ਆਸਟ੍ਰੇਲੀਆ : ਸਮੁੰਦਰ ਤੱਟ ''ਤੇ ਦਿਸਿਆ ਵੱਡੇ ਆਕਾਰ ਦਾ ਜ਼ਹਿਰੀਲਾ ਸੱਪ, ਦਹਿਸ਼ਤ ''ਚ ਲੋਕ
Tuesday, Jul 06, 2021 - 01:37 PM (IST)
ਮੈਲਬੌਰਨ (ਬਿਊਰੋ): ਆਸਟ੍ਰੇਲੀਆ ਵਿਖੇ ਕੁਈਨਜ਼ਲੈਂਡ ਦੇ ਇਕ ਤੱਟ 'ਤੇ ਵੱਡੇ ਆਕਾਰ ਦਾ ਸਮੁੰਦਰੀ ਸੱਪ ਦਿਸਣ 'ਤੇ ਇੱਥੇ ਘੁੰਮਣ ਆਏ ਲੋਕ ਦਹਿਸ਼ਤ ਵਿਚ ਆ ਗਏ।ਇਸ ਜ਼ਹਿਰੀਲੇ ਸੱਪ ਦੀ ਤਸਵੀਰ ਆਸਟ੍ਰੇਲੀਅਨ ਨੇਟਿਵ ਐਨੀਮਲ ਫੇਸਬੁੱਕ ਪੇਜ 'ਤੇ ਐਤਵਾਰ ਨੂੰ ਸ਼ੇਅਰ ਕੀਤੀ ਗਈ। ਇਸ ਤਸਵੀਰ ਵਿਚ ਦੇਖਿਆ ਜਾ ਸਕਦਾ ਹੈ ਕਿ ਇਹ ਕਾਲੇ ਰੰਗ ਦਾ ਸਮੁੰਦਰੀ ਸੱਪ ਸਮੁੰਦਰ ਦੀਆਂ ਲਹਿਰਾਂ ਵਿਚੋਂ ਨਿਕਲ ਰਿਹਾ ਹੈ। ਇਸ ਵੱਡੇ ਸੱਪ ਨੂੰ ਦੇਖ ਕੇ ਲੋਕ ਦਹਿਸ਼ਤ ਵਿਚ ਆ ਗਏ। ਇਸ ਦੌਰਾਨ ਇਕ ਸ਼ਖਸ ਨੇ ਸੱਪ ਦੀ ਪੂਛ ਫੜ ਕੇ ਉਸ ਨੂੰ ਪਾਣੀ ਵਿਚ ਦੁਬਾਰਾ ਸੁੱਟ ਦਿੱਤਾ।
ਫੇਸਬੁੱਕ ਪੇਜ ਦੇ ਮੈਂਬਰਾਂ ਦਾ ਕਹਿਣਾ ਹੈ ਕਿ ਸੱਪ ਬਹੁਤ ਜ਼ਹਿਰੀਲੀ 'Elegant Sea Snake' ਪ੍ਰਜਾਤੀ ਦਾ ਸੀ। ਇਹ ਸੱਪ 2 ਮੀਟਰ ਤੱਕ ਲੰਬਾ ਹੋ ਸਕਦਾ ਹੈ। ਇਹ ਪੱਛਮੀ ਆਸਟ੍ਰੇਲੀਆ, ਉੱਤਰੀ ਖੇਤਰ ਅਤੇ ਕੁਈਨਜ਼ਲੈਂਡ ਦੇ ਤੱਟ 'ਤੇ ਪਾਇਆ ਜਾਂਦਾ ਹੈ। ਇਸ ਤਸਵੀਰ 'ਤੇ ਆਨਲਾਈਨ ਕਾਫੀ ਪ੍ਰਤੀਕਿਰਿਆ ਆਈ ਹੈ। ਕੁਝ ਲੋਕਾਂ ਦਾ ਕਹਿਣਾ ਹੈ ਕਿ ਉਸ ਸੱਪ ਨੂੰ ਦੁਬਾਰਾ ਸਮੁੰਦਰ ਵਿਚ ਨਹੀਂ ਸੁੱਟਣਾ ਚਾਹੀਦਾ ਸੀ। ਇਕ ਹੋਰ ਯੂਜ਼ਰ ਨੇ ਲਿਖਿਆ,''ਇਸ ਸੱਪ ਨੂੰ ਦੁਬਾਰਾ ਪਾਣੀ ਵਿਚ ਸੁੱਟਣਾ ਇਕ ਗਲਤ ਵਿਚਾਰ ਸੀ।''
ਪੜ੍ਹੋ ਇਹ ਅਹਿਮ ਖਬਰ- ਆਸਟ੍ਰੇਲੀਆ 'ਚ 10 ਅਗਸਤ ਨੂੰ ਮਰਦਮਸ਼ੁਮਾਰੀ, ਪੰਜਾਬੀ ਭਾਈਚਾਰੇ ਨੇ ਲੋਕਾਂ ਨੂੰ ਜਾਗਰੂਕ ਕਰਨ ਲਈ ਕੀਤੇ ਵਿਸ਼ੇਸ਼ ਉਪਰਾਲੇ
ਇਹ ਸੱਪ ਉਦੋਂ ਤੱਟ 'ਤੇ ਆਉਂਦੇ ਹਨ ਜਦੋਂ ਉਹ ਬੀਮਾਰ ਹੁੰਦੇ ਹਨ ਜਾਂ ਜ਼ਖਮੀ ਹੁੰਦੇ ਹਨ। ਉੱਥੇ ਸੱਪ ਫੜਨ ਵਾਲੇ ਸਮੂਹ ਨੇ ਲੋਕਾਂ ਨੂੰ ਚਿਤਾਵਨੀ ਦਿੱਤੀ ਹੈ ਕਿ ਉਹ ਇਸ ਜ਼ਹਿਰੀਲੇ ਸੱਪ ਤੋਂ ਦੂਰ ਰਹਿਣ। ਉਹਨਾਂ ਨੇ ਕਿਹਾ ਕਿ ਲੋਕ ਇਸ ਸੱਪ ਨੂੰ ਨਾ ਤਾਂ ਛੂਹਣ ਅਤੇ ਨਾ ਹੀ ਉਸ ਨੂੰ ਪਾਣੀ ਵਿਚ ਦੁਬਾਰਾ ਪਾਉਣ ਕਿਉਂਕਿ ਇਹ ਜਲਦੀ ਹੀ ਦੁਬਾਰਾ ਵਾਪਸ ਆ ਸਕਦੇ ਹਨ। ਸੱਪ ਦਿਸਣ 'ਤੇ ਲੋਕਾਂ ਨੂੰ ਮਦਦ ਲਈ ਹੈਲਪਲਾਈਨ 'ਤੇ ਸੰਪਰਕ ਕਰਨਾ ਚਾਹੀਦਾ ਹੈ।