ਪ੍ਰਵਾਸੀਆਂ ਦੀਆਂ ਮੁਸ਼ਕਿਲਾਂ ਨੂੰ ਲੈ ਕੇ ਇਟਲੀ ਦੇ ਸ਼ਹਿਰ ਲਾਤੀਨਾ ’ਚ ਹੋਇਆ ਚੱਕਾ ਜਾਮ

10/24/2021 10:42:23 PM

ਮਿਲਾਨ/ਇਟਲੀ (ਸਾਬੀ ਚੀਨੀਆ)-ਇਟਲੀ ’ਚ ਰਹਿੰਦੇ ਭਾਰਤੀ ਲੋਕਾਂ ਨੂੰ ਆ ਰਹੀਆਂ ਮੁਸ਼ਕਿਲਾਂ ਹੱਲ ਕਰਵਾਉਣ ਲਈ ਲਾਤੀਨਾ ਦੇ (ਪ੍ਰੈਫੇਤੂਰਾ) ਸਾਹਮਣੇ ਸ਼ਾਂਤਮਈ ਢੰਗ ਨਾਲ ਪ੍ਰਦਰਸ਼ਨ ਕੀਤਾ ਗਿਆ। ਭਾਰਤੀ ਭਾਈਚਾਰੇ ਤੋਂ ਇਲਾਵਾ ਬੰਗਲਾਦੇਸ਼ੀ, ਪਾਕਿਸਤਾਨੀ, ਅਫਰੀਕਨ ਮੂਲ ਸਮੇਤ ਪ੍ਰਵਾਸੀਆਂ ਵੱਲੋਂ ਸ਼ਮੂਲੀਅਤ ਕੀਤੀ ਗਈ। ਇਸ ਦੇ ਸੰਬੰਧ ਵਿਚ ਸੰਬੋਧਨ ਕਰਦਿਆਂ ਇੰਡੀਅਨ ਕਮਿਊਨਿਟੀ ਲਾਸੀਓ ਦੇ ਪ੍ਰਧਾਨ ਗੁਰਮੁੱਖ ਸਿੰਘ ਹਜ਼ਾਰਾ ਸਮੇਤ ਵੱਖ-ਵੱਖ ਭਾਈਚਾਰੇ ਦੇ ਆਗੂਆਂ ਨੇ ਕਿਹਾ ਕਿ ਲਾਤੀਨਾ ਜ਼ਿਲ੍ਹੇ ’ਚ ਪ੍ਰਵਾਸੀਆਂ ਨੂੰ ਦਸਤਾਵੇਜ਼ ਨਾਲ ਸਬੰਧਿਤ ਬਹੁਤ ਹੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜਿਵੇਂ ਜੇਕਰ ਪਰਮੇਸੋ ਦੀ ਸਜੋਰਨੋ (ਨਿਵਾਸ ਆਗਿਆ), ਕਾਰਤਾ ਦੀ ਇੰਡੈਨਟੀਤਾ (ਰਿਹਾਇਸ਼ ਦਾ ਸ਼ਨਾਖ਼ਤੀ ਕਾਰਡ) ਸਮੇਤ ਦਸਤਾਵੇਜ਼ ਬਣਾਉਣ ਲਈ ਸਬੰਧਿਤ ਵਿਭਾਗ ਵੱਲੋਂ ਬਹੁਤ ਹੀ ਜ਼ਿਆਦਾ ਸ਼ਰਤਾਂ ਪੂਰੀਆਂ ਕਰਨੀਆ ਪੈਂਦੀਆਂ ਹਨ। ਇਸ ਰੋਸ ਪ੍ਰਦਰਸ਼ਨ ਬਾਰੇ ਜ਼ਿਆਦਾ ਜਾਣਕਾਰੀ ਦਿੰਦਿਆਂ ਗੁਰਮੁੱਖ ਸਿੰਘ ਹਜ਼ਾਰਾ ਨੇ ਦੱਸਿਆ ਕਿ ਸੰਸਥਾ ਇੰਡੀਅਨ ਕਮਿਊਨਿਟੀ ਇੰਨ ਵਾਸੀਓ ਵਲੋਂ ਜਦੋਂ ਵੀ ਪ੍ਰਵਾਸੀਆਂ ਨਾਲ ਸ਼ੋਸ਼ਣ ਹੁੰਦਾ ਹੈ, ਉਸ ਸਮੇਂ ਸੰਸਥਾ ਵਲੋਂ ਸਬੰਧਿਤ ਵਿਭਾਗਾਂ ਦੇ ਅਧਿਕਾਰੀਆਂ ਨਾਲ ਮਿਲ ਕੇ ਉਨ੍ਹਾਂ ਮਸਲਿਆਂ ਨੂੰ ਹੱਲ ਕਰਵਾਇਆ ਗਿਆ ਸੀ।

PunjabKesari

ਹੁਣ ਵੀ ਸੰਸਥਾ ਵੱਲੋਂ ਸਮੂਹ ਪ੍ਰਵਾਸੀ ਭਾਈਚਾਰਿਆਂ ਦੇ ਸਹਿਯੋਗ ਨਾਲ ਮਿਲ ਕੇ ਲਾਤੀਨਾ ਜ਼ਿਲ੍ਹੇ ਦੇ ਡੀ. ਸੀ. ਦਫਤਰ ਦੇ ਬਾਹਰ ਰੋਸ ਪ੍ਰਦਰਸ਼ਨ ਕਰ ਕੇ ਡੀ. ਸੀ. ਨੂੰ ਇਕ ਮੈਮੋਰੰਡਮ ਦਿੱਤਾ ਗਿਆ, ਜਿਸ ’ਚ ਪ੍ਰਵਾਸੀਆਂ ਨੂੰ ਆ ਰਹੀਆਂ ਮੁਸ਼ਕਿਲਾਂ ਬਾਰੇ ਲਿਖਿਆ ਗਿਆ ਸੀ। ਇਸ ਦੇ ਸੰਬੰਧ ’ਚ ਡੀ. ਸੀ. ਨੇ ਇਹ ਭਰੋਸਾ ਦਿਵਾਇਆ ਕਿ ਆਉਣ ਵਾਲੇ ਨਵੇਂ ਸਾਲ ਤੱਕ ਇਨ੍ਹਾਂ ਮੁਸ਼ਕਿਲਾਂ ਨੂੰ ਹੱਲ ਕੀਤਾ ਜਾਵੇਗਾ ਅਤੇ ਦਸਤਾਵੇਜ਼ ’ਚ ਹੋ ਰਹੀਆਂ ਦੇਰੀਆਂ ਨੂੰ ਪਹਿਲ ਦੇ ਆਧਾਰ ’ਤੇ ਹੱਲ ਕੀਤਾ ਜਾਵੇਗਾ ਅਤੇ ਦਸਤਾਵੇਜ਼ ਬਣਾਉਣ ਲਈ ਅਫਸਰਸ਼ਾਹੀ ਦੀ ਮਿਲੀਭੁਗਤ ਅਤੇ ਕਾਲਾਬਾਜ਼ਾਰੀ ਨੂੰ ਨੱਥ ਪਾਈ ਜਾਵੇਗੀ। ਸੰਸਥਾ ਦੇ ਪ੍ਰਧਾਨ ਨੇ ਕਿਹਾ ਕਿ ਲੱਗਭਗ 2 ਘੰਟੇ ਚੱਲੀ ਡੀ. ਸੀ. ਨਾਲ ਮੁਲਾਕਾਤ ਤੋਂ ਬਾਅਦ ਸਾਨੂੰ ਆਉਣ ਵਾਲੇ ਸਮੇਂ ’ਚ ਮੁਸ਼ਕਿਲਾਂ ਦਾ ਹੱਲ ਜ਼ਰੂਰ ਮਿਲੇਗਾ ਅਤੇ ਕਾਲਾਬਾਜ਼ਾਰੀ ਨੂੰ ਵੀ ਨੱਥ ਪਾਏਗੀ, ਦੂਜੇ ਪਾਸੇ ਉਨ੍ਹਾਂ ਕਿਹਾ ਕਿ ਕਸਤੂਰਾ ਦੀ ਚਿਸਤੇਰਨਾ ਦੀ ਲਾਤੀਨਾ ਵਿਖੇ ਨਿਵਾਸ ਆਗਿਆ ’ਚ ਦੇਰੀ ਨਾਲ ਬਹੁਤ ਸਾਰੇ ਲੋਕਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਪੈ ਰਿਹਾ ਹੈ । ਇਸ ਦੇ ਸੰਬੰਧ ’ਚ ਵੀ ਵਿਭਾਗ ਨਾਲ ਲੰਮੀ ਗੱਲਬਾਤ ਤੋਂ ਬਾਅਦ ਇਹ ਭਰੋਸਾ ਦਿਵਾਇਆ ਗਿਆ ਕਿ ਆਉਣ ਵਾਲੇ ਸਮੇਂ ’ਚ ਇਸ ਮੁਸ਼ਕਿਲ ਤੋਂ ਵੀ ਜਲਦੀ ਤੋਂ ਜਲਦੀ ਨਿਜਾਤ ਦਿਵਾਈ ਜਾਵੇਗੀ।

PunjabKesari

ਦੱਸਣਯੋਗ ਹੈ ਕਿ ਲਾਸੀਓ ਦੇ ਜ਼ਿਲ੍ਹਾ ਲਾਤੀਨਾ ਵਿਖੇ ਕੁਝ ਸ਼ਹਿਰਾਂ ਦੇ ਕਸਤੂਰਿਆ ਅਤੇ ਕਮੂਨਿਆ ’ਚ ਦਸਤਾਵੇਜ਼ ਨੂੰ ਬਣਾਉਣ ਲਈ ਮਹੀਨਿਆਂ ਲਈ ਜਾਂ ਸਾਲਾਂਬੱਧੀ ਉਡੀਕ ਕਰਨੀ ਪੈ ਰਹੀ ਹੈ, ਜਿਸ ਕਰਕੇ ਪ੍ਰਵਾਸੀਆਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਇਸ ਹੋ ਰਹੀ ਦੇਰੀ ਦੇ ਕਾਰਨ ਕਈ ਪ੍ਰਵਾਸੀਆਂ ਵੱਲੋਂ ਤਾਂ ਆਪਣੇ ਦਸਤਾਵੇਜ਼ਾਂ ਨੂੰ ਅੱਧ ਵਿਚਾਲੇ ਹੀ ਛੱਡ ਕੇ ਵਾਪਸ ਜਾਣ ਦਾ ਵੀ ਮਨ ਬਣਾ ਲਿਆ ਹੈ ਅਤੇ ਕਈ ਪ੍ਰਵਾਸੀਆਂ ਨੂੰ ਮਾਨਸਿਕਤਾ ਦਾ ਵੀ ਸਾਹਮਣਾ ਕਰਨਾ ਪੈ ਰਿਹਾ ਹੈ, ਦੂਜੇ ਪਾਸੇ ਪ੍ਰੈਫੇਤੂਰਾ ਦੇ ਡੀ. ਸੀ. ਨੂੰ ਉਨ੍ਹਾਂ ਪ੍ਰਵਾਸੀਆ ਵਾਰੇ ਵੀ ਮੰਗ ਪੱਤਰ ਦਿੱਤਾ ਗਿਆ ਅਤੇ ਬੇਨਤੀ ਕੀਤੀ ਗਈ ਕਿ ਜਿਹੜੇ ਪ੍ਰਵਾਸੀ ਕੋਰੋਨਾ ਮਹਾਮਾਰੀ ਦੇ ਭਿਆਨਕ ਦੌਰ ’ਚ ਆਪੋ-ਆਪਣੇ ਦੇਸ਼ਾਂ ’ਚ ਆਪਣੇ ਸਾਕ-ਸਬੰਧੀਆਂ ਨੂੰ ਮਿਲਣ ਗਏ ਸਨ। ਉਹ ਉਸ ਦੌਰ ’ਚ ਉਨ੍ਹਾਂ ਦੇਸ਼ਾਂ ’ਚ ਹੀ ਬੇਵੱਸ ਹੋ ਕੇ ਫਸ ਗਏ ਸਨ ਅਤੇ ਉਨ੍ਹਾਂ ਦੇ ਨਿਵਾਸ ਆਗਿਆ ਦੀ ਮਿਆਦ ਵੀ ਖ਼ਤਮ ਹੋ ਚੁੱਕੀ ਹੈ, ਜਿਸ ਕਾਰਨ ਉਹ ਮੁੜ ਇਟਲੀ ’ਚ ਦਾਖ਼ਲ ਹੋ ਨਹੀਂ ਸਕਦੇ। ਉਨ੍ਹਾਂ ਨੂੰ ਬਿਨਾਂ ਸ਼ਰਤ ਅਤੇ ਬਿਨ੍ਹਾਂ ਦੇਰੀ ਮੁੜ ਇਟਲੀ ’ਚ ਦਾਖ਼ਲ ਹੋਣ ਦੀ ਆਗਿਆ ਦਿੱਤੀ ਜਾਵੇ । ਇਸ ਮੌਕੇ ਇੰਡੀਅਨ ਕਮਿਊਨਿਟੀ ਇੰਨ ਲਾਸੀਓ ਤੋਂ ਇਲਾਵਾ ਆਸ ਦੀ ਕਿਰਨ ਸੰਸਥਾ, ਬੰਗਲਾਦੇਸ਼ੀ ਭਾਈਚਾਰੇ ਦੇ ਆਗੂਆਂ ਅਤੇ ਹੋਰ ਵੱਖ-ਵੱਖ ਜਥੇਬੰਦੀਆਂ ਦੇ ਆਗੂਆਂ ਵੱਲੋਂ ਸ਼ਿਰਕਤ ਕੀਤੀ ਗਈ ਅਤੇ ਪ੍ਰਵਾਸੀਆਂ ਨੂੰ ਆ ਰਹੀਆਂ ਮੁਸ਼ਕਿਲਾਂ ਨੂੰ ਹੱਲ ਕਰਵਾਉਣ ਲਈ ਉਨ੍ਹਾਂ ਦਾ ਸਾਥ ਦਿੱਤਾ ਗਿਆ।
 


Manoj

Content Editor

Related News