ਅਮਰੀਕਾ ’ਚ ਪੰਜਾਬੀ ਮੂਲ ਦੇ ਵਿਅਕਤੀ ਦੀ ਭਿਆਨਕ ਸੜਕ ਹਾਦਸੇ ’ਚ ਮੌਤ
Saturday, May 15, 2021 - 03:19 PM (IST)
![ਅਮਰੀਕਾ ’ਚ ਪੰਜਾਬੀ ਮੂਲ ਦੇ ਵਿਅਕਤੀ ਦੀ ਭਿਆਨਕ ਸੜਕ ਹਾਦਸੇ ’ਚ ਮੌਤ](https://static.jagbani.com/multimedia/2021_5image_15_17_144311819bath.jpg)
ਨਿਊਯਾਰਕ/ਨੇਵਾਡਾ (ਰਾਜ ਗੋਗਨਾ) : ਅਮਰੀਕਾ ਦੇ ਸੂਬੇ ਨੇਵਾਡਾ ਦੇ ਸ਼ਹਿਰ ਲਾਸ ਵੇਗਾਸ ਵਿਖੇ ਰਹਿੰਦੇ ਇਕ ਪੰਜਾਬੀ ਮੂਲ ਦੇ ਵਿਅਕਤੀ ਗੁਰਿੰਦਰ ਸਿੰਘ ਬਾਠ ਸਪੁੱਤਰ ਦਲਜੀਤ ਸਿੰਘ ਦੀ ਕਾਰ ਹਾਦਸੇ ’ਚ ਮੌਤ ਹੋ ਗਈ ਹੈ। ਉਹ ਪੰਜਾਬ ਦੇ ਅੰਮ੍ਰਿਤਸਰ ਜ਼ਿਲ੍ਹੇ ਦੇ ਕਸਬਾ ਰਈਆ ਨਾਲ ਸਬੰਧ ਰੱਖਦੇ ਸਨ ਅਤੇ ਕੁਝ ਸਮਾਂ ਪਹਿਲਾਂ ਹੀ ਉਹ ਅਮਰੀਕਾ ਦੇ ਲਾਸ ਵੇਗਾਸ ’ਚ ਪੱਕੇ ਤੌਰ ’ਤੇ ਜਾ ਵਸੇ ਸਨ। ਮ੍ਰਿਤਕ ਗੁਰਿੰਦਰ ਸਿੰਘ ਬਾਠ ਤਕਰੀਬਨ ਇਕ ਹਫ਼ਤਾ ਪਹਿਲਾਂ ਹੀ ਰਈਆ ਵਿਖੇ ਆਪਣੇ ਪਰਿਵਾਰ ਨੂੰ ਮਿਲ ਕੇ ਅਮਰੀਕਾ ਆਏ ਸਨ।
ਘਰ ਦੇ ਕਿਸੇ ਜ਼ਰੂਰੀ ਕੰਮ ਲਈ ਜਦੋਂ ਉਹ ਆਪਣੀ ਗੱਡੀ ਲੈ ਕੇ ਘਰੋਂ ਨਿਕਲੇ ਤਾਂ ਉਨ੍ਹਾਂ ਦੀ ਕਾਰ ਲਾਸ ਵੇਗਾਸ (ਨੇਵਾਡਾ) ਵਿਖੇ ਇਕ ਟਰਾਲੇ ਨਾਲ ਜਾ ਟਕਰਾਈ, ਜਿਸ ਕਾਰਨ ਉਨ੍ਹਾਂ ਨੂੰ ਬਹੁਤ ਹੀ ਡੂੰਘੀਆਂ ਸੱਟਾਂ ਵੱਜੀਆਂ ਅਤੇ ਉਹ ਮੌਕੇ ’ਤੇ ਹੀ ਉਹ ਦਮ ਤੋੜ ਗਏ। ਇੱਥੇ ਦੱਸ ਦੇਈਏ ਕਿ ਸਵ. ਗੁਰਿੰਦਰ ਸਿੰਘ ਬਾਠ ਲਾਸ ਵੇਗਾਸ (ਨੇਵਾਡਾ) ’ਚ ਆਪਣੀ ਪਤਨੀ ਨਾਲ ਰਹਿੰਦੇ ਸਨ, ਜਦਕਿ ਉਨ੍ਹਾਂ ਦੇ ਦੋਵੇਂ ਪੁੱਤਰ ਵੀ ਅਮਰੀਕਾ ਜਾਣ ਦੀ ਤਿਆਰੀ ’ਚ ਸਨ ਪਰ ਉਸ ਤੋਂ ਪਹਿਲਾਂ ਹੀ ਇਹ ਦਰਦਨਾਕ ਹਾਦਸਾ ਵਾਪਰ ਗਿਆ। ਗੁਰਿੰਦਰ ਸਿੰਘ ਬਾਠ ਦੀ ਮੌਤ ਦਾ ਇਥੋਂ ਦੇ ਭਾਈਚਾਰੇ ’ਚ ਕਾਫ਼ੀ ਸੋਗ ਪਾਇਆ ਜਾ ਰਿਹਾ ਹੈ।