ਮੁਸਲਿਮ ਦੇਸ਼ਾਂ ’ਚ ਪਈ ਫੁੱਟ, ਸਾਊਦੀ ਅਰਬ ਸਣੇ 7 ਮੁਸਲਿਮ ਦੇਸ਼ ਆਏ ਇਜ਼ਰਾਈਲ ਦੇ ਸਮਰਥਨ ’ਚ
Tuesday, Nov 14, 2023 - 03:03 PM (IST)
ਇੰਨਟਰਨੈਸ਼ਨਲ ਡੈਸਕ- ਇਸਲਾਮਿਕ ਦੁਨੀਆ ਦੇ ਨੇਤਾ ਮੰਨੇ ਜਾਣ ਵਾਲੇ ਸਾਊਦੀ ਅਰਬ ਨੂੰ ਲੈ ਕੇ ਅਜਿਹੀ ਖਬਰ ਸਾਹਮਣੇ ਆ ਰਹੀ ਹੈ ਕਿ ਉਸ ਨੇ ਇਜ਼ਰਾਈਲ ਦੇ ਨਾਲ ਹਰ ਤਰ੍ਹਾਂ ਦੇ ਸਬੰਧਾਂ ਨੂੰ ਖਤਮ ਕਰਨ ਨੂੰ ਲੈ ਕੇ ਇਸਲਾਮਿਕ-ਅਰਬ ਸਿਖਰ ਸੰਮੇਲਨ ’ਚ ਪੇਸ਼ ਕੀਤੇ ਗਏ ਇਕ ਮਤੇ ਨੂੰ ਪਾਸ ਹੋਣ ਤੋਂ ਰੋਕ ਦਿੱਤਾ। ਸਾਊਦੀ ਅਰਬ ਦੇ ਨਾਲ-ਨਾਲ ਸੰਯੁਕਤ ਅਰਬ ਅਮੀਰਾਤ ਸਣੇ 7 ਮੁਸਲਿਮ ਦੇਸ਼ ਇਸ ਮਤੇ ਦੇ ਵਿਰੋਧ ’ਚ ਖੜ੍ਹੇ ਹੋ ਗਏ, ਜਿਸ ਤੋਂ ਬਾਅਦ ਇਜ਼ਰਾਈਲ ਖਿਲਾਫ ਸੰਪੂਰਨ ਬਾਈਕਾਟ ਦਾ ਮਤਾ ਪਾਸ ਨਹੀਂ ਹੋ ਸਕਿਆ।
ਮਤੇ ’ਚ ਕਿਹਾ ਗਿਆ ਕਿ ਇਜ਼ਰਾਈਲ ਦੇ ਨਾਲ ਇਸਲਾਮਿਕ ਦੇਸ਼ ਹਰ ਤਰ੍ਹਾਂ ਦੇ ਸਿਆਸੀ ਅਤੇ ਆਰਥਿਕ ਸਬੰਧ ਖਤਮ ਕਰ ਲੈਣ ਅਤੇ ਇਜ਼ਰਾਈਲੀ ਉਡਾਣਾਂ ਨੂੰ ਅਰਬ ਹਵਾਈ ਜ਼ੋਨ ਦੀ ਵਰਤੋਂ ਨਾ ਕਰਨ ਦੇਣ। ਮਤੇ ’ਚ ਕਿਹਾ ਗਿਆ ਕਿ ਤੇਲ ਉਤਪਾਦਕ ਮੁਸਲਿਮ ਦੇਸ਼ ਗਾਜ਼ਾ ’ਚ ਲੜਾਈ ਰੋਕਣ ਲਈ ਇਜ਼ਰਾਈਲ ਨੂੰ ਧਮਕੀ ਦੇਣ ਕਿ ਜੇਕਰ ਉਹ ਲੜਾਈ ਨਹੀਂ ਰੋਕਦਾ, ਤਾਂ ਉਸ ਨੂੰ ਤੇਲ ਦੀ ਸਪਲਾਈ ਰੋਕ ਦਿੱਤੀ ਜਾਵੇਗੀ। ਮਤੇ ਨੂੰ ਸਾਊਦੀ ਅਰਬ, ਸੰਯੁਕਤ ਅਰਬ ਅਮੀਰਾਤ, ਜਾਰਡਨ, ਮਿਸਰ, ਬਹਿਰੀਨ, ਸੂਡਾਨ, ਮੋਰੱਕੋ, ਮਾਰਿਟਾਨੀਆ ਅਤੇ ਜਿਬੂਤੀ ਨੇ ਨਾਮਨਜ਼ੂਰ ਕਰ ਦਿੱਤਾ ਹੈ।
ਸਿਖਰ ਸੰਮੇਲਨ ਦੇ ਉਦਘਾਟਨੀ ਸੈਸ਼ਨ ’ਚ ਸਾਊਦੀ ਅਰਬ ਦੇ ਕ੍ਰਾਊਨ ਪ੍ਰਿੰਸ ਮੁਹੰਮਦ ਬਿਨ ਸਲਮਾਨ ਨੇ ਕਿਹਾ ਕਿ ਫਿਲਸਤੀਨੀ ਲੋਕਾਂ ਖਿਲਾਫ ਜੋ ਵੀ ਅਪਰਾਧ ਹੋ ਰਹੇ ਹਨ, ਉਸ ਲਈ ਇਜ਼ਰਾਈਲ ਜ਼ਿੰਮੇਵਾਰ ਹੈ।