ਪਾਕਿ ਪ੍ਰਸ਼ਾਸਨ ਅਤੇ ਪੁਲਸ ਦੀ ਸਰਪ੍ਰਸਤੀ ਹੇਠ ਕੱਟੜਪੰਥੀਆਂ ਨੇ ਤੋੜੀਆਂ ਅਹਿਮਦੀਆ ਭਾਈਚਾਰੇ ਦੀਆਂ 74 ਕਬਰਾਂ
Monday, Sep 25, 2023 - 06:03 PM (IST)

ਸਿਆਲਕੋਟ- ਪਾਕਿਸਤਾਨ ’ਚ ਘੱਟ ਗਿਣਤੀਆਂ ’ਤੇ ਵਹਿਸ਼ੀਆਨਾ ਅੱਤਿਆਚਾਰ ਲਗਾਤਾਰ ਵਧਦੇ ਹੀ ਜਾ ਰਹੇ ਹਨ। ਹੁਣ ਇਹ ਅੱਤਿਆਚਾਰ ਪੁਲਸ ਅਤੇ ਪ੍ਰਸ਼ਾਸਨ ਦੀ ਸਰਪ੍ਰਸਤੀ ਹੇਠ ਇਸਲਾਮਿਕ ਕੱਟੜਪੰਥੀਆਂ ਵੱਲੋਂ ਦਿਨ-ਦਿਹਾੜੇ ਕੀਤੇ ਜਾ ਰਹੇ ਹਨ। ਪੰਜਾਬ ਸੂਬੇ ਦੇ ਸਿਆਲਕੋਟ ਦੇ ਡੀ. ਸੀ. ਦੇ ਹੁਕਮਾਂ ’ਤੇ ਸਹਾਇਕ ਪੁਲਸ ਕਮਿਸ਼ਨਰ ਨੇ ਪੁਲਸ ਫੋਰਸ ਲੈ ਕੇ ਸ਼ੁੱਕਰਵਾਰ ਨੂੰ ਡਸਕਾ ਸ਼ਹਿਰ ’ਚ ਅਹਿਮਦੀਆ ਭਾਈਚਾਰੇ ਦੇ ਕਬਰਸਤਾਨ ਨੂੰ ਘੇਰ ਲਿਆ ਅਤੇ ਮੁੱਖ ਦਰਵਾਜੇ ਨੂੰ ਨਾਕਾਬੰਦੀ ਕਰ ਕੇ ਬੰਦ ਕਰ ਦਿੱਤਾ।
2 ਘੰਟੇ ਦੀ ਨਾਕਾਬੰਦੀ ਦੌਰਾਨ ਕੱਟੜਪੰਥੀ ਤਹਿਰੀਕ-ਏ-ਲੱਬੈਕ ਪਾਕਿਸਤਾਨ (ਟੀ. ਐੱਲ. ਪੀ.) ਦੇ ਗੁੰਡਿਆਂ ਨੇ ਸੰਗਠਨ ਦੇ ਅਮੀਰ ਸਾਦ ਹਸਨ ਰਿਜ਼ਵੀ ਦੇ ਅੰਦਰੂਨੀ ਸਰਕਲ ਦੇ ਮੈਂਬਰ ਯਾਸੀਨ ਹੱਕ ਦੀ ਅਗਵਾਈ ’ਚ 74 ਕਬਰਾਂ ਦੀ ਭੰਨਤੋੜ ਕਰ ਕੇ ਉਨ੍ਹਾਂ ਦੀ ਬੇਅਦਬੀ ਕੀਤੀ। ਟੀ. ਐੱਲ. ਪੀ. ਮੈਂਬਰ ਆਪਣੇ ਨਾਲ ਮਲਬਾ ਅਤੇ ਕਬਰਾਂ ਦੇ ਪੱਥਰ ਵੀ ਲੈ ਗਏ। ਪੁਲਸ ਅਤੇ ਟੀ. ਐੱਲ. ਪੀ. ਮੈਂਬਰਾਂ ਨੇ ਇਸ ਕਾਰਵਾਈ ਲਈ ਅਹਿਮਦੀਆ ਭਾਈਚਾਰੇ ਦੇ ਮੈਂਬਰਾਂ ਨੂੰ ਕੋਈ ਕਾਰਨ ਨਹੀਂ ਦੱਸਿਆ।
ਇਸ ਤੋਂ ਇਲਾਵਾ ਸ਼ੁਕਰਵਾਰ ਦੀ ਨਮਾਜ਼ ਤੋਂ ਬਾਅਦ ਕੱਟੜਪੰਥੀਆਂ ਦੀ ਭੀੜ ਦੇ ਸਾਹਮਣੇ ਪੁਲਸ ਨੇ ਅਹਿਮਦੀਆ ਭਾਈਚਾਰੇ ਦੇ ਮੈਂਬਰਾਂ ਅਤੇ ਡਸਕਾ ਸ਼ਹਿਰ ਦੀ ਅਹਿਮਦੀਆ ਮਸਜਿਦ ਦੀ ਦੇਖ-ਭਾਲ ਕਰਨ ਵਾਲੇ ਨੂੰ ਬੁਲਾਇਆ ਅਤੇ ਉਨ੍ਹਾਂ ਨੂੰ ਕਿਹਾ ਕਿ ਉਹ ਜਾਂ ਤਾਂ ਇਮਾਰਤ ’ਤੇ ਲੱਗੇ ਇਸਲਾਮਿਕ ਚਿੰਨ੍ਹਾਂ ਨੂੰ ਖੁਦ ਹਟਾ ਦੇਣ ਜਾਂ ਪੁਲਸ ਅਜਿਹਾ ਕਰੇਗੀ, ਕਿਉਂਕਿ ਉਹ ਸ਼ਹਿਰ ’ਚ ਕੋਈ ਫਿਰਕੂ ਹਿੰਸਾ ਨਹੀਂ ਚਾਹੁੰਦੀ।
ਘਰ ਦੀ ਕੰਧ ’ਤੇ ਆਇਤਾਂ ਲਿਖਣ ਤੋਂ ਰੋਕਿਆ ਤਾਂ ਰਾਡਾਂ ਤੇ ਡੰਡਿਆਂ ਨਾਲ ਈਸਾਈ ਪਰਿਵਾਰ ਨੂੰ ਕੁੱਟਿਆ
ਟੀ. ਐੱਲ. ਪੀ. ਦੇ ਮੈਂਬਰਾਂ ਨੇ ਇਕ ਈਸਾਈ ਪਰਿਵਾਰ ’ਤੇ ਵੀ ਬੇਰਹਿਮੀ ਨਾਲ ਹਮਲਾ ਕੀਤਾ ਅਤੇ ਇਕ ਮੈਂਬਰ ਦੀ ਲੱਤ ਵਿਚ ਉਸ ਵੇਲੇ ਗੋਲੀ ਮਾਰ ਦਿੱਤੀ ਜਦੋਂ ਉਸ ਨੇ ਉਨ੍ਹਾਂ ਨੂੰ ਆਪਣੀ ਚਾਰਦੀਵਾਰੀ ’ਤੇ ਕੁਰਾਨ ਦੀਆਂ ਆਇਤਾਂ ਲਿਖਣ ਤੋਂ ਰੋਕਿਆ। ਗੋਲੀ ਚਲਾਉਣ ਵਾਲਾ ਪੁਲਸ ਕਾਂਸਟੇਬਲ ਸੀ ਜੋ ਮੌਕੇ ਤੋਂ ਫਰਾਰ ਹੋ ਗਿਆ। ਇਹ ਘਟਨਾ ਬੁੱਧਵਾਰ ਨੂੰ ਪਾਕਿਸਤਾਨ ਦੇ ਪੰਜਾਬ ਸੂਬੇ ਦੇ ਕਸੂਰ ਸ਼ਹਿਰ ’ਚ ਪੁਲਸ ਕਾਂਸਟੇਬਲਾਂ ਦੀ ਮੌਜੂਦਗੀ ’ਚ ਵਾਪਰੀ ਜੋ ਮੂਕ ਦਰਸ਼ਕ ਬਣੇ ਰਹੇ, ਜਦਕਿ ਲੋਕਾਂ ਨੂੰ ਰਾਡਾਂ ਅਤੇ ਡੰਡਿਆਂ ਨਾਲ ਕੁੱਟਿਆ ਗਿਆ।
ਤਹਿਰੀਕ-ਏ-ਲੱਬੈਕ ਨੇ ਥਾਈਲੈਂਡ ’ਚ ਰਹਿੰਦੇ ਈਸਾਈ ਕਾਰਕੁੰਨ ਫਰਾਜ਼ ਪਰਵੇਜ਼ ਦੇ ਖਿਲਾਫ ਲਾਹੌਰ ’ਚ ਪ੍ਰਦਰਸ਼ਨ ਕੀਤਾ ਅਤੇ ਉਸ ਨੂੰ ਈਸ਼ਨਿੰਦਾ ਕਰਨ ਵਾਲਾ ਅਤੇ ਪੈਗੰਬਰ ਅਤੇ ਇਸਲਾਮ ਧਰਮ ਦੇ ਵਿਰੁੱਧ ਪ੍ਰਚਾਰ ਕਰਨ ਵਾਲਾ ਦੱਸਿਆ। ਪ੍ਰਦਰਸ਼ਨਕਾਰੀਆਂ ਨੇ ਫਰਾਜ਼ ਪਰਵੇਜ਼ ਨੂੰ ਫਾਂਸੀ ’ਤੇ ਲਟਕਾ ਕੇ ਜਾਂ ਸਿਰ ਕਲਮ ਕਰ ਕੇ ਮੌਤ ਦੀ ਸਜ਼ਾ ਦੇਣ ਦੀ ਮੰਗ ਕੀਤੀ।
ਫਰਾਜ਼ ਪਰਵੇਜ਼ ਅਨੁਸਾਰ ਪਾਕਿਸਤਾਨ ’ਚ ਕੋਈ ਵੀ ਇੰਨਾ ਮੂਰਖ ਨਹੀਂ ਹੋਵੇਗਾ ਕਿ ਕੁਰਾਨ ਦਾ ਅਪਮਾਨ ਕਰੇ ਅਤੇ ਫਿਰ ਕੁਰਾਨ ਦੇ ਪਾਟੇ ਹੋਏ ਜਾਂ ਸਾੜੇ ਗਏ ਪੰਨਿਆਂ ’ਤੇ ਆਪਣਾ ਨਾਂ, ਫੋਟੋਆਂ ਅਤੇ ਫ਼ੋਨ ਨੰਬਰ ਲਿਖ ਦੇਵੇ। ਫਰਾਜ਼ ਪਰਵੇਜ਼ ਅਨੁਸਾਰ ਘਟਨਾ ਦੀ ਯੋਜਨਾ ਟੀ. ਐੱਲ. ਪੀ. ਦੇ ਮੈਂਬਰਾਂ ਵੱਲੋਂ ਬਣਾਈ ਗਈ ਸੀ ਅਤੇ ਇਸ ਨੂੰ ਉਸ ਖਾਸ ਪਰਿਵਾਰ ਦੇ ਖਿਲਾਫ ਨਿਸ਼ਾਨਾ ਬਣਾਇਆ ਗਿਆ ਸੀ ਜਿਸ ’ਤੇ ਹਮਲਾ ਕੀਤਾ ਗਿਆ ਸੀ।