ਚੀਨ ''ਚ 5 ਸਾਲ ਤੱਕ ਬੰਦੀ ਰੱਖਿਆ ਗਿਆ ਇਕ ਕਾਰਕੁਨ ਤਾਈਵਾਨ ਪਰਤਿਆ
Friday, Apr 15, 2022 - 02:28 PM (IST)
ਤਾਈਪੇ (ਏਜੰਸੀ)- ਚੀਨ ਵਿਚ 5 ਸਾਲ ਤੱਕ ਬੰਦੀ ਰਿਹਾ ਤਾਈਵਾਨ ਦਾ ਇਕ ਲੋਕਤੰਤਰ ਸਮਰਥਕ ਕਾਰਕੁਨ ਸ਼ੁੱਕਰਵਾਰ ਨੂੰ ਤਾਈਵਾਨ ਪਰਤ ਆਇਆ। ਤਾਈਵਾਨ ਦੀ ਸੈਂਟਰਲ ਨਿਊਜ਼ ਏਜੰਸੀ ਨੇ ਇਹ ਜਾਣਕਾਰੀ ਦਿੱਤੀ। ਲੀ ਮਿੰਗ-ਚੇ ਨੂੰ 2017 ਵਿਚ ਚੀਨੀ ਅਧਿਕਾਰੀਆਂ ਨੇ ਗ੍ਰਿਫ਼ਤਾਰ ਕੀਤਾ ਸੀ ਅਤੇ ਉਸ 'ਤੇ ਰਾਜ ਸੱਤਾ ਦੇ ਵਿਰੁੱਧ ਵਿਨਾਸ਼ਕਾਰੀ ਕਾਰਵਾਈ ਕਰਨ ਦਾ ਦੋਸ਼ ਲਗਾਇਆ ਗਿਆ ਸੀ। ਚੀਨ ਵੱਲੋਂ 2016 ਵਿਚ ਵਿਦੇਸ਼ੀ ਗੈਰ-ਸਰਕਾਰੀ ਸੰਗਠਨਾਂ 'ਤੇ ਕੰਟਰੋਲ ਨੂੰ ਸਖ਼ਤ ਕਰਨ ਵਾਲਾ ਕਾਨੂੰਨ ਪਾਸ ਕਰਨ ਦੇ ਬਾਅਦ ਉਸ ਦੀ ਗ੍ਰਿਫ਼ਤਾਰੀ ਹੋਈ ਸੀ। ਲੀ ਨੇ ਤਾਈਵਾਨ ਦੇ ਲੋਕਤੰਤਰੀਕਰਨ 'ਤੇ ਆਨਲਾਈਨ ਲੈਕਚਰ ਦਿੱਤਾ ਸੀ ਅਤੇ ਚੀਨ ਵਿਚ ਸਿਆਸੀ ਕੈਦੀਆਂ ਦੇ ਪਰਿਵਾਰਾਂ ਲਈ ਇਕ ਫੰਡ ਦਾ ਪ੍ਰਬੰਧ ਕੀਤਾ ਸੀ। ਉਹ ਪਿਛਲੇ 5 ਸਾਲਾਂ ਤੋਂ ਮੱਧ ਹੁਨਾਨ ਸੂਬੇ ਦੀ ਇਕ ਜੇਲ੍ਹ ਵਿਚ ਸਜ਼ਾ ਕੱਟ ਰਿਹਾ ਸੀ।
ਲੀ ਸ਼ੁੱਕਰਵਾਰ ਸਵੇਰੇ ਦੱਖਣੀ ਚੀਨੀ ਜਿਆਮੇਨ ਤੋਂ ਜਹਾਜ਼ ਰਾਹੀਂ ਤਾਈਵਾਨ ਪਰਤਿਆ। ਉਸ ਦੀ ਗ੍ਰਿਫ਼ਤਾਰੀ ਉਦੋਂ ਹੋਈ ਜਦੋਂ ਚੀਨ ਅਤੇ ਤਾਈਵਾਨ ਵਿਚਾਲੇ ਸਬੰਧਾਂ ਵਿਚ ਖਟਾਸ ਆ ਗਈ ਅਤੇ ਟਾਪੂ ਨੇ ਤਸਾਈ ਇੰਗ-ਵੇਨ ਨੂੰ ਰਾਸ਼ਟਰਪਤੀ ਚੁਣਿਆ। ਤਸਾਈ ਦੀ ਡੈਮੋਕ੍ਰੇਟਿਕ ਪ੍ਰੋਗਰੈਸਿਵ ਪਾਰਟੀ ਨੇ ਤਾਈਵਾਨ ਦੀ ਰਸਮੀ ਆਜ਼ਾਦੀ ਦੀ ਵਕਾਲਤ ਕੀਤੀ ਹੈ। ਤਸਾਈ ਦੇ ਸੱਤਾ ਵਿਚ ਆਉਣ ਤੋਂ ਬਾਅਦ ਚੀਨ ਨੇ ਤਾਈਵਾਨ ਦੀ ਸਰਕਾਰ ਨਾਲ ਸੰਪਰਕ ਖ਼ਤਮ ਕਰ ਲਿਆ ਅਤੇ ਹੁਣ ਉਹ ਰੋਜ਼ਾਨਾ ਤਾਈਵਾਨ ਦੇ ਆਸਮਾਮ ਵਿਚ ਆਪਣੇ ਜਹਾਜ਼ ਨੂੰ ਭੇਜਦਾ ਹੈ। ਚੀਨ ਦਾ ਦਾਅਵਾ ਹੈ ਕਿ ਤਾਈਵਾਨ ਉਸ ਦਾ ਹਿੱਸਾ ਹੈ। ਚੀਨ ਇਹ ਵੀ ਦਾਅਵਾ ਕਰਦਾ ਹੈ ਕਿ ਤਾਈਵਾਨ ਦੇ ਨਾਗਰਿਕ ਵੀ ਚੀਨੀ ਹਨ ਅਤੇ ਉਨ੍ਹਾਂ ਨੂੰ ਇਕ ਵਿਸ਼ੇਸ਼ ਪਛਾਣ ਪੱਤਰ ਜਾਰੀ ਕਰਦਾ ਹੈ।