ਪਾਕਿਸਤਾਨ ''ਚ 9 ਸਾਲਾ ਬੱਚੇ ਨੇ 30 ਸਾਲਾ ਬੀਬੀ ਨੂੰ ਮਾਰੀ ਗੋਲੀ, ਇਹ ਸੀ ਵਜ੍ਹਾ

9/23/2020 9:24:31 PM

ਇਸਲਾਮਾਬਾਦ- ਪਾਕਿਸਤਾਨ ਦੇ ਪੰਜਾਬ ਸੂਬੇ ਦੇ ਇਕ ਪਿੰਡ ਵਿਚ ਇਕ 9 ਸਾਲ ਦੇ ਇਕ ਬੱਚੇ ਨੇ ਆਪਣੀ ਇਕ ਰਿਸ਼ਤੇਦਾਰ ਬੀਬੀ ਨੂੰ ਗੋਲੀ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ। ਬੱਚੇ ਦੇ ਪਰਿਵਾਰ ਨੇ ਉਸ ਨੂੰ ਇਹ ਅਪਰਾਧ ਕਰਨ ਲਈ ਕਿਹਾ ਸੀ। ਇਹ ਜਾਣਕਾਰੀ ਪੁਲਸ ਨੇ ਬੁੱਧਵਾਰ ਨੂੰ ਦਿੱਤੀ। 
ਇਹ ਘਟਨਾ ਮੰਗਲਵਾਰ ਨੂੰ ਲਾਹੌਰ ਤੋਂ ਤਕਰੀਬਨ 200 ਕਿਲੋਮੀਟਰ ਦੂਰ ਸਰਗੋਧਾ ਵਿਚ ਚਾਕ 104-ਐੱਸ. ਬੀ. ਪਿੰਡ ਵਿਚ ਵਾਪਰੀ। 

ਪੁਲਸ ਮੁਤਾਬਕ ਬੱਚੇ ਨੂੰ ਉਸ ਦੇ ਪਰਿਵਾਰ ਨੇ ਉਸ ਦੀ ਰਿਸ਼ਤੇਦਾਰ ਦਾ ਕਤਲ ਕਰਨ ਲਈ ਹਥਿਆਰ ਚਲਾਉਣਾ ਸਿਖਾਇਆ ਸੀ। ਪੁਲਸ ਨੇ ਦੱਸਿਆ ਕਿ 30 ਸਾਲਾ ਬੀਬੀ ਨੇ ਤਕਰੀਬਨ 10 ਸਾਲ ਪਹਿਲਾਂ ਆਪਣੇ ਪਰਿਵਾਰ ਦੀ ਮਰਜ਼ੀ ਖਿਲਾਫ ਆਪਣੀ ਪਸੰਦ ਦੇ ਵਿਅਕਤੀ ਨਾਲ ਵਿਆਹ ਕਰਵਾਇਆ ਸੀ। ਹਾਲਾਂਕਿ ਬਾਅਦ ਵਿਚ ਪਰਿਵਾਰ ਨੇ ਉਸ ਨੂੰ ਸਵਿਕਾਰ ਵੀ ਕਰ ਲਿਆ ਸੀ ਪਰ ਇਹ ਮਾਮਲੇ ਝੂਠੀ ਸ਼ਾਨ ਕਾਰਨ ਕੀਤੇ ਗਏ ਕਤਲ ਨਾਲ ਜੋੜਿਆ ਜਾ ਰਿਹਾ ਹੈ। 

ਪੁਲਸ ਨੇ ਦੱਸਿਆ ਕਿ ਮੰਗਲਵਾਰ ਨੂੰ 3 ਬੱਚਿਆਂ ਦੀ ਮਾਂ ਇਕ ਪਰਿਵਾਰ ਦੇ ਸਮਾਗਮ ਵਿਚ ਸ਼ਾਮਲ ਹੋਣ ਲਈ ਆਈ ਸੀ। ਸਮਾਗਮ ਦੌਰਾਨ ਬੱਚੇ ਨੇ ਉਸ 'ਤੇ ਗੋਲੀ ਚਲਾ ਦਿੱਤੀ, ਜਿਸ ਵਿਚ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਪੁਲਸ ਨੇ ਦੱਸਿਆ ਕਿ ਘਟਨਾ ਦੇ ਬਾਅਦ ਬੱਚਾ ਤੇ ਉਸ ਦਾ ਪਰਿਵਾਰ ਉੱਥੋਂ ਫਰਾਰ ਹੋ ਗਏ। ਉਨ੍ਹਾਂ ਕਿਹਾ ਕਿ ਬੱਚੇ ਦੇ ਪਿਤਾ ਨੇ ਹੀ ਉਸ ਨੂੰ ਹਥਿਆਰ ਚਲਾਉਣਾ ਸਿਖਾਇਆ ਸੀ। ਅਜਿਹਾ ਲੱਗ ਰਿਹਾ ਹੈ ਕਿ ਬੱਚੇ ਨੂੰ ਗੋਲੀ ਮਾਰਨ ਲਈ ਕਿਹਾ ਗਿਆ ਸੀ। 


Sanjeev

Content Editor Sanjeev