ਲੰਡਨ ''ਚ 10ਵੀਂ ਮੰਜ਼ਿਲ ਦੇ ਫਲੈਟਾਂ ''ਚ ਲੱਗੀ ਭਿਆਨਕ ਅੱਗ, ਇਮਾਰਤ ''ਚ ਫਸੇ ਕਈ ਲੋਕ (ਵੀਡੀਓ)

Wednesday, Sep 04, 2024 - 07:01 PM (IST)

ਲੰਡਨ : ਲੰਡਨ ਦੇ ਕੈਟਫੋਰਡ ਸਥਿਤ ਟਾਵਰ ਬਲਾਕ 'ਚ ਅੱਜ ਦੁਪਹਿਰ ਅੱਗ ਲੱਗ ਗਈ, ਜਿਸ ਨੇ ਕਈ ਮੰਜ਼ਿਲਾਂ ਨੂੰ ਆਪਣੀ ਲਪੇਟ 'ਚ ਲੈ ਲਿਆ, ਜਿਸ ਤੋਂ ਬਾਅਦ ਪੂਰਾ ਅਸਮਾਨ ਕਾਲੇ ਧੂੰਏਂ ਨਾਲ ਭਰ ਗਿਆ। ਲੰਡਨ ਫਾਇਰ ਬ੍ਰਿਗੇਡ ਨੇ ਕਿਹਾ ਕਿ ਅੱਗ ਲੱਗਣ ਦੀ ਸੂਚਨਾ ਸਭ ਤੋਂ ਪਹਿਲਾਂ ਦੁਪਹਿਰ 1 ਵਜੇ ਤੋਂ ਪਹਿਲਾਂ ਮਿਲੀ ਸੀ। ਅੱਗ ਨੇ ਨੌਵੀਂ ਅਤੇ ਦਸਵੀਂ ਮੰਜ਼ਿਲ 'ਤੇ ਸਥਿਤ ਫਲੈਟਾਂ ਨੂੰ ਪੂਰੀ ਤਰ੍ਹਾਂ ਆਪਣੀ ਲਪੇਟ 'ਚ ਲੈ ਲਿਆ ਹੈ। ਫਾਇਰ ਬ੍ਰਿਗੇਡ ਨੇ ਲੋਕਾਂ ਨੂੰ ਅੱਗ ਬੁਝਾਉਣ ਵਾਲੀ ਥਾਂ ਤੋਂ ਦੂਰ ਰਹਿਣ ਦੀ ਅਪੀਲ ਕੀਤੀ ਹੈ ਅਤੇ ਅੱਗ ਬੁਝਾਉਣ ਲਈ 70 ਫਾਇਰ ਫਾਈਟਰਜ਼ ਅਤੇ 10 ਫਾਇਰ ਟਰੱਕ ਤਾਇਨਾਤ ਹਨ।

ਹੈਰਾਨ ਕਰਨ ਵਾਲੀ ਵੀਡੀਓ ਫੁਟੇਜ 'ਚ ਦੇਖਿਆ ਜਾ ਸਕਦਾ ਹੈ ਕਿ ਫਲੈਟ ਦੀ ਖਿੜਕੀ 'ਚੋਂ ਅੱਗ ਦੀਆਂ ਲਪਟਾਂ ਉੱਠ ਰਹੀਆਂ ਹਨ ਅਤੇ ਆਸਮਾਨ 'ਚ ਕਾਲੇ ਧੂੰਏਂ ਦੇ ਬੱਦਲ ਦਿਖਾਈ ਦੇ ਰਹੇ ਹਨ। ਸਥਾਨਕ ਲੋਕਾਂ ਨੇ ਅੱਗ ਦੀਆਂ ਤਸਵੀਰਾਂ ਅਤੇ ਵੀਡੀਓ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆਂ ਹਨ। ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ ਇੱਕ ਪੋਸਟ ਵਿੱਚ ਲਿਖਿਆ ਕਿ ਕੈਟਫੋਰਡ ਵਿਚ ਫਲੈਟਾਂ ਨੂੰ ਅੱਗ ਲੱਗੀ ਹੋਈ ਹੈ ਤੇ ਲੋਕ ਇਮਾਰਤਾਂ ਵਿੱਚ ਫਸੇ ਹੋਏ ਹਨ। ਭਿਆਨਕ ਦ੍ਰਿਸ਼। ਫਾਇਰ ਬ੍ਰਿਗੇਡ ਬਚਾਅ ਕਾਰਜਾਂ 'ਚ ਲੱਗੀ ਹੋਈ ਹੈ। ਅਜੇ ਤੱਕ ਇਸ ਗੱਲ ਦੀ ਪੁਸ਼ਟੀ ਨਹੀਂ ਹੋ ਸਕੀ ਹੈ ਕਿ ਇਸ ਅੱਗ 'ਚ ਕੋਈ ਜ਼ਖਮੀ ਹੋਇਆ ਹੈ ਜਾਂ ਨਹੀਂ।

ਲੰਡਨ ਫਾਇਰ ਬ੍ਰਿਗੇਡ ਨੇ ਕਿਹਾ ਕਿ ਸਾਡੀ 999 ਕੰਟਰੋਲ ਟੀਮ ਨੂੰ ਅੱਗ ਦੀ ਰਿਪੋਰਟ ਸਬੰਧੀ ਲਗਭਗ 50 ਕਾਲਾਂ ਪ੍ਰਾਪਤ ਹੋਈਆਂ ਹਨ। ਫਾਇਰ ਕਰਮਚਾਰੀ ਫੋਰੈਸਟ ਹਿੱਲ, ਗ੍ਰੀਨਵਿਚ, ਡਿਪਟਫੋਰਡ, ਲੀ ਗ੍ਰੀਨ ਅਤੇ ਆਲੇ ਦੁਆਲੇ ਦੇ ਫਾਇਰ ਸਟੇਸ਼ਨਾਂ ਦੀਆਂ ਟੀਮਾਂ ਨਾਲ ਘਟਨਾ ਸਥਾਨ 'ਤੇ ਹਨ। ਹੋਨਲੇ ਰੋਡ ਨੂੰ ਅੱਗ ਬੁਝਾਉਣ ਵਾਲਿਆਂ ਨੂੰ ਬਿਨਾਂ ਕਿਸੇ ਰੁਕਾਵਟ ਦੇ ਕੰਮ ਕਰਨ ਲਈ ਬੰਦ ਕਰ ਦਿੱਤਾ ਗਿਆ ਹੈ। ਲੰਡਨ ਫਾਇਰ ਬ੍ਰਿਗੇਡ ਨੇ ਨਿਵਾਸੀਆਂ ਨੂੰ ਅੱਗ ਦੇ ਖੇਤਰ ਤੋਂ ਦੂਰ ਰਹਿਣ ਦੀ ਅਪੀਲ ਕੀਤੀ ਹੈ ਜਦੋਂ ਕਿ ਅੱਗ ਬੁਝਾਉਣ ਦੇ ਯਤਨ ਕੀਤੇ ਜਾ ਰਹੇ ਹਨ। ਫਾਇਰ ਬ੍ਰਿਗੇਡ ਦੀ ਟੀਮ ਪੂਰੀ ਤਰ੍ਹਾਂ ਸਰਗਰਮ ਹੈ ਅਤੇ ਅੱਗ 'ਤੇ ਕਾਬੂ ਪਾਉਣ ਦੀ ਕੋਸ਼ਿਸ਼ ਕਰ ਰਹੀ ਹੈ।


Baljit Singh

Content Editor

Related News