ਫਿਲਪੀਨ ''ਚ ਆਏ ਜ਼ਬਰਦਸਤ ਭੂਚਾਲ ਕਾਰਨ 6 ਲੋਕਾਂ ਦੀ ਮੌਤ

Tuesday, Oct 29, 2019 - 06:42 PM (IST)

ਫਿਲਪੀਨ ''ਚ ਆਏ ਜ਼ਬਰਦਸਤ ਭੂਚਾਲ ਕਾਰਨ 6 ਲੋਕਾਂ ਦੀ ਮੌਤ

ਮਨੀਲਾ— ਫਿਲਪੀਨ ਦੇ ਦੱਖਣੀ ਹਿੱਸੇ 'ਚ ਮੰਗਲਵਾਰ ਨੂੰ ਆਏ ਇਕ ਜ਼ਬਰਦਸਤ ਭੂਚਾਲ 'ਚ 6 ਲੋਕਾਂ ਦੀ ਮੌਤ ਹੋ ਗਈ ਜਦਕਿ ਦਰਜਨਾਂ ਹੋਰ ਲੋਕ ਇਸ ਦੌਰਾਨ ਜ਼ਖਮੀ ਹੋ ਗਏ ਤੇ ਕਈ ਇਮਾਰਤਾਂ ਨੁਕਸਾਨੀਆਂ ਗਈਆਂ। ਮੰਗਲਵਾਰ ਸਵੇਰੇ ਖੇਤਰ 'ਚ 6.6. ਤੀਬਰਤਾ ਦੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਸਨ।

ਅਮਰੀਕੀ ਭੂ-ਗਰਗ ਸਰਵੇ ਦੇ ਮੁਤਾਬਕ ਮਿੰਦਾਨਾਓ ਟਾਪੂ 'ਤੇ ਭੂਚਾਲ ਆਉਣ ਤੋਂ ਬਾਅਦ ਸਥਾਨਕ ਲੋਕ ਘਰਾਂ ਤੋਂ ਨਿਕਲ ਕੇ ਸੜਕਾਂ 'ਤੇ ਆ ਗਏ। ਫਿਲਪੀਨ ਅਕਸਰ ਭੂਚਾਲ ਨਾਲ ਪ੍ਰਭਾਵਿਤ ਰਹਿੰਦਾ ਹੈ ਕਿਉਂਕਿ ਇਹ 'ਰਿੰਗ ਆਫ ਫਾਇਰ' 'ਚ ਸਥਿਤ ਹੈ, ਜੋ ਕਿ ਭੂਚਾਲ ਸਰਗਰਮ ਇਲਾਕਾ ਹੈ। ਭੂਚਾਲ ਕੇਂਦਰ ਦੇ ਨਜ਼ਦੀਕੀ ਸ਼ਹਿਰ ਤੁਲੁਨਨ ਦੇ ਮੇਅਰ ਰੀਯੁਲ ਲਿੰਬੁਨਗਨ ਨੇ ਕਿਹਾ ਕਿ ਸਾਡੀ ਨਗਰਪਾਲਿਕਾ ਦਾ ਹਾਲ ਨੁਕਸਾਨਿਆ ਗਿਆ ਹੈ। ਉਨ੍ਹਾਂ ਨੇ ਏ.ਐੱਫ.ਪੀ. ਨੂੰ ਦੱਸਿਆ ਕਿ ਸਾਨੂੰ ਲੋਕਾਂ ਦੇ ਜ਼ਖਮੀ ਹੋਣ ਦੀਆਂ ਖਬਰਾਂ ਮਿਲ ਰਹੀਆਂ ਹਨ ਪਰ ਸਾਨੂੰ ਉਨ੍ਹਾਂ ਦੀ ਪੁਸ਼ਟੀ ਕਰਨੀ ਹੋਵੇਗੀ। ਕਸਬੇ ਦੇ ਬੁਲਾਰੇ ਨੇ ਏ.ਐੱਫ.ਪੀ. ਨੂੰ ਦੱਸਿਆ ਕਿ ਮੈਗਸਾਏਸਾਏ ਸਥਿਤ ਆਪਣੇ ਸਕੂਲ ਤੋਂ ਬਚ ਕੇ ਨਿਕਲਣ ਦੀ ਕੋਸ਼ਿਸ਼ ਕਰ ਰਹੇ ਇਕ ਨਾਬਾਲਗ ਦੀ ਕੰਧ ਡਿੱਗਣ ਨਾਲ ਮੌਤ ਹੋ ਗਈ। ਇਮਾਰਤ 'ਚੋਂ ਬਾਕੀ ਬੱਚੇ ਸੁਰੱਖਿਅਤ ਨਿਕਲ ਆਏ। ਅਧਿਕਾਰੀਆਂ ਮੁਤਾਬਕ ਭੂਚਾਲ ਕੇ ਕਾਰਨ 6 ਲੋਕਾਂ ਦੀ ਮੌਤ ਹੋਣ ਦੀਆਂ ਖਬਰਾਂ ਹਨ। ਰਾਹਤ ਕਰਮਚਾਰੀਆਂ ਦੇ ਸਮੂਹ ਖੇਤਰ 'ਚ ਰਾਹਤ ਕਾਰਜਾਂ 'ਤੇ ਲੱਗੇ ਹੋਏ ਹਨ। ਭੂਚਾਲ ਕਾਰਨ ਇਲਾਕੇ 'ਚ ਬਿਜਲੀ ਤੇ ਫੋਨ ਸੁਵਿਧਾਵਾਂ ਠੱਪ ਹੋ ਗਈਆਂ ਹਨ।

ਭੂ-ਗਰਗ ਵਿਭਾਗ ਨੇ ਦੱਸਿਆ ਕਿ ਜ਼ਬਰਦਸਤ ਭੂਚਾਲ ਤੋਂ ਬਾਅਦ ਕਈ ਛੋਟੇ ਭੂਚਾਲਾਂ ਦੇ ਝਟਕੇ ਮਹਿਸੂਸ ਕੀਤੇ ਗਏ, ਜਿਨ੍ਹਾਂ 'ਚੋਂ ਇਕ ਦੀ ਤੀਬਰਤਾ 5.8 ਸੀ। ਲੋਕਾਂ 'ਚ ਇਮਾਰਤਾਂ ਡਿੱਗਣ ਦਾ ਡਰ ਫੈਲ ਗਿਆ ਹੈ। ਲਿਹਾਜ਼ਾ ਲੋਕ ਆਪਣੀਆਂ ਇਮਾਰਤਾਂ 'ਚ ਪਰਤਣ ਤੋਂ ਪਰਹੇਜ਼ ਕਰ ਰਹੇ ਹਨ। ਇਲਾਕੇ 'ਚ ਸਾਰੇ ਸਕੂਲਾਂ ਨੂੰ ਅਹਿਤਿਆਤੀ ਦੇ ਤੌਰ 'ਤੇ ਬੰਦ ਕਰ ਦਿੱਤਾ ਗਿਆ ਹੈ। ਜ਼ਿਕਰਯੋਗ ਹੈ ਕਿ ਇਸ ਤੋਂ ਦੋ ਹਫਤੇ ਪਹਿਲਾਂ ਇਸੇ ਖੇਤਰ 'ਚ ਆਏ ਭੂਚਾਲ ਕਾਰਨ ਘੱਟ ਤੋਂ ਘੱਟ 5 ਲੋਕਾਂ ਦੀ ਮੌਤ ਹੋ ਗਈ ਸੀ ਤੇ ਦਰਜਨਾਂ ਇਮਾਰਤਾਂ ਨੁਕਸਾਨੀਆਂ ਗਈਆਂ ਸਨ।


author

Baljit Singh

Content Editor

Related News