62 ਸਾਲ ਗੁਜ਼ਾਰੇ ਇਕੱਠੇ, ਆਖਰੀ ਮੁਲਾਕਾਤ ਨੇ ਸਭ ਨੂੰ ਕੀਤਾ ਭਾਵੁਕ
Tuesday, Jul 14, 2020 - 12:06 PM (IST)

ਲੰਡਨ- ਇੰਗਲੈਂਡ ਵਿਚ ਰਹਿੰਦੇ ਇਕ ਜੋੜੇ ਨੇ 62 ਸਾਲ ਇਕੱਠੇ ਗੁਜ਼ਾਰੇ ਤੇ ਜਦ ਉਨ੍ਹਾਂ ਨੂੰ ਆਖਰੀ ਵਾਰ ਇਕ-ਦੂਜੇ ਨਾਲ ਮਿਲਾਇਆ ਗਿਆ ਤਾਂ ਦੋਵਾਂ ਦੀ ਮੁਲਾਕਾਤ ਦੇਖ ਸਭ ਲੋਕ ਭਾਵੁਕ ਹੋ ਗਏ। 92 ਸਾਲਾ ਜਾਨ ਵਿਲਸਨ ਆਪਣੀ 88 ਸਾਲਾ ਪਤਨੀ ਮੈਰਜੋਰੀ ਨਾਲ ਹੱਥ ਫੜ ਕੇ 10 ਮਿੰਟ ਤਕ ਬੈਠੇ ਰਹੇ।
ਅਸਲ ਵਿਚ ਮਈ ਮਹੀਨੇ ਵਿਚ ਜਾਨ ਨੂੰ ਪਤਾ ਲੱਗਾ ਕਿ ਉਹ ਟਰਮੀਨਲ ਕੈਂਸਰ ਨਾਲ ਪੀੜਤ ਹਨ ਤੇ ਉਨ੍ਹਾਂ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ।
ਇਸੇ ਹਸਪਤਾਲ ਵਿਚ ਉਨ੍ਹਾਂ ਦੀ ਪਤਨੀ ਦੀ ਵੀ ਦੇਖ-ਭਾਲ ਕੀਤੀ ਜਾ ਰਹੀ ਸੀ ਪਰ ਮੈਰਜੋਰੀ ਦੀ ਸਿਹਤ ਵਿਚ ਸੁਧਾਰ ਹੋਣ ਕਾਰਨ ਜਦ ਮੈਰਜੋਰੀ ਨੂੰ ਨਰਸਿੰਗ ਹੋਮ ਵਿਚ ਸ਼ਿਫਟ ਕੀਤਾ ਗਿਆ ਤਾਂ ਨਰਸ ਨੇ ਸੋਚਿਆ ਕਿ ਪਤਾ ਨਹੀਂ ਦੋਵੇਂ ਇਕ-ਦੂਜੇ ਨੂੰ ਮਿਲ ਸਕਣਗੇ ਜਾਂ ਨਾ ਤਾਂ ਉਸ ਨੇ ਇਸ ਬਜ਼ੁਰਗ ਜੋੜੇ ਨੂੰ ਆਖਰੀ ਵਾਰ ਮਿਲਾਉਣ ਦਾ ਵਿਚਾਰ ਕੀਤਾ। ਨਰਸ ਐਮਸਾ ਬੇਕਰ ਨੇ ਉਨ੍ਹਾਂ ਨੂੰ ਮਿਲਾਇਆ ਤਾਂ ਦੋਵੇਂ 10 ਮਿੰਟਾਂ ਤਕ ਇਕ-ਦੂਜੇ ਦਾ ਹੱਥ ਫੜ ਕੇ ਬੈਠੇ ਰਹੇ। ਹਸਪਤਾਲ ਸਟਾਫ ਨੇ ਇਸ ਖਾਸ ਪਲ ਦੀ ਤਸਵੀਰ ਉਨ੍ਹਾਂ ਦੇ ਪਰਿਵਾਰ ਨਾਲ ਵੀ ਸਾਂਝੀ ਕੀਤੀ। ਇਸ ਨੂੰ ਦੇਖ ਹਰ ਕੋਈ ਭਾਵੁਕ ਹੋ ਗਿਆ। ਇਹ ਉਨ੍ਹਾਂ ਦੀ ਆਖਰੀ ਮੁਲਾਕਾਤ ਸੀ ਕਿਉਂਕਿ 15 ਜੂਨ ਨੂੰ ਜਾਨ ਦੀ ਮੌਤ ਹੋ ਗਈ। ਨਰਸ ਨੇ ਕਿਹਾ ਕਿ ਉਹ ਸੋਚ ਵੀ ਨਹੀਂ ਸਕਦੀ ਕਿ ਉਨ੍ਹਾਂ ਲਈ ਉਹ ਪਲ ਕਿਹੋ-ਜਿਹਾ ਹੋਵੇਗਾ। ਉਨ੍ਹਾਂ ਨੇ ਇਕੱਠਿਆਂ ਉਮਰ ਗੁਜ਼ਾਰੀ ਤੇ ਆਖਰੀ ਮੁਲਾਕਾਤ ਨੂੰ ਦੇਖ ਹਰ ਕੋਈ ਭਾਵੁਕ ਹੋ ਗਿਆ।