ਫੇਸਬੁੱਕ ਪੋਸਟ ਨੇ ਬਚਾਈ ਇਸ ਪਾਕਿਸਤਾਨੀ ਵਰਕਰ ਦੀ ਜਾਨ

10/28/2017 3:39:58 PM

ਕਰਾਚੀ,(ਬਿਊਰੋ) —ਸੋਸ਼ਲ ਮੀਡੀਆ ਨੇ ਪਾਕਿਸਤਾਨ 'ਚ ਉਹ ਕੰਮ ਕਰ ਦਿਖਾਇਆ ਹੈ, ਜਿਸ ਨੂੰ ਕਰਨ ਲਈ ਉੱਥੇ ਦੇ ਵੱਡੇ-ਵੱਡੇ ਲੋਕ ਪਿੱਛੇ ਹੱਟ ਜਾਂਦੇ ਹਨ। ਉਹ ਕੰਮ ਹੈ ਕੱਟੜਪੰਥੀਆਂ ਦੀ ਧਮਕੀ ਦੇ ਸਾਹਮਣੇ ਨਾ ਝੁਕਣਾ। ਸੋਸ਼ਲ ਮੀਡੀਆ ਦੀ ਪੋਸਟ ਨੇ ਨਾ ਸਿਰਫ ਇਕ ਕੁੜੀ ਦੀ ਜਾਨ ਬਚਾਈ ਬਲਕਿ ਉਸ ਨੂੰ ਕੱਟੜਪੰਥੀਆਂ ਦੇ ਸਾਹਮਣੇ ਨਾ ਝੁਕਣ ਦੀ ਤਾਕਤ ਵੀ ਦਿੱਤੀ। 27 ਸਾਲਾ ਸਰਾਹ ਇਕ ਟਰਾਂਸਜੈਂਡਰ ਐਕਟੀਵਿਸਟ (ਵਰਕਰ) ਹੈ। ਇਕ ਦਿਨ ਜਦ ਉਹ ਆਪਣੇ ਘਰ ਵਾਪਸ ਆ ਰਹੀ ਸੀ ਕੁੱਝ ਲੋਕਾਂ ਨੇ ਉਨ੍ਹਾਂ ਦਾ ਪਿੱਛਾ ਕੀਤਾ। ਇਹ ਉਸ ਦੇ ਘਰ ਤਕ ਆ ਗਏ ਅਤੇ ਉਸ ਨੂੰ ਕੁੱਟਣਾ-ਮਾਰਨਾ ਸ਼ੁਰੂ ਕਰ ਦਿੱਤਾ। ਇਸ ਤੋਂ ਇਲਾਵਾ ਉਨ੍ਹਾਂ ਨੇ ਉਸ ਨੂੰ ਅਸ਼ਲੀਲ ਗੱਲਾਂ ਵੀ ਆਖੀਆਂ ਤੇ ਧਮਕੀ ਦਿੱਤੀ ਕਿ ਉਹ ਜਿਸ ਨਾਲ ਰਹਿਣ ਲਈ ਉਸ ਨੂੰ ਮਜ਼ਬੂਰ ਕਰਨਗੇ, ਉਸ ਨੂੰ ਹਰ ਉਸ ਵਿਅਕਤੀ ਨਾਲ ਰਹਿਣਾ ਪਵੇਗਾ। 
ਸਰਾਹ ਨੇ ਇਸ ਗੱਲ ਨੂੰ ਆਪਣੇ ਫੇਸਬੁੱਕ ਪੇਜ਼ 'ਤੇ ਸਾਂਝਾ ਕੀਤਾ। ਇਸ ਮਗਰੋਂ 3 ਹੋਰ ਲੋਕਾਂ ਨੇ ਉਸ ਦਾ ਪਿੱਛਾ ਕੀਤਾ ਅਤੇ ਉਸ ਦੇ ਵਾਲ ਫੜ ਕੇ ਉਸ ਨੂੰ ਦੋਬਾਰਾ ਕੁੱਟਿਆ ਅਤੇ ਫਿਰ ਅਸ਼ਲੀਲ ਗੱਲਾਂ ਆਖੀਆਂ। ਇਹ ਵੀ ਕਿਹਾ ਕਿ ਉਹ ਉਸ 'ਤੇ ਤੇਜ਼ਾਬ ਸੁੱਟ ਦੇਣਗੇ। 
ਸਰਾਹ ਨੇ ਹਰ ਗੱਲ ਫੇਸਬੁੱਕ 'ਤੇ ਸਾਂਝੀ ਕੀਤੀ ਅਤੇ ਟਰਾਂਸਜੈਂਡਰਾਂ ਦੇ ਹੱਕ ਲਈ ਲੋਕਾਂ ਨੇ ਉਸ ਦੀ ਮੁਹਿੰਮ 'ਚ ਉਸ ਦਾ ਸਾਥ ਦਿੱਤਾ। ਸਰਾਹ ਨੇ ਟਰਾਂਸਜੈਂਡਰਾਂ ਦੀ ਸੁਰੱਖਿਆ ਲਈ ਮੁਹਿੰਮ ਚਲਾਈ ਜਿਸ 'ਚ ਹੁਣ ਤਕ ਕਈ ਲੋਕ ਹਿੱਸੇਦਾਰ ਬਣ ਗਏ ਹਨ। ਸਰਾਹ ਨੇ ਕਿਹਾ ਕਿ ਲੋਕਾਂ ਦੇ ਸਾਥ ਨਾਲ ਉਸ ਨੂੰ ਹੌਂਸਲਾ ਮਿਲਿਆ। ਹੁਣ ਉਹ ਕਿਸੇ ਵੀ ਹਾਲਤ 'ਚ ਪਿੱਛੇ ਨਹੀਂ ਹਟਣ ਵਾਲੀ ਅਤੇ ਟਰਾਂਸਜੈਂਡਰਾਂ ਲਈ ਅੱਗੇ ਵੀ ਕੰਮ ਕਰਦੀ ਰਹੇਗੀ। ਉਸ ਨੇ ਕਿਹਾ ਕਿ ਉਸ 'ਤੇ ਪਹਿਲਾਂ ਵੀ ਤੇਜ਼ਾਬੀ ਹਮਲਾ ਹੋ ਚੁੱਕਾ ਹੈ ਅਤੇ ਉਸ ਦਾ ਹੌਂਸਲਾ ਅਜੇ ਵੀ ਬੁਲੰਦ ਹੈ।


Related News