ਆਬੂਧਾਬੀ ਨੇ ਸਾਈਨੋਫਾਰਮ ਟੀਕਾ ਲੈਣ ਵਾਲਿਆਂ ਲਈ ਬੂਸਟਰ ਖੁਰਾਕ ਕੀਤੀ ਲਾਜ਼ਮੀ
Monday, Aug 30, 2021 - 01:26 AM (IST)

ਦੁਬਈ-ਸੰਯੁਕਤ ਅਰਬ ਅਮੀਰਾਤ (ਯੂ.ਏ.ਈ.) ਦੀ ਰਾਜਧਾਨੀ ਆਬੂਧਾਬੀ ਨੇ ਚੀਨ ਵੱਲੋਂ ਵਿਕਸਿਤ ਕੋਵਿਡ-19 ਰੋਕੂ ਟੀਕਾ ਸਾਈਨੋਫਾਰਮ ਦੀ ਖੁਰਾਕ ਲੈਣ ਵਾਲਿਆਂ ਲਈ ਐਤਵਾਰ ਨੂੰ ਬੂਸਟਰ ਖੁਰਾਕ ਨੂੰ ਲਾਜ਼ਮੀ ਕਰ ਦਿੱਤਾ ਹੈ। ਇਹ ਨਿਯਮ ਉਨ੍ਹਾਂ ਲੋਕਾਂ 'ਤੇ ਲਾਗੂ ਹੋਵੇਗਾ ਜਿਨ੍ਹਾਂ ਨੇ 6 ਮਹੀਨੇ ਪਹਿਲਾਂ ਸਾਈਨੋਫਾਰਮ ਦੀ ਖੁਰਾਕ ਲਈ ਸੀ। ਅਜਿਹੇ ਲੋਕਾਂ ਲਈ 20 ਸਤੰਬਰ ਤੋਂ ਬੂਸਟਰ ਖੁਰਾਕ ਦੇਣ ਦੀ ਸ਼ੁਰੂਆਤ ਹੋਵੇਗੀ। ਹਾਲਾਂਕਿ, ਕੋਵਿਡ-19 ਦੇ ਹੋਰ ਟੀਕੇ ਲੈਣ ਵਾਲਿਆਂ ਨੂੰ ਬੂਸਟਰ ਦੀ ਲੋੜ ਨਹੀਂ ਹੋਵੇਗੀ।
ਇਹ ਵੀ ਪੜ੍ਹੋ : ਅਫਗਾਨਿਸਤਾਨ 'ਚ ਆਤਮਘਾਤੀ ਹਮਲੇ 'ਚ ਮਾਰੇ ਗਏ ਅਮਰੀਕੀ ਫੌਜੀਆਂ ਨੂੰ ਬਾਈਡੇਨ ਨੇ ਦਿੱਤੀ ਸ਼ਰਧਾਂਜਲੀ
ਜ਼ਿਕਰਯੋਗ ਹੈ ਕਿ ਯੂ.ਏ.ਈ. ਦੁਨੀਆ ਦਾ ਪਹਿਲਾਂ ਅਜਿਹਾ ਦੇਸ਼ ਹੈ ਜਿਸ ਨੇ ਇਸ ਸਾਲ ਦੀ ਸ਼ੁਰੂਆਤ 'ਚ ਆਧਿਕਾਰਤ ਤੌਰ 'ਤੇ ਬੂਸਟਰ ਖੁਰਾਕ ਲੈਣ ਦੀ ਇਜਾਜ਼ਤ ਦਿੱਤੀ ਸੀ। ਉਸ ਨੇ ਇਹ ਫੈਸਲਾ ਸਾਈਨੋਫਾਰਮ ਟੀਕਾ ਲੈਣ ਵਾਲਿਆਂ 'ਚ ਭਰਪੂਰ ਮਾਤਰਾ 'ਚ ਐਂਟੀਬਾਡੀ ਨਾ ਬਣਨ ਦੀ ਰਿਪੋਰਟ ਤੋਂ ਬਾਅਦ ਕੀਤਾ ਸੀ। ਇਸ ਸਾਲ ਗਰਮੀਆਂ 'ਚ ਖੇਤਰ 'ਚ ਸਭ ਤੋਂ ਸਖ਼ਤ ਪਾਬੰਦੀ ਲਾਉਣ ਵਾਲੇ ਅਬੂਧਾਬੀ ਨੇ ਐਤਵਾਰ ਨੂੰ ਆਪਣਾ ਰੁਖ ਹੋਰ ਸਖਤ ਕਰ ਲਿਆ। ਸ਼ਹਿਰ ਦੇ ਅਧਿਕਾਰੀਆਂ ਨੇ ਕਿਹਾ ਕਿ ਜਿਨ੍ਹਾਂ ਲੋਕਾਂ ਨੇ ਸਾਈਨੋਫਾਰਮ ਟੀਕੇ ਦੀਆਂ ਦੋਵੇਂ ਖੁਰਾਕਾਂ ਲਈਆਂ ਹਨ ਹੁਣ ਉਹ ਤੀਸਰੀ ਬੂਸਟਰ ਖੁਰਾਕ ਦੇ ਬਿਨਾਂ ਮਾਲ, ਸਕੂਲ ਜਾਂ ਜਿੰਮ ਨਹੀਂ ਜਾ ਸਕਣਗੇ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।