ਇਟਲੀ ’ਚ ਕੋਰੋਨਾ ਪੀੜਤਾਂ ਦੀ ਯਾਦ ’ਚ ਮਨਾਇਆ ਗਿਆ ਰਾਸ਼ਟਰੀ ਦਿਵਸ
Sunday, Mar 19, 2023 - 12:32 AM (IST)
ਰੋਮ (ਦਲਵੀਰ ਕੈਂਥ) : ਕੋਰੋਨਾ ਵਾਇਰਸ ਨੇ ਪੂਰੀ ਦੁਨੀਆ ’ਚ ਲੋਕਾਂ ਨੂੰ ਮਾਨਸਿਕ ਅਤੇ ਆਰਥਿਕ ਤੌਰ ’ਤੇ ਝੰਬਿਆ ਹੈ। ਫਰਵਰੀ 2020 ਤੋਂ ਸ਼ੁਰੂਆਤੀ ਦੌਰ ਤੋਂ ਬਾਅਦ ਕੋਰੋਨਾ ਨੇ ਕਾਫ਼ੀ ਜ਼ਿਆਦਾ ਜਾਨੀ ਅਤੇ ਮਾਲੀ ਨੁਕਸਾਨ ਕੀਤਾ ਹੈ। ਇਟਲੀ ’ਚ ਸ਼ੁਰੂਆਤੀ ਦੌਰ ’ਚ ਹੀ ਕੋਰੋਨਾ ਨੇ ਕਾਫ਼ੀ ਜ਼ਿਆਦਾ ਨੁਕਸਾਨ ਕੀਤਾ ਸੀ। ਮਾਰਚ 2020 ’ਚ ਇਟਲੀ ’ਚ ਅਜਿਹਾ ਮੰਜ਼ਰ ਦੇਖਣ ਨੂੰ ਮਿਲਿਆ ਸੀ, ਜੋ ਕਿਸੇ ਨੇ ਸੋਚਿਆ ਵੀ ਨਹੀਂ ਸੀ। ਇਟਲੀ ’ਚ ਫ਼ੌਜੀਆਂ ਦੇ ਟਰੱਕਾਂ ਨੂੰ ਕੋਰੋਨਾ ਦੌਰਾਨ ਹੋਈਆਂ ਲੋਕਾਂ ਦੀਆਂ ਮੌਤਾਂ ਦੀਆਂ ਮ੍ਰਿਤਕ ਦੇਹਾਂ ਵਾਲੇ ਤਾਬੂਤ ਲੈ ਕੇ ਜਾਣ ਲਈ ਵਰਤਿਆ ਗਿਆ ਸੀ। ਅੱਜ ਤਿੰਨ ਸਾਲ ਬੀਤ ਜਾਣ ’ਤੇ ਰਾਸ਼ਟਰੀ ਦਿਵਸ ਮੌਕੇ ਕੋਰੋਨਾ ਪੀੜਤਾਂ ਨੂੰ ਯਾਦ ਕੀਤਾ ਗਿਆ ।
ਇਹ ਖ਼ਬਰ ਵੀ ਪੜ੍ਹੋ : ਭਲਕੇ ਮਨਾਈ ਜਾਵੇਗੀ ਮੂਸੇਵਾਲਾ ਦੀ ਬਰਸੀ, ਪਿਤਾ ਨੇ ਲੋਕਾਂ ਨੂੰ ਭਾਈਚਾਰਾ ਤੇ ਸ਼ਾਂਤੀ ਬਣਾਈ ਰੱਖਣ ਦੀ ਕੀਤੀ ਅਪੀਲ
ਪੀੜਤਾਂ ਦੀ ਯਾਦ ’ਚ ਬੈਰਗਾਮੋ ’ਚ ਕਰਵਾਏ ਸਮਾਗਮ ਦੀ ਸ਼ੁਰੂਆਤ ਰੱਖਿਆ ਮੰਤਰੀ ਗਾਈਦੋ ਕ੍ਰੋਸੇਤੋ ਅਤੇ ਸਿਹਤ ਮੰਤਰੀ ਓਰਾਜੀਓ ਸ਼ਿਲਾਚੀ ਦੀ ਮੌਜੂਦਗੀ ’ਚ ਬੈਰਗਾਮੋ ਦੇ ਸਮਾਰਕ ਕਬਰਿਸਤਾਨ ਦੇ ਮਕਬਰੇ ਦੇ ਸਾਹਮਣੇ ਪੀਲੇ ਅਤੇ ਲਾਲ ਫੁੱਲ ਚੜ੍ਹਾਉਣ ਨਾਲ ਹੋਈ। ਕੋਵਿਡ ਦੇ ਪੀੜਤਾਂ ਦੀ ਯਾਦ ’ਚ ਬਣਾਏ ਬੋਸਕੋ ਦੇ ਉਦਘਾਟਨ ਲਈ ਬੈਰਗਾਮੋ ’ਚ ਆਪਣੇ ਭਾਸ਼ਣ ਵਿਚ ਸਿਹਤ ਮੰਤਰੀ ਓਰਾਜੀਓ ਸ਼ਿਲਾਚੀ ਨੇ ਕੋਵਿਡ ਦੇ ਪ੍ਰਕੋਪ ਦੌਰਾਨ ਡਾਕਟਰਾਂ, ਨਰਸਾਂ ਅਤੇ ਸਿਹਤ ਕਰਮਚਾਰੀਆਂ ਦੇ ‘ਵੱਡੇ ਯਤਨ’ ਨੂੰ ਯਾਦ ਕੀਤਾ, ਜਿਸ ਨੂੰ ‘ਕੋਵਿਡ ਦੇ ਨਾਇਕ’ ਕਿਹਾ ਜਾਂਦਾ ਹੈ। ਰਾਸ਼ਟਰੀ ਦਿਵਸ ’ਤੇ ਇਟਲੀ ਦੇ ਰਾਸ਼ਟਰਪਤੀ ਸਰਜੀਓ ਮਤੇਰੇਲਾ ਨੇ ਕੋਵਿਡ ਦੇ ਵਿਰੁੱਧ ਲੜਾਈ ਲੜਨ ਵਾਲਿਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ “ਇਸ ਦਿਨ ਮੈਂ ਪੀੜਤ ਪਰਿਵਾਰਾਂ ਦੇ ਦਰਦ ਲਈ ਹਮਦਰਦੀ ਦੀਆਂ ਭਾਵਨਾਵਾਂ ਨੂੰ ਤਾਜ਼ਾ ਕਰਦਾ ਹਾਂ।’’
ਇਹ ਖ਼ਬਰ ਵੀ ਪੜ੍ਹੋ : ਅੰਮ੍ਰਿਤਪਾਲ ਸਿੰਘ ਦੀ ਗ੍ਰਿਫ਼ਤਾਰੀ ’ਤੇ ਸਸਪੈਂਸ ਬਰਕਰਾਰ, ਸਾਹਮਣੇ ਆਇਆ ਪੁਲਸ ਦਾ ਬਿਆਨ
18 ਮਾਰਚ, 2020 ਗਣਤੰਤਰ ਦੇ ਇਤਿਹਾਸ ਦੇ ਸਭ ਤੋਂ ਨਾਟਕੀ ਪਲਾਂ ’ਚੋਂ ਇਕ ਦੇ ਰੂਪ ’ਚ ਯਾਦਾਂ ਵਿਚ ਬਣਿਆ ਹੋਇਆ ਹੈ ਅਤੇ ਇਸ ਦੇ ਨਾਲ ਹੀ ਮੈਂ ਉਨ੍ਹਾਂ ਲੋਕਾਂ ਦਾ ਵੀ ਧੰਨਵਾਦ ਕਰਦਾ ਹਾਂ, ਜਿਨ੍ਹਾਂ ਨੇ ਅਜਿਹੀ ਗੰਭੀਰ ਮਹਾਮਾਰੀ ਨੂੰ ਕਾਬੂ ਕਰਨ ’ਚ ਯੋਗਦਾਨ ਪਾਇਆ ਹੈ । ਇਟਲੀ ਦੀ ਪ੍ਰਧਾਨ ਮੰਤਰੀ ਜੌਰਜੀਆ ਮੇਲੋਨੀ ਨੇ ਕਿਹਾ, “ਅੱਜ, ਇਟਲੀ ਕੋਵਿਡ ਦੇ ਪੀੜਤਾਂ ਦਾ ਸਨਮਾਨ ਅਤੇ ਸ਼ਰਧਾਂਜਲੀ ਦਿੰਦਾ ਹੈ ਅਤੇ ਇਕ ਵਾਰ ਫਿਰ ਉਨ੍ਹਾਂ ਦੇ ਪਰਿਵਾਰਾਂ ਅਤੇ ਅਜ਼ੀਜ਼ਾਂ ਨਾਲ ਚਿੰਬੜਿਆ ਹੋਇਆ ਹੈ।’’ ਜ਼ਿਕਰਯੋਗ ਹੈ ਕਿ ਕੋਵਿਡ-19 ਇਟਲੀ ਦੇ ਬੇਸ਼ੱਕ ਲੱਖਾਂ ਲੋਕਾਂ ਦਾ ਕਾਲ ਬਣਿਆ ਪਰ ਇਸ ਦੇ ਬਾਵਜੂਦ ਲੱਖਾਂ ਲੋਕਾਂ ਨੇ ਕੋਵਿਡ ਦੀ ਲੜਾਈ ਨੂੰ ਜਿੱਤ ਕੇ ਇਸ ਗੱਲ ਨੂੰ ਸਾਬਿਤ ਕਰ ਦਿੱਤਾ ਸੀ ਕਿ ਬੁਲੰਦ ਤੇ ਨਿਡਰ ਇਰਾਦਿਆਂ ਅੱਗੇ ਮੌਤ ਨੂੰ ਵੀ ਪਾਸਾ ਵੱਟਣਾ ਪੈਂਦਾ ਹੈ।