ਚੀਨ ’ਚ ਅਫ਼ਗਾਨਿਸਤਾਨ ਦੇ ਰਾਜਦੂਤ ਨੇ ਦਿੱਤਾ ਅਸਤੀਫਾ, 6 ਮਹੀਨੇ ਤੋਂ ਤਾਲਿਬਾਨ ਨੇ ਨਹੀਂ ਦਿੱਤੀ ਤਨਖ਼ਾਹ
Wednesday, Jan 12, 2022 - 12:01 PM (IST)
ਪੇਈਚਿੰਗ- ਤਾਲਿਬਾਨ ਦੇ ਰਾਜ ’ਚ ਅਫ਼ਗਾਨਿਸਤਾਨ ਆਰਥਿਕ ਬਦਹਾਲੀ ਦੀ ਸਥਿਤੀ ’ਚ ਪਹੁੰਚ ਗਿਆ ਹੈ। ਆਮ ਕਰਮਚਾਰੀਆਂ ਤੋਂ ਲੈ ਕੇ ਵੱਡੇ-ਵੱਡੇ ਅਹੁਦਿਆਂ ’ਤੇ ਬੈਠੇ ਅਧਿਕਾਰੀਆਂਂਨੂੰ ਵੀ ਤਨਖ਼ਾਹ ਨਹੀਂ ਮਿਲ ਰਹੀ ਹੈ। ਚੀਨ ’ਚ ਅਫ਼ਗਾਨਿਸਤਾਨ ਦੇ ਰਾਜਦੂਤ ਜਾਵਿਦ ਅਹਿਮਦ ਕੈਮ ਨੇ 6 ਮਹੀਨੇ ਤੋਂ ਤਨਖ਼ਾਹ ਨਾ ਮਿਲਣ ਤੋਂ ਬਾਅਦ ਅਸਤੀਫ਼ਾ ਦੇ ਦਿੱਤਾ ਹੈ। ਅਹਿਮਦ ਨੇ ਦੱਸਿਆ ਹੈ ਕਿ ਉਨ੍ਹਾਂ ਦੇ ਸਟਾਫ਼ ’ਚੋਂ ਕਿਸੇ ਨੂੰ ਵੀ ਤਨਖ਼ਾਹ ਨਹੀਂ ਮਿਲੀ ਹੈ। ਹਾਲਾਂਕਿ, ਅਜੇ ਉਨ੍ਹਾਂ ਨੇ ਇਹ ਸਪੱਸ਼ਟ ਨਹੀਂ ਕੀਤਾ ਹੈ ਕਿ ਨੌਕਰੀ ਛੱਡਣ ਤੋਂ ਬਾਅਦ ਹੁਣ ਉਹ ਕੀ ਕਰਨਗੇ।
ਜਾਵਿਦ ਅਹਿਮਦ ਨੇ ਤਾਲਿਬਾਨ ਸਰਕਾਰ ਵੱਲੋਂ ਨਿਯੁਕਤ ਨਵੇਂ ਰਾਜਦੂਤ ਲਈ ਅਸਤੀਫ਼ੇ ਵਾਲਾ ਨੋਟ ਵੀ ਛੱਡਿਆ ਹੈ, ਜਿਸ ’ਚ ਉਨ੍ਹਾਂ ਨੇ ਤਨਖ਼ਾਹ ਨਾ ਦਿੱਤੇ ਜਾਣ ਦਾ ਜ਼ਿਕਰ ਕਰਦੇ ਹੋਏ ਦੱਸਿਆ ਹੈ ਕਿ ਦੂਤਘਰ ’ਚ ਸਿਰਫ਼ ਫੋਨ ਦਾ ਜਵਾਬ ਦੇਣ ਲਈ ਇਕ ਰਿਸੈਪਸ਼ਨਿਸਟ ਹੈ। ਜਾਵਿਦ ਨੇ ਟਵੀਟ ਕਰਕੇ ਦੱਸਿਆ ਕਿ ਅਫ਼ਗਾਨਿਸਤਾਨ ’ਤੇ ਤਾਲਿਬਾਨ ਦੇ ਕਬਜ਼ੇ ਦੇ ਬਾਅਦ ਤੋਂ ਹੀ ਕਰਮਚਾਰੀਆਂ ਨੂੰ ਤਨਖ਼ਾਹ ਅਤੇ ਹੋਰ ਦੂਜੇ ਭੁਗਤਾਨ ਲਈ ਸੰਘਰਸ਼ ਕਰਨਾ ਪੈ ਰਿਹਾ ਹੈ। ਰਾਜਦੂਤ ਨੇ ਲਿਖਿਆ, ‘ਕਿਉਂਕਿ ਸਾਨੂੰ ਪਿਛਲੇ 6 ਮਹੀਨਿਆਂ ਤੋਂ ਕਾਬੁਲ ਸਰਕਾਰ ਤੋਂ ਤਨਖ਼ਾਹ ਨਹੀਂ ਮਿਲੀ ਹੈ, ਇਸ ਲਈ ਅਸੀਂ ਵਿੱਤੀ ਮੁੱਦਿਆਂਂਦੇ ਹੱਲ ਲਈ ਡਿਪਲੋਮੈਟਾਂ ਦੀ ਇਕ ਕਮੇਟੀ ਨਿਯੁਕਤ ਕੀਤੀ ਹੈੈ। ਕਰਮਚਾਰੀਆਂ ਨੂੰ ਭੁਗਤਾਨ ਕਰਨ ਲਈ ਸਾਨੂੰ ਦੂਤਘਰ ਦੇ ਬੈਂਕ ਖਾਤੇ ਵਿਚੋਂ ਪੈਸੇ ਕਢਵਾਉਣੇ ਪਏ ਹਨ।’ ਅਸਤੀਫਾ ਦੇਣ ਦੇ ਨਾਲ ਹੀ ਜਾਵਿਦ ਅਹਿਮਦ ਨੇ ਦੂਤਘਰ ਦੀਆਂਂ5 ਕਾਰਾਂ ਦੀਆਂ ਚਾਬੀਆਂ ਵੀ ਦਫ਼ਤਰ ਵਿਚ ਛੱਡ ਦਿੱਤੀਆਂ ਹਨ।
ਉਨ੍ਹਾਂ ਦੱਸਿਆ ਕਿ ਸਾਡੇ ਕੋਲ ਬੈਂਕ ਵਿਚ ਕੁਝ ਪੈਸੇ ਹਨ, ਜਿਸ ਨਾਲ ਨਵੇਂ ਡਿਪਲੋਮੈਟ ਦੀ ਰਿਹਾਇਸ਼ ਅਤੇ ਹੋਰ ਖਰਚਿਆਂ ਦਾ ਪ੍ਰਬੰਧ ਕੀਤਾ ਜਾ ਸਕੇਗਾ। ਇਸ ਦੇ ਨਾਲ ਹੀ ਉਨ੍ਹਾਂ ਨੇ ਲਿਖਿਆ ਕਿ ਮੈਂ ਕਰਮਚਾਰੀਆਂ ਨੂੰ ਤਨਖ਼ਾਹ ਨਹੀਂ ਦਿੱਤੀ ਹੈ, ਪਰ ਕੁਝ ਪੈਸੇ ਦਿੱਤੇ ਹਨ ਤਾਂ ਜੋ ਉਹ ਬੀਜਿੰਗ ਵਿਚ ਆਪਣੇ ਰਹਿਣ ਦੇ ਖਰਚੇ ਨੂੰ ਪੂਰਾ ਕਰ ਸਕਣ। ਤਾਲਿਬਾਨ ਸਰਕਾਰ ਵੱਲੋਂ ਨਿਯੁਕਤ ਰਾਜਦੂਤ ਮੋਹੀਉਦੀਨ ਸਦਾਤ ਨੂੰ ਲਿਖੇ ਇਕ ਪੱਤਰ ਵਿਚ ਜਾਵਿਦ ਨੇ ਇਹ ਵੀ ਕਿਹਾ ਕਿ ਬੈਂਕ ਵਿਚ ਅਜੇ ਵੀ ਲਗਭਗ 1 ਲੱਖ ਡਾਲਰ ਬਚੇ ਹੋਏ ਹਨ। ਇਸ ਤੋਂ ਇਲਾਵਾ ਹੋਰ ਵੀ ਕਈ ਪੈਸੇ ਦੂਜੇ ਖਾਤਿਆਂਂ’ਚ ਹਨ। ਦੂਤਘਰ ਵਿਚ 5 ਕਾਰਾਂ ਨੂੰ ਉਨ੍ਹਾਂ ਨੇ ਇਮਾਰਤ ਦੀ ਪਾਰਕਿੰਗ ਵਿਚ ਲਗਾ ਦਿੱਤਾ ਹੈ।
ਇਹ ਵੀ ਪੜ੍ਹੋ: ਸਾਵਧਾਨ; ਆਸਟ੍ਰੇਲੀਆ ਦੇ ਨਿਊ ਸਾਊਥ ਵੇਲਜ਼ ’ਚ ਕੋਰੋਨਾ ਕਾਰਨ 1 ਦਿਨ ’ਚ ਰਿਕਾਰਡ ਮੌਤਾਂ
ਪੱਤਰ ਵਿਚ ਜਾਵਿਦ ਨੇ ਇਹ ਵੀ ਦੱਸਿਆ ਹੈ ਕਿ ਤਨਖ਼ਾਹ ਦੀ ਕਮੀ ਕਾਰਨ ਸਾਰੇ ਚੀਨੀ ਕਰਮਚਾਰੀਆਂ ਨੂੰ ਕੰਮ ਤੋਂ ਹਟਾ ਦਿੱਤਾ ਗਿਆ ਹੈ। ਟਵਿੱਟਰ ’ਤੇ ਆਪਣਾ ਅਸਤੀਫਾ ਸਾਂਝਾ ਕਰਦੇ ਹੋਏ ਜਾਵਿਦ ਨੇ ਲਿਖਿਆ ਕਿ ਇਕ ਸਨਮਾਨਯੋਗ ਜ਼ਿੰਮੇਵਾਰੀ ਦਾ ਅੰਤ। ਮੈਂ ਰਾਜਦੂਤ ਵਜੋਂ ਆਪਣੀ ਨੌਕਰੀ ਛੱਡ ਦਿੱਤੀ ਹੈ। ਜਾਵਿਦ ਅਹਿਮਦ ਨਵੰਬਰ 2019 ਤੋਂ ਅਫ਼ਗਾਨਿਸਤਾਨ ਦੇ ਰਾਜਦੂਤ ਵਜੋਂ ਸੇਵਾ ਨਿਭਾ ਰਹੇ ਸਨ। ਆਪਣਾ ਦੁੱਖ ਜ਼ਾਹਰ ਕਰਦੇ ਹੋਏ ਉਨ੍ਹਾਂ ਲਿਖਿਆ, ਮੈਨੂੰ ਲੱਗਦਾ ਹੈ ਕਿ ਜਦੋਂ ਮੋਹੀਉਦੀਨ ਸਾਦਤ ਬੀਜਿੰਗ ਆਉਣਗੇ ਤਾਂ ਉਨ੍ਹਾਂ ਨੂੰ ਕੋਈ ਡਿਪਲੋਮੈਟ ਨਹੀਂ ਮਿਲੇਗਾ। ਚੀਨ ਨੂੰ ਮੌਜੂਦਾ ਸਥਿਤੀ ਬਾਰੇ ਜਾਣਕਾਰੀ ਦੇ ਦਿੱਤੀ ਗਈ ਸੀ।
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।