤਾਨ ਦਾ ਹੱਥ ਹੈ। ਇਹ ਕਿਸੇ ਤੋਂ ਲੁਕਿਆ ਨਹੀਂ ਹੈ ਕਿ ਪਾਕਿਸਤਾਨ ਦੀ ਤਾਲਿਬਾਨੀ ਅੱਤਵਾਦੀਆਂ ਨੂੰ ਟਰੇਨਿੰਗ ਦੇ ਰਿਹਾ ਸੀ। ਉਹਨਾਂ ਦੇ ਬੇਸ ਕੈਂਪ ਵੀ ਪਾਕਿਸਤਾਨ ਵਿਚ ਹਨ। ਮੈਂ ਦੁਨੀਆ ਦੇ ਸੁਪਰਪਾਵਰ ਦੇਸ਼ਾਂ ਨੂੰ ਅਪੀਲ ਕਰਦੀ ਹਾਂ ਕਿ ਪਾਕਿਸਤਾਨ ਨੂੰ ਫੰਡ ਨਾ ਦੇਣ, ਉਸ ਦੇ ਫੰਡ ਪੂਰੀ ਤਰ੍ਹਾਂ ਰੋਕ ਦੇਣ। ਕਿਉਂਕਿ ਪਾਕਿਸਤਾਨ ਉਸ ਫੰਡ ਨਾਲ ਤਾਲਿਬਾਨ ਅਤੇ ਅੱਤਵਾਦ ਨੂੰ ਵਧਾਵਾ ਦੇ ਰਿਹਾ ਹੈ। ਉਹਨਾਂ ਨੇ ਕਿਹਾ ਕਿ ਪਿਛਲੇ ਕਈ ਸਾਲ ਤੋਂ ਇਸ ਦੇ ਵੀਡੀਓ ਵੀ ਸਾਹਮਣੇ ਆਏ ਹਨ ਜਦੋਂ ਤਾਲਿਬਾਨੀਆਂ ਨੂੰ ਪਾਕਿਸਤਾਨ ਵਿਚ ਦੇਖਿਆ ਗਿਆ ਹੈ। ਮੈਂ ਇਸ ਗੱਲ ਤੋਂ ਨਿਰਾਸ਼ ਹਾਂ ਕਿ ਸਾਡੇ ਰਾਸ਼ਟਰਪਤੀ ਅਸ਼ਰਫ ਗਨੀ ਸਾਨੂੰ ਪਾਕਿਸਤਾਨ ਅਤੇ ਤਾਲਿਬਾਨ ਦੇ ਹੱਥਾਂ ਵਿਚ ਇਸ ਤਰ੍ਹਾਂ ਛੱਡ ਕੇ ਭੱਜ ਗਏ।
ਪੜ੍ਹੋ ਇਹ ਅਹਿਮ ਖਬਰ - ਤਾਲਿਬਾਨ ਨੇ ਬਗਲਾਨ ਦੇ 3 ਜ਼ਿਲ੍ਹਿਆਂ 'ਤੇ ਮੁੜ ਕੀਤਾ ਕਬਜ਼ਾ, ਅਮਰੀਕਾ ਨੂੰ ਦਿੱਤੀ ਧਮਕੀ
ਅਫਗਾਨਿਸਤਾਨ ਲਈ ਕੀਤੀ ਇਹ ਅਪੀਲ
ਪੌਪ ਸਟਾਰ ਆਰੀਯਾਨਾ ਨੇ ਕਿਹਾ ਕਿ ਅਮਰੀਕਾ ਨੇ ਅਲਕਾਇਦਾ ਅਤੇ ਤਾਲਿਬਾਨ ਜਿਹੇ ਅੱਤਵਾਦੀ ਸੰਗਠਨ ਨੂੰ ਖ਼ਤਮ ਕਰਨ ਲਈ ਅਫਗਾਨਿਸਤਾਨ ਵਿਚ ਕਦਮ ਰੱਖਿਆ ਸੀ। ਉਸ ਨੇ ਕਰੋੜਾਂ ਡਾਲਰ ਖਰਚ ਕੀਤੇ, ਕਈ ਸੈਨਿਕਾਂ ਨੇ ਜਾਨ ਗਵਾਈ ਅਤੇ ਹੁਣ ਅਚਾਨਕ ਤੋਂ ਉਹ ਪਿੱਛੇ ਹਟ ਗਿਆ ਅਤੇ ਅਫਗਾਨਿਸਤਾਨ ਨੂੰ ਇਸ ਹਾਲ ਵਿਚ ਛੱਡ ਦਿੱਤਾ। ਉਹਨਾਂ ਨੇ ਅਪੀਲ ਕੀਤੀ ਕਿ ਦੁਨੀਆ ਭਰ ਦੇ ਦੇਸ਼ ਅਫਗਾਨਿਸਤਾਨ ਨੂੰ ਇਸ ਹਾਲ ਵਿਚ ਨਾ ਛੱਡਣ। ਤਾਲਿਬਾਨ ਨੂੰ ਉੱਥੋਂ ਖਦੇੜਨ ਵਿਚ ਮਦਦ ਕਰਨ।
ਭਾਰਤ ਦਾ ਕੀਤਾ ਧੰਨਵਾਦ
ਅਫਗਾਨ ਪੌਪ ਸਟਾਰ ਨੇ ਕਿਹਾ ਕਿ ਭਾਰਤ, ਅਫਗਾਨਿਸਤਾਨ ਦਾ ਚੰਗਾ ਗੁਆਂਢੀ ਰਿਹਾ ਹੈ। ਉਸ ਨੇ ਹਮੇਸ਼ਾ ਤੋਂ ਚੰਗੇ ਦੋਸਤ ਵਾਂਗ ਸਾਡੀ ਮਦਦ ਕੀਤੀ।ਜਦੋਂ ਤਾਲਿਬਾਨ ਨੇ ਅਫਗਾਨਿਸਤਾਨ 'ਤੇ ਕਬਜ਼ਾ ਕੀਤਾ ਉਦੋਂ ਭਾਰਤ ਨੇ ਨਾ ਸਿਰਫ ਆਪਣੇ ਨਾਗਰਿਕਾਂ ਸਗੋਂ ਅਫਗਾਨੀਆਂ ਨੂੰ ਵੀ ਬਾਹਰ ਕੱਢਣ ਵਿਚ ਮਦਦ ਕੀਤੀ। ਮੈਂ ਪੂਰੇ ਅਫਗਾਨਿਸਤਾਨ ਵੱਲੋਂ ਭਾਰਤ ਦਾ ਧੰਨਵਾਦ ਕਰਦੀ ਹਾਂ। ਕਿਉਂਕਿ ਉਸ ਨੇ ਜੋ ਵੀ ਕੀਤਾ ਉਹ ਕੋਈ ਹੋਰ ਨਹੀਂ ਕਰ ਸਕਦਾ।
ਨੋਟ- ਅਫਗਾਨ ਪੌਪ ਸਟਾਰ ਆਰੀਯਾਨਾ ਸਈਦ ਦੇ ਬਿਆਨ 'ਤੇ ਕੁਮੈਂਟ ਕਰ ਦਿਓ ਰਾਏ।