ਅਪ੍ਰੈਲ ''ਚ ਕੋਵਿਡ-19 ਇਨਫੈਕਸ਼ਨ ਦੇ ਰੋਜ਼ਾਨਾ 80 ਹਜ਼ਾਰ ਮਾਮਲੇ ਆਏ ਸਾਹਮਣੇ: WHO

Thursday, May 07, 2020 - 12:56 PM (IST)

ਅਪ੍ਰੈਲ ''ਚ ਕੋਵਿਡ-19 ਇਨਫੈਕਸ਼ਨ ਦੇ ਰੋਜ਼ਾਨਾ 80 ਹਜ਼ਾਰ ਮਾਮਲੇ ਆਏ ਸਾਹਮਣੇ: WHO

ਜਿਨੇਵਾ- ਵਿਸ਼ਵ ਸਿਹਤ ਸੰਗਠਨ ਨੇ ਕਿਹਾ ਹੈ ਕਿ ਅਪ੍ਰੈਲ ਮਹੀਨੇ ਵਿਚ ਕੋਵਿਡ-19 ਇਨਫੈਕਸ਼ਨ ਦੇ ਰੋਜ਼ਾਨਾ ਔਸਤਨ 80 ਹਜ਼ਾਰ ਮਾਮਲੇ ਸਾਹਮਣੇ ਆਏ ਹਨ। ਉਸ ਨੇ ਕਿਹਾ ਕਿ ਭਾਰਤ ਤੇ ਬੰਗਲਾਦੇਸ਼ ਜਿਹੇ ਦੱਖਣ ਏਸ਼ੀਆਈ ਦੇਸ਼ਾਂ ਵਿਚ ਇਨਫੈਕਸ਼ਨ ਦੇ ਮਾਮਲੇ ਵਧ ਰਹੇ ਹਨ ਜਦਕਿ ਪੱਛਮੀ ਯੂਰਪ ਜਿਹੇ ਖੇਤਰਾਂ ਵਿਚ ਇਹਨਾਂ ਦੀ ਗਿਣਤੀ ਘੱਟ ਰਹੀ ਹੈ।

ਵਿਸ਼ਵ ਸਿਹਤ ਸੰਗਠਨ ਨੇ ਡਾਇਰੈਕਟਰ ਜਨਰਲ ਟ੍ਰੇਡੋਸ ਅਧਨੋਮ ਗੇਬ੍ਰੇਯੇਸਸ ਨੇ ਬੁੱਧਵਾਰ ਨੂੰ ਕਿਹਾ ਕਿ ਦੇਸ਼ਾਂ ਨੂੰ ਉਹਨਾਂ ਦੇ ਖੇਤਰਾਂ ਵਿਚ ਬਾਹਰ ਤੋਂ ਆਉਣ ਵਾਲੀ ਬੀਮਾਰੀ ਦੇ ਹਰ ਤਰ੍ਹਾਂ ਦੇ ਖਤਰੇ ਨਾਲ ਨਿਪਟਣ ਵਿਚ ਸਮਰਥ ਹੋਣਾ ਚਾਹੀਦਾ ਹੈ ਤੇ ਭਾਈਚਾਰਿਆਂ ਨੂੰ ਇਸ ਬਾਰੇ ਪੂਰੀ ਜਾਣਕਾਰੀ ਹੋਣੀ ਚਾਹੀਦੀ ਹੈ ਕਿ ਉਹਨਾਂ ਨੂੰ ਹਾਲਾਤ ਵਿਚ ਆਏ ਇਸ ਬਦਲਾਅ ਦੇ ਅਨੁਕੂਲ ਕਿਵੇਂ ਢਲਣਾ ਹੈ। ਉਹਨਾਂ ਨੇ ਜਿਨੇਵਾ ਵਿਚ ਬੁੱਧਵਾਰ ਨੂੰ ਕਿਹਾ ਕਿ ਸੰਗਠਨ ਦੇ ਮੁਤਾਬਕ ਕੋਵਿਡ-19 ਨਾਲ 35 ਲੱਖ ਤੋਂ ਵਧੇਰੇ ਲੋਕ ਇਨਫੈਕਟਿਡ ਹੋਏ ਹਨ ਤੇ 2.5 ਲੱਖ ਤੋਂ ਵਧੇਰੇ ਲੋਕਾਂ ਦੀ ਜਾਨ ਗਈ ਹੈ। ਅਪ੍ਰੈਲ ਦੀ ਸ਼ੁਰੂਆਤ ਤੋਂ ਰੋਜ਼ਾਨਾ 80 ਹਜ਼ਾਰ ਨਵੇਂ ਮਾਮਲੇ ਸਾਹਮਣੇ ਆ ਰਹੇ ਹਨ। ਵਿਸ਼ਵ ਸਿਹਤ ਸੰਗਠਨ ਦੇ ਡਾਇਰੈਕਟਰ ਜਨਰਲ ਨੇ ਕਿਹਾ ਕਿ ਇਨਫੈਕਸ਼ਨ ਦਾ ਹਰ ਮਾਮਲਾ ਸਿਰਫ ਇਕ ਗਿਣਤੀ ਨਹੀਂ ਹੈ, ਇਨਫੈਕਟਿਡ ਹੋਇਆ ਹਰ ਵਿਅਕਤੀ ਇਕ ਮਾਂ, ਇਕ ਪਿਤਾ, ਇਕ ਬੇਟਾ, ਇਕ ਬੇਟੀ, ਇਕ ਭਰਾ, ਇਕ ਭੈਣ ਜਾਂ ਇਕ ਦੋਸਤ ਵੀ ਹੈ। 

ਉਹਨਾਂ ਨੇ ਕਿਹਾ ਕਿ ਪੱਛਮੀ ਯੂਰਪ ਵਿਚ ਇਨਫੈਕਟਿਡ ਹੋ ਰਹੇ ਲੋਕਾਂ ਦੀ ਗਿਣਤੀ ਵਿਚ ਕਮੀ ਆ ਰਹੀ ਹੈ, ਪਰ ਪੂਰਬੀ ਯੂਰਪ, ਅਫਰੀਕਾ, ਦੱਖਣ-ਪੂਰਬੀ ਏਸ਼ੀਆ, ਪੂਰਬੀ ਭੂ-ਮੱਧਸਾਗਰ ਤੇ ਉੱਤਰ ਅਮਰੀਕਾ ਤੇ ਦੱਖਣੀ ਅਮਰੀਕਾ ਵਿਚ ਮਾਮਲੇ ਵਧ ਰਹੇ ਹਨ। ਉਹਨਾਂ ਨੇ ਕਿਹਾ ਕਿ ਜਾਂਚ ਦੀ ਗਿਣਤੀ ਵਧਣ ਨਾਲ ਵੀ ਇਨਫੈਕਸ਼ਨ ਦੇ ਮਾਮਲੇ ਸਾਹਮਣੇ ਆਉਣ ਦੀ ਗਿਣਤੀ ਵਧ ਰਹੀ ਹੈ। ਉਹਨਾਂ ਕਿਹਾ ਕਿ ਦੱਖਣ-ਪੂਰਬੀ, ਪੱਛਮੀ ਪ੍ਰਸ਼ਾਂਤ ਖੇਤਰਾਂ ਵਿਚ ਗਿਣਤੀ ਡਿੱਗਦੀ ਦਿੱਖ ਰਹੀ ਹੈ ਪਰ ਦੱਖਣੀ ਏਸ਼ੀਆਂ ਵਿਚ ਭਾਰਤ ਤੇ ਬੰਗਲਾਦੇਸ਼ ਵਿਚ ਇਹ ਵਧਦੀ ਲੱਗ ਰਹੀ ਹੈ। ਭਾਰਤ ਵਿਚ ਕੋਰੋਨਾ ਵਾਇਰਸ ਨਾਲ 52,952 ਲੋਕ ਇਨਫੈਕਟਿਡ ਹੋਏ ਹਨ, ਜਿਹਨਾਂ ਵਿਚੋਂ 1,783 ਲੋਕਾਂ ਦੀ ਮੌਤ ਹੋ ਚੁੱਕੀ ਹੈ। 


author

Baljit Singh

Content Editor

Related News