ਹੋਰਾਂ ਕੋਰੋਨਾ ਮਰੀਜ਼ਾਂ ਦੇ ਮੁਕਾਬਲੇ ਵੈਂਟੀਲੇਟਰ ''ਤੇ ਰੱਖੇ ਰੋਗੀਆਂ ਦੀ ਹੋ ਰਹੀ ਹੈ ਵਧੇਰੇ ਮੌਤ

Tuesday, Apr 28, 2020 - 02:15 PM (IST)

ਹੋਰਾਂ ਕੋਰੋਨਾ ਮਰੀਜ਼ਾਂ ਦੇ ਮੁਕਾਬਲੇ ਵੈਂਟੀਲੇਟਰ ''ਤੇ ਰੱਖੇ ਰੋਗੀਆਂ ਦੀ ਹੋ ਰਹੀ ਹੈ ਵਧੇਰੇ ਮੌਤ

ਨਿਊਯਾਰਕ- ਦੁਨੀਆ ਭਰ ਦੇ ਸਿਹਤ ਕਰਮਚਾਰੀ ਕੋਰੋਨਾ ਮਰੀਜ਼ਾਂ ਦੇ ਇਲਾਜ ਲਈ ਜਿਥੇ ਜ਼ਿਆਦਾ ਤੋਂ ਜ਼ਿਆਦਾ ਵੈਂਟੀਲੇਟਰ ਦੀ ਮੰਗ ਕਰ ਰਹੇ ਹਨ, ਉਥੇ ਹੀ ਕੁਝ ਡਾਕਟਰ ਇਸ ਜੀਵਨ ਰੱਖਿਅਕ ਪ੍ਰਣਾਲੀ ਦੀ ਵਰਤੋਂ ਤੋਂ ਕਿਨਾਰਾ ਕਰ ਰਹੇ ਹਨ। ਇਸ ਦਾ ਕਾਰਣ ਇਹ ਦੱਸਿਆ ਜਾ ਰਿਹਾ ਹੈ ਕਿ ਕੁਝ ਹਸਪਤਾਲਾਂ ਵਿਚ ਵੱਡੇ ਪੈਮਾਨੇ 'ਤੇ ਮਰੀਜ਼ਾਂ ਦੀ ਅਸਾਧਾਰਣ ਰੂਪ ਨਾਲ ਜ਼ਿਆਦਾ ਮਰੀਜ਼ਾਂ ਦੀ ਮੌਤ ਦੀ ਸੂਚਨਾ ਆਈ ਹੈ। ਅਜਿਹੇ ਵਿਚ ਡਾਕਟਰਾਂ ਦੀ ਚਿੰਤਾ ਇਹ ਹੈ ਕਿ ਵੈਂਟੀਲੇਟਰ ਕੁਝ ਖਾਸ ਮਰੀਜ਼ਾਂ ਨੂੰ ਨੁਕਸਾਨ ਪਹੁੰਚਾ ਸਕਦੇ ਹਨ।

ਕੁਝ ਸਮਾਂ ਪਹਿਲਾਂ ਸਾਹਮਣੇ ਆਏ ਕੋਰੋਨਾ ਵਾਇਰਸ ਇਨਫੈਕਸ਼ਨ ਦਾ ਇਲਾਜ ਕਰ ਰਹੇ ਡਾਕਟਰ ਹੁਣ ਵੀ ਇਸ ਦੇ ਬਿਹਤਰ ਇਲਾਜ ਦੇ ਲਈ ਤਰੀਕੇ ਸਿੱਖ ਰਹੇ ਹਨ। ਮਰੀਜ਼ਾਂ ਦੀ ਤੇਜ਼ੀ ਨਾਲ ਹੋ ਰਹੀ ਮੌਤ ਤੇ ਬੁਨਿਆਦੀ ਚੀਜ਼ਾਂ ਦੀ ਕਮੀ ਦੇ ਵਿਚਾਲੇ ਡਾਕਟਰ ਰੀਅਲ ਟਾਈਮ ਡਾਟਾ 'ਤੇ ਭਰੋਸਾ ਕਰ ਰਹੇ ਹਨ। ਮਾਹਰਾਂ ਦਾ ਕਹਿਣਾ ਹੈ ਕਿ ਆਮ ਕਰਕੇ ਸਾਹ ਦੀ ਗੰਭੀਰ ਤਕਲੀਫ ਵਾਲੇ 40 ਤੋਂ 50 ਫੀਸਦੀ ਮਰੀਜ਼ਾਂ ਦੀ ਵੈਂਟੀਲੇਟਰ 'ਤੇ ਮੌਤ ਹੋ ਜਾਂਦੀ ਹੈ। ਉਥੇ ਹੀ ਨਿਊਯਾਰਕ ਸ਼ਹਿਰ ਦੇ ਅਧਿਕਾਰੀਆਂ ਨੇ ਦੱਸਿਆ ਕਿ ਵੈਂਟੀਲੇਟਰ 'ਤੇ ਰੱਖੇ ਜਾਣ ਵਾਲੇ 80 ਫੀਸਦੀ ਤੋਂ ਵਧੇਰੇ ਕੋਰੋਨਾ ਮਰੀਜ਼ਾਂ ਦੀ ਮੌਤ ਹੋ ਰਹੀ ਹੈ।

ਮਾਹਰ ਇਸ ਗੱਲ ਨਾਲ ਵੀ ਹੈਰਾਨ ਹਨ ਕਿ ਕੀ ਵੈਂਟੀਲੇਟਰ ਅਸਲ ਵਿਚ ਕੋਰੋਨਾ ਪੀੜਤਾਂ ਲਈ ਕਾਲ ਬਣ ਰਹੇ ਹਨ। ਵੈਂਟੀਲੇਟਰ 'ਤੇ ਵਧੇਰੇ ਮੌਤਾਂ ਦੇ ਬਾਰੇ ਵਿਚ ਨਿਊਯਾਰਕ ਦੇ ਗਵਰਨਰ ਐਂਡ੍ਰਿਊ ਕਿਯੂਮੋ ਦਾ ਕਹਿਣਾ ਹੈ ਕਿ ਨਿਮੋਨੀਆ ਦੇ ਮਰੀਜ਼ ਇਕ ਜਾਂ ਦੋ ਦਿਨ ਤੋਂ ਵਧੇਰੇ ਵੈਂਟੀਲੇਟਰ 'ਤੇ ਨਹੀਂ ਰਹਿੰਦੇ। ਜਦਕਿ ਕੋਰੋਨਾ ਵਾਇਰਸ ਇਨਫੈਕਟਡਾਂ ਨੂੰ ਵੈਂਟੀਲੇਟਰ 'ਤੇ 10 ਤੋਂ 15 ਦਿਨ ਰੱਖਿਆ ਜਾਣਾ ਆਮ ਹੈ, ਫਿਰ ਵੀ ਉਹ ਮਰ ਰਹੇ ਹਨ।

ਵੁਹਾਨ ਵਿਚ 86 ਫੀਸਦੀ ਮੌਤਾਂ
ਅਮਰੀਕੀ ਲੰਗ ਐਸੋਸੀਏਸ਼ਨ ਦੇ ਮੁੱਖ ਅਧਿਕਾਰੀ ਡਾਕਟਰ ਅਲਬਰਟ ਰਿਜੋ ਨੇ ਕਿਹਾ ਕਿ ਅਮਰੀਕਾ ਦੇ ਹੋਰ ਇਲਾਕਿਆਂ ਵਿਚ ਵੀ ਆਮ ਦੇ ਮੁਕਾਬਲੇ ਕੋਰੋਨਾ ਕਾਰਣ ਜ਼ਿਆਦਾ ਮੌਤਾਂ ਦੇ ਮਾਮਲੇ ਸਾਹਮਣੇ ਆ ਰਹੇ ਹਨ। ਇਸੇ ਤਰ੍ਹਾਂ ਦੀਆਂ ਬਹੁਤ ਸਾਰੀਆਂ ਰਿਪੋਰਟਾਂ ਚੀਨ ਤੇ ਬ੍ਰਿਟੇਨ ਤੋਂ ਵੀ ਆ ਰਹੀਆਂ ਹਨ। ਵੁਹਾਨ ਦੇ ਇਕ ਅਧਿਐਨ ਵਿਚ ਦੱਸਿਆ ਗਿਆ ਕਿ ਉਥੇ ਵੈਂਟੀਲੇਟਰ 'ਤੇ ਰੱਖੇ ਗਏ 86 ਫੀਸਦੀ ਕੋਰੋਨਾ ਮਰੀਜ਼ਾਂ ਦੀ ਮੌਤ ਹੋਈ ਹੈ। ਮਾਹਰਾਂ ਦਾ ਕਹਿਣਾ ਹੈ ਕਿ ਅਜੇ ਇਸ ਦਾ ਕਾਰਣ ਸਪੱਸ਼ਟ ਨਹੀਂ ਹੈ। ਉਹਨਾਂ ਕਿਹਾ ਕਿ ਇਸ ਬਾਰੇ ਵੀ ਅਜੇ ਜਾਣਕਾਰੀ ਨਹੀਂ ਹੈ ਕਿ ਇਨਫੈਕਸ਼ਨ ਤੋਂ ਪਹਿਲਾਂ ਮਰੀਜ਼ਾਂ ਦੀ ਕੀ ਹਾਲਤ ਹੈ ਜਾਂ ਵੈਂਟੀਲੇਟਰ 'ਤੇ ਰੱਖਣ ਦੇ ਸਮੇਂ ਉਸ ਦੀ ਬੀਮਾਰੀ ਦੀ ਗੰਭੀਰਤਾ 'ਤੇ ਉਸ ਦੀ ਮੌਤ ਨਿਰਭਰ ਹੋ ਸਕਦੀ ਹੈ।


author

Baljit Singh

Content Editor

Related News