ਮੈਕਸੀਕੋ ਦੇ ਹਿੰਸਕ ਸੂਬੇ ਗੁਆਨਾਜੁਆਤੋ ''ਚ 7 ਲੋਕਾਂ ਦਾ ਕਤਲ

08/09/2020 12:49:22 PM

ਮੈਕਸਿਕੀ ਸਿਟੀ- ਮੈਕਸੀਕੋ ਦੇ ਇਕ ਡਰੱਗ ਮਾਫੀਆ ਦੀ ਹਾਲ ਵਿਚ ਹੋਈ ਗ੍ਰਿਫਤਾਰੀ ਦੇ ਬਾਅਦ ਇਹ ਉਮੀਦ ਕੀਤੀ ਜਾ ਰਹੀ ਸੀ ਕਿ ਹੁਣ ਦੇਸ਼ ਦੇ ਸਭ ਤੋਂ ਹਿੰਸਕ ਸੂਬੇ ਗੁਆਨਾਜੁਆਤੋ ਵਿਚ ਸ਼ਾਂਤੀ ਸਥਾਪਤ ਹੋ ਜਾਏਗੀ ਪਰ 7 ਬੰਦਿਆਂ ਦੀਆਂ ਗੋਲੀਆਂ ਨਾਲ ਭੁੰਨੀਆਂ ਲਾਸ਼ਾਂ ਮਿਲਣ ਦੇ ਬਾਅਦ ਇਹ ਉਮੀਦਾਂ ਟੁੱਟ ਗਈਆਂ। ਨਸ਼ੀਲੀਆਂ ਦਵਾਈਆਂ ਬਣਾਉਣ ਤੇ ਵੇਚਣ ਵਾਲੇ ਗਿਰੋਹ ਨੇ ਘੋਸ਼ਣਾ ਕੀਤੀ ਹੈ ਕਿ ਉਹ ਇਸ ਸੂਬੇ ਵਿਚ ਆਪਣਾ ਕੰਟਰੋਲ ਸਥਾਪਤ ਕਰਨ ਵਾਲਾ ਹੈ।

ਸਾਂਤਾ ਰੋਜ਼ਾ ਡੀ ਲੀਮਾ ਗਿਰੋਹ ਅਤੇ ਇਸ ਦੇ ਵਿਰੋਧੀ ਗਿਰੋਹ ਜੈਲੀਸਕੋ ਵਿਚਕਾਰ ਇਸ ਸੂਬੇ ਵਿਚ ਕਬਜਾ ਸੰਭਾਲਣ ਲਈ ਸਾਲ 2017 ਵਿਚ ਹੋਈ ਲੜਾਈ ਤੋਂ ਬਾਅਦ ਵਿਚ 9,000 ਤੋਂ ਜ਼ਿਆਦਾ ਲੋਕ ਮਾਰੇ ਜਾ ਚੁੱਕੇ ਹਨ। ਉਮੀਦ ਸੀ ਕਿ ਹੁਣ ਇੱਥੇ ਹਿੰਸਾ ਨਹੀਂ ਹੋਵੇਗੀ ਪਰ ਅਜਿਹਾ ਨਹੀਂ ਹੋਇਆ। 

ਅਧਿਕਾਰੀਆਂ ਨੇ ਸ਼ਨੀਵਾਰ ਨੂੰ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਸੂਬੇ ਦੀ ਸਰਹੱਦ ਨੇੜੇ ਸੜਕ ਉੱਤੇ 7 ਲੋਕਾਂ ਦੀਆਂ ਲਾਸ਼ਾਂ ਡਿੱਗੀਆਂ ਸਨ। ਅਧਿਕਾਰੀਆਂ ਨੇ ਦੱਸਿਆ ਕਿ ਉਨ੍ਹਾਂ ਨੂੰ ਉਥੋਂ ਇਕ ਰਾਈਫਲ ਅਤੇ ਗੋਲੀਆਂ ਨਾਲ ਭਰੀਆਂ ਪਿਸਤੌਲਾਂ ਮਿਲੀਆਂ ਹਨ। ਸ਼ਨੀਵਾਰ ਨੂੰ ਹੀ, ਸੋਸ਼ਲ ਮੀਡੀਆ 'ਤੇ ਪਾਈ ਗਈ ਇਕ ਵੀਡੀਓ ਵਿਚ ਲਗਭਗ 20-22 ਵਿਅਕਤੀ ਰਾਈਫਲਾਂ, 50 ਬੋਰ ਦੀ ਇੱਕ ਸਨਾਈਪਰ ਰਾਈਫਲ ਅਤੇ ਘੱਟੋ-ਘੱਟ ਦੋ ਬੈਲਟ ਵਾਲੀਆਂ ਮਸ਼ੀਨ ਗਨ ਲੈ ਕੇ ਫੌਜੀ ਵਰਦੀ ਵਿਚ ਦਿਖਾਈ ਦਿੱਤੇ ਸਨ। ਵੀਡੀਓ ਵਿਚ ਵੇਖੇ ਗਏ ਵਿਅਕਤੀਆਂ ਨੇ ਆਪਣੇ-ਆਪ ਨੂੰ ਜੈਲੀਸਕੋ ਨਿਊ ਜਨਰੇਸ਼ਨ ਕਾਰਟੈਲ ਦਾ ਮੈਂਬਰ ਦੱਸਿਆ, ਜੋ ਕਿ ਸਾਂਤਾ ਰੋਜ਼ਾ ਗਿਰੋਹ ਦਾ ਵਿਰੋਧੀ ਹੈ, ਜੋ ਹੁਣ ਗੁਆਨਾਜੁਆਤੋ ਵਿਚ ਆਪਣਾ ਕੰਟਰੋਲ ਸਥਾਪਤ ਕਰਨਾ ਚਾਹੁੰਦਾ ਹੈ।


Lalita Mam

Content Editor

Related News