ਇਸ ਸਾਲ ਰਿਪੋਰਟਿੰਗ ਦੌਰਾਨ ਦੁਨੀਆ ਭਰ 'ਚ ਮਾਰੇ ਗਏ 67 ਮੀਡੀਆ ਕਰਮਚਾਰੀ
Saturday, Dec 10, 2022 - 12:54 PM (IST)
 
            
            ਬ੍ਰਸੇਲਜ਼ (ਭਾਸ਼ਾ)- ਯੂਕ੍ਰੇਨ ਵਿੱਚ ਰੂਸ ਦੀ ਜੰਗ, ਹੈਤੀ ਵਿੱਚ ਅਰਾਜਕਤਾ ਅਤੇ ਮੈਕਸੀਕੋ ਵਿੱਚ ਅਪਰਾਧਿਕ ਸਮੂਹਾਂ ਦੀ ਵੱਧਦੀ ਹਿੰਸਾ ਕਾਰਨ 2022 ਵਿੱਚ ਰਿਪੋਰਟਿੰਗ ਦੌਰਾਨ ਜਾਨ ਗਵਾਉਣ ਵਾਲੇ ਮੀਡੀਆ ਕਰਮਚਾਰੀਆਂ ਦੀ ਗਿਣਤੀ ਵਿੱਚ ਮਹੱਤਵਪੂਰਨ ਵਾਧਾ ਹੋਇਆ ਹੈ। ਸ਼ੁੱਕਰਵਾਰ ਨੂੰ ਜਾਰੀ ਇਕ ਨਵੀਂ ਰਿਪੋਰਟ 'ਚ ਇਹ ਜਾਣਕਾਰੀ ਦਿੱਤੀ ਗਈ ਹੈ। ਬ੍ਰਸੇਲਜ਼ ਸਥਿਤ ਇੰਟਰਨੈਸ਼ਨਲ ਫੈਡਰੇਸ਼ਨ ਆਫ ਜਰਨਲਿਸਟਸ (IFJ) ਵੱਲੋਂ ਜਾਰੀ ਕੀਤੀ ਗਈ ਇੱਕ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਇਸ ਸਾਲ ਦੁਨੀਆ ਭਰ ਵਿੱਚ ਹੁਣ ਤੱਕ ਘੱਟੋ-ਘੱਟ 67 ਪੱਤਰਕਾਰ ਅਤੇ ਮੀਡੀਆ ਕਰਮਚਾਰੀ ਮਾਰੇ ਗਏ ਹਨ, ਜਦੋਂਕਿ ਪਿੱਛਲੇ ਸਾਲ ਗਿਣਤੀ 47 ਸੀ।
ਇਹ ਵੀ ਪੜ੍ਹੋ: ਦੁਖ਼ਦਾਈ ਖ਼ਬਰ: ਕੈਨੇਡਾ 'ਚ ਲਾਪਤਾ ਹੋਈ 23 ਸਾਲਾ ਪੰਜਾਬਣ ਜਸਵੀਰ ਪਰਮਾਰ ਦੀ ਮਿਲੀ ਲਾਸ਼
IFJ ਅਨੁਸਾਰ, ਇਸ ਸਾਲ ਦੁਨੀਆ ਭਰ ਵਿੱਚ ਘੱਟੋ ਘੱਟ 375 ਪੱਤਰਕਾਰਾਂ ਨੂੰ ਉਨ੍ਹਾਂ ਦੇ ਕੰਮ ਲਈ ਗ੍ਰਿਫ਼ਤਾਰ ਕੀਤਾ ਗਿਆ ਹੈ। ਹਾਂਗਕਾਂਗ, ਚੀਨ, ਮਿਆਂਮਾਰ ਅਤੇ ਤੁਰਕੀ ਵਿੱਚ ਸਭ ਤੋਂ ਵੱਧ ਪੱਤਰਕਾਰ ਸਲਾਖਾਂ ਪਿੱਛੇ ਬੰਦ ਹਨ। ਪਿਛਲੇ ਸਾਲ 365 ਪੱਤਰਕਾਰਾਂ ਨੂੰ ਕੰਮ ਲਈ ਗ੍ਰਿਫ਼ਤਾਰ ਕੀਤਾ ਗਿਆ ਸੀ। ਡਿਊਟੀ ਦੌਰਾਨ ਆਪਣੀ ਜਾਨ ਗੁਆਉਣ ਵਾਲੇ ਮੀਡੀਆ ਕਰਮਚਾਰੀਆਂ ਦੀ ਗਿਣਤੀ ਵਧਣ ਦੇ ਮੱਦੇਨਜ਼ਰ IFJ ਅਤੇ ਹੋਰ ਮੀਡੀਆ ਅਧਿਕਾਰ ਸਮੂਹਾਂ ਨੇ ਸਰਕਾਰਾਂ ਨੂੰ ਪੱਤਰਕਾਰਾਂ ਦੀ ਸੁਰੱਖਿਆ ਅਤੇ ਸੁਤੰਤਰ ਪੱਤਰਕਾਰੀ ਨੂੰ ਯਕੀਨੀ ਬਣਾਉਣ ਲਈ ਹੋਰ ਠੋਸ ਕਦਮ ਚੁੱਕਣ ਲਈ ਕਿਹਾ ਹੈ।
ਇਹ ਵੀ ਪੜ੍ਹੋ: ਕੈਨੇਡਾ 'ਚ ਕਤਲ ਕੀਤੀ ਗਈ ਸਿੱਖ ਕੁੜੀ ਦੇ ਮਾਪਿਆਂ ਦਾ ਪਹਿਲਾ ਬਿਆਨ ਆਇਆ ਸਾਹਮਣੇ
IFJ ਦੇ ਸਕੱਤਰ ਜਨਰਲ ਐਂਥਨੀ ਬੇਲੈਂਗਰ ਨੇ ਇੱਕ ਬਿਆਨ ਵਿੱਚ ਕਿਹਾ, "ਮੀਡੀਆ ਕਰਮਚਾਰੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਵਿੱਚ ਅਸਫ਼ਲਤਾ ਸਿਰਫ਼ ਉਨ੍ਹਾਂ ਲੋਕਾਂ ਨੂੰ ਹੁਲਾਰਾ ਦੇਵੇਗੀ ਜੋ ਸੂਚਨਾ ਦੇ ਸੁਤੰਤਰ ਪ੍ਰਵਾਹ ਨੂੰ ਰੋਕਣਾ ਚਾਹੁੰਦੇ ਹਨ ਅਤੇ ਆਪਣੇ ਨੇਤਾਵਾਂ ਨੂੰ ਜਵਾਬਦੇਹ ਠਹਿਰਾਉਣ ਦੀ ਲੋਕਾਂ ਦੀ ਸਮਰੱਥਾ ਨੂੰ ਕਮਜ਼ੋਰ ਕਰਨਾ ਚਾਹੁੰਦੇ ਹਨ।" ਸੰਗਠਨ ਦੇ ਅਨੁਸਾਰ, ਇਸ ਸਾਲ ਕਿਸੇ ਵੀ ਹੋਰ ਦੇਸ਼ ਦੀ ਤੁਲਨਾ ਵਿਚ ਯੂਕ੍ਰੇਨ ਵਿੱਚ ਯੁੱਧ ਦੀ ਰਿਪੋਰਟਿੰਗ ਕਰਨ ਵਾਲੇ ਮੀਡੀਆ ਕਰਮਚਾਰੀਆਂ ਦੀ ਮੌਤ ਦੇ ਸਭ ਤੋਂ ਵੱਧ 12 ਮਾਮਲੇ ਦਰਜ ਕੀਤੇ ਗਏ ਹਨ। ਮਰਨ ਵਾਲੇ ਮੀਡੀਆ ਕਰਮਚਾਰੀਆਂ ਵਿਚ ਜ਼ਿਆਦਾਤਰ ਯੂਕ੍ਰੇਨੀ ਸਨ, ਪਰ ਇਨ੍ਹਾਂ ਵਿੱਚ ਅਮਰੀਕੀ ਦਸਤਾਵੇਜ਼ੀ ਫਿਲਮ ਨਿਰਮਾਤਾ ਬ੍ਰੈਂਟ ਰੇਨੌਡ ਵਰਗੇ ਦੂਜੇ ਦੇਸ਼ਾਂ ਦੇ ਪੱਤਰਕਾਰ ਵੀ ਸ਼ਾਮਲ ਸਨ।
ਇਹ ਵੀ ਪੜ੍ਹੋ: ਦੁਖ਼ਦਾਈ ਖ਼ਬਰ: ਆਸਟ੍ਰੇਲੀਆ 'ਚ ਵਾਪਰੇ ਕਾਰ ਹਾਦਸੇ 'ਚ ਪੰਜਾਬੀ ਦੀ ਮੌਤ, ਪਤਨੀ ਅਤੇ ਬੱਚੇ ਜ਼ਖ਼ਮੀ

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            