ਹਾਈਵੇਅ ਇੰਗਲੈਂਡ ''ਤੇ ਲੱਗ ਸਕਦੇ ਹਨ ਸਮਾਰਟ ਮੋਟਰਵੇਅ ''ਤੇ ਹੋਈ ਮੌਤ ਦੇ ਦੋਸ਼

Friday, Feb 12, 2021 - 03:19 PM (IST)

ਹਾਈਵੇਅ ਇੰਗਲੈਂਡ ''ਤੇ ਲੱਗ ਸਕਦੇ ਹਨ ਸਮਾਰਟ ਮੋਟਰਵੇਅ ''ਤੇ ਹੋਈ ਮੌਤ ਦੇ ਦੋਸ਼

ਗਲਾਸਗੋ/ਲੰਡਨ, (ਮਨਦੀਪ ਖੁਰਮੀ ਹਿੰਮਤਪੁਰਾ)- ਹਾਈਵੇਅ ਇੰਗਲੈਂਡ ਨੂੰ ਇਸ ਦੇ 'ਸਮਾਰਟ ਮੋਟਰਵੇਅ' 'ਤੇ ਹੋਈ ਇਕ ਬਜ਼ੁਰਗ ਬੀਬੀ ਦੀ ਮੌਤ ਕਾਰਨ ਕਤਲ ਦੇ ਦੋਸ਼ਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਮਾਮਲੇ ਵਿਚ ਡੋਂਕੈਸਟਰ ਦੀ ਕੋਰੋਨਰ ਨਿਕੋਲਾ ਮੁੰਡੀ ਨੇ ਮੋਟਰਵੇਅ ਉੱਪਰ ਹੋਈ ਮਹਿਲਾ ਨਰਗਿਸ ਬੇਗਮ ਦੀ ਮੌਤ ਦਾ ਇਲਜ਼ਾਮ ਹਾਈਵੇਅ ਇੰਗਲੈਂਡ 'ਤੇ ਲਗਾਉਂਦੇ ਕੇਸ ਉੱਪਰ ਵਿਚਾਰ ਕਰਨ ਲਈ ਇਸ ਦਾ ਹਵਾਲਾ ਕ੍ਰਾਊਨ ਮੁਕੱਦਮਾ ਏਜੰਸੀ ਨੂੰ ਦਿੱਤਾ ਹੈ।

ਨਰਗਿਸ ਬੇਗਮ (62) ਦੀ ਸਤੰਬਰ 2018 ਵਿਚ ਦੱਖਣੀ ਯੌਰਕਸ਼ਾਇਰ ਐੱਮ. 1 ਉੱਪਰ ਵੁੱਡਾਲ ਸਰਵਿਸਿਜ਼ ਦੇ ਨੇੜੇ ਇਕ ਕਾਰ ਹਾਦਸੇ ਵਿਚ ਮੌਤ ਹੋ ਗਈ ਸੀ। ਉਸ ਵੇਲੇ ਨਰਗਿਸ ਨਿਸਾਨ ਕਾਰ 'ਚ ਆਪਣੇ ਪਤੀ ਨਾਲ ਜਾ ਰਹੀ ਸੀ ਅਤੇ ਉਨ੍ਹਾਂ ਦੀ ਕਾਰ ਦੇ ਖ਼ਰਾਬ ਹੋਣ ਉਪਰੰਤ ਹੋਰ ਵਾਹਨ ਨਾਲ ਟਕਰਾਉਣ ਕਰਕੇ ਉਸ ਦੀ ਮੌਤ ਹੋ ਗਈ ਸੀ। ਸ਼ੀਫੀਲਡ ਦੀ ਰਹਿਣ ਵਾਲੀ ਬੇਗਮ ਪੰਜ ਬੱਚਿਆਂ ਦੀ ਮਾਂ ਅਤੇ ਪਿਛਲੇ ਪੰਜ ਸਾਲਾਂ ਵਿਚ ਸਮਾਰਟ ਮੋਟਰਵੇਜ਼ 'ਤੇ ਮਾਰੇ ਗਏ 38 ਵਿਅਕਤੀਆਂ ਵਿੱਚੋਂ ਇੱਕ ਹੈ। 

ਇਸ ਸੰਬੰਧੀ ਵੀਰਵਾਰ ਨੂੰ ਡੋਂਕੈਸਟਰ ਕੋਰਨਰ ਦੀ ਅਦਾਲਤੀ ਸੁਣਵਾਈ ਦੌਰਾਨ ਸਾਹਮਣੇ ਆਇਆ ਕਿ ਹਾਦਸੇ ਤੋਂ 16 ਮਿੰਟ ਪਹਿਲਾਂ ਕਾਰ ਖ਼ਰਾਬ ਹੋਣ ਤੋਂ ਬਾਅਦ ਚਿਤਾਵਨੀ ਲਾਈਟਾਂ ਨੂੰ ਚਾਲੂ ਹੋਣ ਵਿਚ ਛੇ ਮਿੰਟ ਹੋਰ ਲੱਗੇ ਸਨ। ਹਾਈਵੇਅ ਇੰਗਲੈਂਡ ਇਕ ਸਰਕਾਰੀ ਮਲਕੀਅਤ ਕੰਪਨੀ ਹੈ ਜੋ ਇੰਗਲੈਂਡ ਦੇ ਮੋਟਰਵੇਅ ਅਤੇ ਮੁੱਖ ਸੜਕਾਂ ਦੇ ਪ੍ਰਬੰਧਨ ਲਈ ਜ਼ਿੰਮੇਵਾਰ ਹੈ ਅਤੇ ਇਸ ਫਰਮ ਦੀ ਨੁਮਾਇੰਦਗੀ ਕਰਨ ਵਾਲੇ ਨਿਕੋਲਸ ਚੈਪਮੈਨ ਅਨੁਸਾਰ ਮੋਟਰਵੇਜ਼ ਦੀ ਨਿਰੰਤਰ ਨਿਗਰਾਨੀ ਲਈ ਕੋਈ ਨੀਤੀ ਨਹੀਂ ਹੈ। ਇਸ ਮਾਮਲੇ ਸੰਬੰਧੀ ਜਾਂਚ ਸੀ. ਪੀ. ਐੱਸ. ਦੁਆਰਾ ਕੀਤੀ ਜਾਵੇਗੀ ਅਤੇ ਕੰਪਨੀ ਦੇ ਬੁਲਾਰੇ ਅਨੁਸਾਰ ਹਾਈਵੇਅ ਇੰਗਲੈਂਡ ਨੇ ਕੋਈ ਜੁਰਮ ਨਹੀਂ ਕੀਤਾ ਹੈ ਅਤੇ ਇਸ ਸੰਬੰਧੀ ਕਿਸੇ ਵੀ ਜਾਂਚ ਵਿਚ ਪੂਰਾ ਸਹਿਯੋਗ ਕੀਤਾ ਜਾਵੇਗਾ।
 


author

Lalita Mam

Content Editor

Related News