ਮਲੇਸ਼ੀਆ ''ਚ ਕੋਰੋਨਾ ਵਾਇਰਸ ਦੇ 6,355 ਨਵੇਂ ਮਾਮਲੇ ਆਏ ਸਾਹਮਣੇ, 45 ਮੌਤਾਂ
Saturday, Nov 20, 2021 - 05:20 PM (IST)
ਕੁਆਲਾਲੰਪੁਰ (ਵਾਰਤਾ)- ਮਲੇਸ਼ੀਆ ਵਿਚ ਪਿਛਲੇ 24 ਘੰਟਿਆਂ ਵਿਚ ਕੋਰੋਨਾ ਵਾਇਰਸ ਦੇ 6,355 ਨਵੇਂ ਕੇਸ ਸਾਹਮਣੇ ਆਉਣ ਨਾਲ ਪੀੜਤ ਲੋਕਾਂ ਦੀ ਕੁੱਲ ਗਿਣਤੀ ਵੱਧ ਕੇ 25,75,888 ਹੋ ਗਈ ਹੈ। ਸਿਹਤ ਮੰਤਰਾਲਾ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਮੰਤਰਾਲਾ ਦੀ ਵੈੱਬਸਾਈਟ 'ਤੇ ਜਾਰੀ ਅੰਕੜਿਆਂ ਮੁਤਾਬਕ ਸ਼ੁੱਕਰਵਾਰ ਦੇਰ ਰਾਤ ਤੱਕ ਨਵੇਂ ਮਾਮਲਿਆਂ 'ਚੋਂ 31 ਵਿਦੇਸ਼ ਤੋਂ ਆਏ ਲੋਕ ਹਨ, ਜਦਕਿ ਬਾਕੀ 6,324 ਲੋਕ ਸਥਾਨਕ ਲੋਕਾਂ ਨਾਲ ਸੰਪਰਕ ਵਿਚ ਆਉਣ ਕਾਰਨ ਸੰਕਰਮਿਤ ਹੋਏ ਹਨ। ਇਸ ਦੌਰਾਨ ਇਸ ਘਾਤਕ ਵਾਇਰਸ ਨਾਲ 45 ਹੋਰ ਲੋਕਾਂ ਦੀ ਮੌਤ ਹੋ ਗਈ। ਇਸ ਦੇ ਨਾਲ ਹੀ ਦੇਸ਼ 'ਚ ਮਹਾਮਾਰੀ ਨਾਲ ਮਰਨ ਵਾਲਿਆਂ ਦੀ ਕੁੱਲ ਗਿਣਤੀ 29,937 ਹੋ ਗਈ ਹੈ।
ਪਿਛਲੇ 24 ਘੰਟਿਆਂ ਵਿਚ 5,031 ਮਰੀਜ਼ਾਂ ਨੇ ਕੋਰੋਨਾ ਨੂੰ ਹਰਾਇਆ ਅਤੇ ਉਨ੍ਹਾਂ ਨੂੰ ਵੱਖ-ਵੱਖ ਹਸਪਤਾਲਾਂ ਤੋਂ ਛੁੱਟੀ ਦੇ ਦਿੱਤੀ ਗਈ। ਮਲੇਸ਼ੀਆ ਵਿਚ ਹੁਣ ਤੱਕ 24,77,314 ਲੋਕ ਕੋਰੋਨਾ ਵਾਇਰਸ ਤੋਂ ਛੁਟਕਾਰਾ ਪਾ ਚੁੱਕੇ ਹਨ। ਦੇਸ਼ 'ਚ ਕੋਰੋਨਾ ਦੇ ਐਕਟਿਵ ਮਾਮਲਿਆਂ ਦੀ ਗਿਣਤੀ 68,637 ਹੈ, ਜਿਨ੍ਹਾਂ 'ਚੋਂ 542 ਮਰੀਜ਼ ਆਈ. ਸੀ. ਯੂ. 'ਚ ਦਾਖ਼ਲ ਹਨ ਅਤੇ 268 ਮਰੀਜ਼ਾਂ ਨੂੰ ਸਾਹ ਲੈਣ 'ਚ ਦਿੱਕਤ ਕਾਰਨ ਆਕਸੀਜਨ ਸਪੋਰਟ 'ਤੇ ਰੱਖਿਆ ਗਿਆ ਹੈ। ਸ਼ੁੱਕਰਵਾਰ ਨੂੰ ਦੇਸ਼ ਵਿਚ 1,05,103 ਲੋਕਾਂ ਨੂੰ ਵੈਕਸੀਨ ਦੀ ਖ਼ੁਰਾਕ ਦਿੱਤੀ ਗਈ। ਇੱਥੇ 78.5 ਫ਼ੀਸਦੀ ਆਬਾਦੀ ਨੂੰ ਕੋਰੋਨਾ ਦਾ ਪਹਿਲਾ ਟੀਕਾ ਦਿੱਤਾ ਗਿਆ ਹੈ, ਜਦੋਂ ਕਿ 76.4 ਫੀਸਦੀ ਯੋਗ ਆਬਾਦੀ ਨੂੰ ਦੋਵੇਂ ਖੁਰਾਕਾਂ ਦਿੱਤੀਆਂ ਗਈਆਂ ਹਨ।