ਉੱਡਦੇ ਜਹਾਜ਼ ''ਚ ਅਚਾਨਕ ਪਾਗਲ ਹੋਇਆ ਵਿਅਕਤੀ, ਲੱਤਾਂ ਨਾਲ ਤੋੜਨ ਲੱਗਾ ਖਿੜਕੀ ਦੇ ਸ਼ੀਸ਼ੇ
Tuesday, Sep 20, 2022 - 12:07 AM (IST)
ਕਰਾਚੀ : ਪਾਕਿਸਤਾਨ ਇੰਟਰਨੈਸ਼ਨਲ ਏਅਰਲਾਈਨਜ਼ ਦੀ ਪੇਸ਼ਾਵਰ-ਦੁਬਈ ਉਡਾਣ 'ਚ ਇਕ ਯਾਤਰੀ ਦਾ ਹਾਈ ਵੋਲਟੇਜ ਡਰਾਮਾ ਦੇਖਣ ਨੂੰ ਮਿਲਿਆ। ਦਰਅਸਲ ਜਹਾਜ਼ 'ਚ ਸਵਾਰ ਇਕ ਵਿਅਕਤੀ ਨੇ ਅਚਾਨਕ ਸੀਟਾਂ 'ਤੇ ਮੁੱਕੇ ਮਾਰਨੇ ਸ਼ੁਰੂ ਕਰ ਦਿੱਤੇ ਤੇ ਇੰਨਾ ਹੀ ਨਹੀਂ ਉਸ ਨੇ ਜਹਾਜ਼ ਦੀ ਖਿੜਕੀ ਨੂੰ ਲਗਾਤਾਰ ਲੱਤਾਂ ਮਾਰਨੀ ਸ਼ੁਰੂ ਕਰ ਦਿੱਤੀਆਂ, ਜਿਸ ਤੋਂ ਬਾਅਦ ਜਹਾਜ਼ 'ਚ ਸਵਾਰ ਸਾਰੇ ਯਾਤਰੀ ਘਬਰਾ ਗਏ। ਇਸ ਦੌਰਾਨ ਉਹ ਫਲਾਈਟ ਦੇ ਕਰੂ ਮੈਂਬਰਾਂ ਨਾਲ ਵੀ ਲੜਨ ਲੱਗ ਪਿਆ।
ਉਸ ਨੇ ਪਹਿਲਾਂ ਆਪਣੀ ਜੇਬ 'ਚੋਂ ਸਾਰਾ ਸਾਮਾਨ ਕੱਢ ਕੇ ਆਪਣੀ ਸੀਟ 'ਤੇ ਰੱਖਿਆ ਅਤੇ ਫਿਰ ਜਹਾਜ਼ ਦੇ ਫਰਸ਼ 'ਤੇ ਲੇਟ ਕੇ ਅਜ਼ਾਨ ਕਰਨ ਲੱਗਾ।ਮੁਲਜ਼ਮ ਨੇ ਪੀ.ਆਈ.ਏ. ਦੀ ਪੀ.ਕੇ.-283 ਫਲਾਈਟ ਦੀ ਖਿੜਕੀ ਨੂੰ ਜ਼ੋਰਦਾਰ ਲੱਤ ਮਾਰ ਕੇ ਤੋੜਨਾ ਸ਼ੁਰੂ ਕਰ ਦਿੱਤਾ, ਜਿਸ 'ਤੇ ਯਾਤਰੀਆਂ ਨੇ ਕਰੂ ਮੈਂਬਰਾਂ ਨੂੰ ਬੁਲਾਇਆ ਅਤੇ ਕਾਫੀ ਮੁਸ਼ੱਕਤ ਤੋਂ ਬਾਅਦ ਉਸ ਨੂੰ ਕਾਬੂ ਕੀਤਾ ਗਿਆ।
ਪੂਰੀ ਉਡਾਣ ਦੌਰਾਨ ਉਹ ਵਿਅਕਤੀ ਕਾਫੀ ਹਿੰਸਕ ਹੋ ਗਿਆ। ਮੀਡੀਆ ਰਿਪੋਰਟਾਂ ਮੁਤਾਬਕ ਯਾਤਰੀ ਨੂੰ ਕਿਸੇ ਵੀ ਸਥਿਤੀ ਤੋਂ ਬਚਣ ਲਈ ਹਵਾਬਾਜ਼ੀ ਕਾਨੂੰਨ ਮੁਤਾਬਕ ਸੀਟ ਨਾਲ ਬੰਨ੍ਹ ਦਿੱਤਾ ਗਿਆ। ਪ੍ਰੋਟੋਕੋਲ ਦੇ ਅਨੁਸਾਰ ਫਲਾਈਟ ਦੇ ਕਪਤਾਨ ਨੇ ਦੁਬਈ ਦੇ ਏਅਰ ਟ੍ਰੈਫਿਕ ਕੰਟਰੋਲਰ ਨਾਲ ਸੰਪਰਕ ਕੀਤਾ ਅਤੇ ਸੁਰੱਖਿਆ ਦੀ ਮੰਗ ਕੀਤੀ। ਦੁਬਈ ਏਅਰਪੋਰਟ 'ਤੇ ਉਤਰਨ 'ਤੇ ਯਾਤਰੀ ਨੂੰ ਸੁਰੱਖਿਆ ਅਧਿਕਾਰੀਆਂ ਨੇ ਹਿਰਾਸਤ 'ਚ ਲੈ ਲਿਆ। ਦੱਸ ਦੇਈਏ ਕਿ ਇਹ ਘਟਨਾ 14 ਸਤੰਬਰ ਦੀ ਹੈ।