ਕੋਵਿਡ-19: ਯਾਤਰਾ ਪਾਬੰਦੀ ਦੇ ਕਾਰਨ ਸਿੰਗਾਪੁਰ ''ਚ ਫਸੇ 97 ਭਾਰਤੀ ਯਾਤਰੀ
Thursday, Mar 19, 2020 - 03:39 PM (IST)
ਸਿੰਗਾਪੁਰ(ਭਾਸ਼ਾ)- ਕੋਰੋਨਾਵਾਇਰਸ ਦੇ ਵਧਦੇ ਅਸਰ ਨੂੰ ਰੋਕਣ ਦੇ ਲਈ ਭਾਰਤ ਦੀਆਂ ਯਾਤਰਾ ਪਾਬੰਦੀਆਂ ਕਾਰਨ ਤਕਰੀਬਨ 100 ਭਾਰਤੀ ਯਾਤਰੀ ਸਿੰਗਾਪੁਰ ਦੇ ਚਾਂਗੀ ਹਵਾਈ ਅੱਡੇ 'ਤੇ ਫਸੇ ਹੋਏ ਹਨ ਤੇ ਸਵਦੇਸ਼ ਪਰਤਣ ਵਿਚ ਅਸਮਰਥ ਹਨ। ਇਸ ਦੀ ਜਾਣਕਾਰੀ ਭਾਰਤੀ ਹਾਈ ਕਮਿਸ਼ਨ ਵਲੋਂ ਦਿੱਤੀ ਗਈ ਹੈ।
ਸਿੰਗਾਪੁਰ ਵਿਚ ਭਾਰਤੀ ਹਾਈ ਕਮਿਸ਼ਨਰ ਨੇ ਵੀਰਵਾਰ ਨੂੰ ਦੱਸਿਆ ਕਿ ਉਹ 97 ਫਸੇ ਭਾਰਤੀਆਂ ਨੂੰ ਜਾਹਾਜ਼ ਰਾਹੀਂ ਭਾਰਤ ਲਿਆਉਣ ਦਾ ਪ੍ਰਬੰਧ ਕਰਨ ਦੀ ਦਿਸ਼ਾ ਵਿਚ ਕੰਮ ਕਰ ਰਿਹਾ ਹੈ। ਉਸ ਨੇ ਦੱਸਿਆ ਕਿ ਇਹਨਾਂ ਭਾਰਤੀ ਯਾਤਰੀਆਂ ਵਿਚ ਵਧੇਰੇ ਫਿਲਪੀਨ ਤੇ ਮਲੇਸ਼ੀਆ ਤੋਂ ਆਏ ਹਨ। ਹਾਈ ਕਮਿਸ਼ਨ ਨੇ ਦੱਸਿਆ ਕਿ ਸਿੰਗਾਪੁਰ ਨੇ ਆਸਿਆਨ ਖੇਤਰ ਤੋਂ ਜਾਂ ਇਥੋਂ ਹੋ ਕੇ ਭਾਰਤ ਜਾਣ ਵਾਲੇ ਯਾਤਰੀਆਂ 'ਤੇ ਪਾਬੰਦੀ ਲਾਈ ਹੋਈ ਹੈ, ਜਿਸ ਦੇ ਕਾਰਨ ਯਾਤਰੀ ਸਿੰਗਾਪੁਰ ਵਿਚ ਦਾਖਲ ਨਹੀਂ ਹੋ ਸਕਦੇ। ਸਿੰਗਾਪੁਰ ਵਿਚ ਭਾਰਤ ਦੇ ਹਾਈ ਕਮਿਸ਼ਨਰ ਜਾਵੇਦ ਅਸ਼ਰਫ ਨੇ ਵੀਰਵਾਰ ਨੂੰ ਪੱਤਰਕਾਰਾਂ ਨੂੰ ਦੱਸਿਆ ਕਿ ਅਸੀਂ ਇਹਨਾਂ ਭਾਰਤੀਆਂ ਨੂੰ ਉਹਨਾਂ ਦੇ ਘਰ ਵਾਪਲ ਲਿਆਉਣ ਦਾ ਪ੍ਰਬੰਧ ਕਰਨ ਲਈ ਵਿਦੇਸ਼ ਮੰਤਰਾਲਾ ਤੇ ਨਾਗਰ ਹਵਾਈ ਮੰਤਰਾਲਾ ਦੇ ਨਾਲ ਮਿਲ ਕੇ ਕੰਮ ਕਰ ਰਹੇ ਹਾਂ। ਅਸ਼ਰਫ ਨੇ ਕਿਹਾ ਕਿ ਅਸੀਂ ਏਅਰ ਇੰਡੀਆ, ਸਿੰਗਾਪੁਰ ਏਅਰਲਾਈਨਜ਼ ਤੇ ਚਾਂਗੀ ਹਵਾਈ ਅੱਡੇ ਦੇ ਨਾਲ ਮਿਲ ਕੇ ਕੰਮ ਕਰ ਰਹੇ ਹਾਂ ਤਾਂਕਿ ਇਹਨਾਂ ਫਸੇ ਯਾਤਰੀਆਂ ਨੂੰ ਭਾਰਤ ਵਾਪਸ ਲਿਆਂਦਾ ਜਾ ਸਕੇ ਤੇ ਉਹਨਾਂ ਨੂੰ ਮਦਦ ਮੁਹੱਈਆ ਕਰਵਾਈ ਜਾ ਸਕੇ। ਚਾਂਗੀ ਹਵਾਈ ਅੱਡੇ 'ਤੇ ਹਾਈ ਕਮਿਸ਼ਨ ਦੇ ਅਧਿਕਾਰੀ 97 ਯਾਤਰੀਆਂ ਨੂੰ ਭੋਜਨ ਤੇ ਹੋਰ ਸਹਾਇਤਾ ਮੁਹੱਈਆ ਕਰਵਾ ਰਹੇ ਹਨ। ਇਹਨਾਂ ਵਿਚੋਂ ਵਧੇਰੇ ਯਾਤਰੀ ਮਲੇਸ਼ੀਆ ਤੋਂ ਆਏ ਹਨ। ਮਲੇਸ਼ੀਆ ਨੇ ਆਪਣੀ ਸਰਹੱਦਾਂ ਬੰਦ ਕਰ ਦਿੱਤੀਆਂ ਹਨ ਤੇ ਵਿਦੇਸ਼ੀਆਂ ਨੂੰ ਦਾਖਲਾ ਦੇਣ ਤੋਂ ਰੋਕ ਦਿੱਤਾ ਹੈ। ਉਸ ਨੇ ਆਪਣੇ ਨਾਗਰਿਕਾਂ ਨੂੰ ਵੀ ਯਾਤਰਾ ਨਹੀਂ ਕਰਨ ਨੂੰ ਕਿਹਾ ਹੈ।
ਭਾਰਤ ਨੇ ਵੀ ਮਲੇਸ਼ੀਆ ਤੇ ਫਿਲਪੀਨ ਸਣੇ ਕੁਝ ਦੇਸ਼ਾਂ ਤੋਂ ਯਾਤਰੀਆਂ ਦੀ ਆਵਾਜਾਈ 'ਤੇ ਰੋਕ ਲਗਾ ਦਿੱਤੀ ਹੈ। ਸਿੰਗਾਪੁਰ ਏਅਰਲਾਈਨਜ਼ ਨੇ ਫਸੇ ਯਾਤਰੀਆਂ ਨੂੰ ਭਾਰਤ ਲਿਜਾਣ 'ਤੇ ਸਹਿਮਤੀ ਜਤਾਈ ਹੈ ਕਿਉਂਕਿ ਵੀਰਵਾਰ ਨੂੰ ਏਅਰ ਇੰਡੀਆ ਦੀਆਂ ਕਈ ਉਡਾਣਾਂ ਸਿੰਗਾਪੁਰ ਤੋਂ ਭਾਰਤ ਜਾਣ ਲਈ ਨਿਰਧਾਰਿਤ ਨਹੀਂ ਹਨ। ਦਿੱਲੀ ਪ੍ਰਸ਼ਾਸਨ ਭਾਰਤ ਦੇ ਇਹਨਾਂ ਯਾਤਰੀਆਂ ਦੇ ਦਾਖਲੇ ਦੇ ਪ੍ਰਬੰਧ ਕਰ ਰਿਹਾ ਹੈ। ਦੁਨੀਆਭਰ ਦੇ 157 ਦੇਸ਼ਾਂ ਤੇ ਖੇਤਰਾਂ ਵਿਚ ਇਸ ਵਾਇਰਸ ਦੇ ਕਾਰਨ ਤਕਰੀਬਨ 9000 ਲੋਕਾਂ ਦੀ ਮੌਤ ਹੋ ਚੁੱਕੀ ਹੈ ਤੇ 2 ਲੱਖ ਤੋਂ ਵਧੇਰੇ ਇਨਫੈਕਸ਼ਨ ਦੇ ਮਾਮਲੇ ਸਾਹਮਣੇ ਆ ਚੁੱਕੇ ਹਨ।