ਨੇਪਾਲ 'ਚ 59 ਸਾਲਾ ਭਾਰਤੀ ਪਰਬਤਾਰੋਹੀ ਦੀ ਮੌਤ, ਚੋਟੀ 'ਤੇ ਪਹੁੰਚ ਬਣਾਉਣਾ ਚਾਹੁੰਦੀ ਸੀ ਰਿਕਾਰਡ

Friday, May 19, 2023 - 10:23 AM (IST)

ਨੇਪਾਲ 'ਚ 59 ਸਾਲਾ ਭਾਰਤੀ ਪਰਬਤਾਰੋਹੀ ਦੀ ਮੌਤ, ਚੋਟੀ 'ਤੇ ਪਹੁੰਚ ਬਣਾਉਣਾ ਚਾਹੁੰਦੀ ਸੀ ਰਿਕਾਰਡ

ਕਾਠਮੰਡੂ: ਨੇਪਾਲ ਤੋਂ ਇਕ ਦੁੱਖਦਾਇਕ ਖ਼ਬਰ ਸਾਹਮਣੇ ਆਈ ਹੈ। ਨੇਪਾਲ ਵਿਚ ਮਾਊਂਟ ਐਵਰੈਸਟ ਦੇ ਬੇਸਕੈਂਪ ਵਿਚ ਬੀਮਾਰ ਪੈਣ ਦੇ ਬਾਅਦ 59 ਸਾਲਾ ਇਕ ਭਾਰਤੀ ਪਰਬਤਾਰੋਹੀ ਦੀ ਮੌਤ ਹੋ ਜਾਣ ਦੀ ਜਾਣਕਾਰੀ ਸਾਹਮਣੇ ਆਈ ਹੈ। ਉਕਤ ਪਰਬਤਾਰੋਹੀ ਵਿਸ਼ਵ ਦੀ ਸਭ ਤੋਂ ਉੱਚੀ ਚੋਟੀ ਨੂੰ ਸਰ ਕਰਨ ਵਾਲੀ ਏਸ਼ੀਆ ਦੀ ਪਹਿਲੀ ਪੇਸਮੇਕਰ ਮਹਿਲਾ ਨਾਲ ਵਿਸ਼ਵ ਰਿਕਾਰਡ ਬਣਾਉਣ ਦੀ ਕੋਸ਼ਿਸ਼ ਕਰ ਰਹੀ ਸੀ। ਨੇਪਾਲ ਦੇ ਸੈਰ-ਸਪਾਟਾ ਵਿਭਾਗ ਦੇ ਨਿਰਦੇਸ਼ਕ ਯੁਵਰਾਜ ਖਾਤੀਵਾੜਾ ਨੇ ਦੱਸਿਆ ਕਿ ਮਾਊਂਟ ਐਵਰੈਸਟ ਬੇਸਕੈਂਪ ਵਿੱਚ ਅਭਿਆਸ ਦੌਰਾਨ ਜਟਿਲਤਾਵਾਂ ਹੋਣ 'ਤੇ ਸੁਜ਼ੈਨ ਲਿਓਪੋਲਡੀਨਾ ਜੀਸਸ (59) ਨੂੰ ਸੋਲਖੁੰਬੂ ਜ਼ਿਲੇ ਦੇ ਲੁਕਲਾ ਖੇਤਰ ਦੇ ਇੱਕ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ, ਜਿੱਥੇ ਵੀਰਵਾਰ ਨੂੰ ਉਸਦੀ ਮੌਤ ਹੋ ਗਈ। ਖਾਤੀਵਾੜਾ ਨੇ ਕਿਹਾ ਕਿ ਸੁਜ਼ੈਨ ਨੂੰ ਮਾਊਂਟ ਐਵਰੈਸਟ ਨੂੰ ਫਤਹਿ ਕਰਨ ਦੀ ਕੋਸ਼ਿਸ਼ ਛੱਡਣ ਲਈ ਕਿਹਾ ਗਿਆ ਸੀ ਕਿਉਂਕਿ ਉਹ ਬੇਸ ਕੈਂਪ 'ਤੇ ਅਨੁਕੂਲਤਾ ਅਭਿਆਸਾਂ ਦੌਰਾਨ ਆਮ ਰਫਤਾਰ ਬਰਕਰਾਰ ਨਹੀਂ ਰੱਖ ਪਾ ਰਹੀ ਸੀ ਅਤੇ ਉਸ ਨੂੰ ਚੜ੍ਹਨ ਵਿੱਚ ਮੁਸ਼ਕਲ ਪੇਸ਼ ਆ ਰਹੀ ਸੀ।

ਸੁਜ਼ੈਨ ਨੂੰ ਪੇਸਮੇਕਰ ਲਗਾਇਆ ਗਿਆ ਸੀ। ਨਿਰਦੇਸ਼ਕ ਨੇ ਕਿਹਾ ਕਿ ਸੁਜ਼ੈਨ ਨੇ ਇਸ ਸਲਾਹ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ ਅਤੇ ਕਿਹਾ ਕਿ ਉਹ 8,848.86 ਮੀਟਰ ਦੀ ਚੋਟੀ 'ਤੇ ਚੜ੍ਹੇਗੀ ਕਿਉਂਕਿ ਉਸ ਨੇ ਚੋਟੀ 'ਤੇ ਚੜ੍ਹਨ ਦੀ ਇਜਾਜ਼ਤ ਲਈ ਪਹਿਲਾਂ ਹੀ ਫੀਸ ਅਦਾ ਕੀਤੀ ਸੀ। ਪਰਬਤਾਰੋਹ ਦੇ ਆਯੋਜਕ ਗਲੇਸ਼ੀਅਰ ਹਿਮਾਲੀਅਨ ਦੇ ਪ੍ਰਧਾਨ ਡੇਂਡੀ ਸ਼ੇਰਪਾ ਨੇ ਕਿਹਾ ਕਿ ਸੁਜ਼ੈਨ ਨੇ 5,800 ਮੀਟਰ ਤੱਕ ਚੜ੍ਹਨਾ ਸੀ ਪਰ ਬੁੱਧਵਾਰ ਨੂੰ ਉਸ ਨੂੰ ਜ਼ਬਰਦਸਤੀ ਏਅਰਲਿਫਟ ਕਰਕੇ ਲੁਕਲਾ ਸ਼ਹਿਰ ਲਿਜਾਇਆ ਗਿਆ ਅਤੇ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਉਸਨੇ ਕਿਹਾ ਕਿ "ਅਸੀਂ ਉਸਨੂੰ ਪੰਜ ਦਿਨ ਪਹਿਲਾਂ ਇਹ ਪਰਬਤਾਰੋਹਣ ਛੱਡਣ ਲਈ ਕਿਹਾ ਸੀ ਪਰ ਉਹ ਐਵਰੈਸਟ ਨੂੰ ਫਤਹਿ ਕਰਨ 'ਤੇ ਅੜੀ ਹੋਈ ਸੀ।"

ਪੜ੍ਹੋ ਇਹ ਅਹਿਮ ਖ਼ਬਰ-'ਜਾਕੋ ਰਾਖੇ ਸਾਈਆਂ...' ਭੂਚਾਲ ਦੇ 3 ਮਹੀਨਿਆਂ ਬਾਅਦ ਮਲਬੇ 'ਚੋਂ ਜ਼ਿੰਦਾ ਬਚਾਇਆ ਗਿਆ ਸ਼ਖ਼ਸ

ਚੜ੍ਹਨ ਵਿੱਚ ਆ ਰਹੀ ਸੀ ਮੁਸ਼ਕਲ

ਉਹਨਾਂ ਦੱਸਿਆ ਕਿ ਅਨੁਕੂਲਨ ਦੌਰਾਨ ਪਾਇਆ ਗਿਆ ਸੀ ਕਿ ਉਹ ਸੁਜੈ਼ਨ ਹੋਰ ਚੜ੍ਹਨ ਲਈ ਫਿੱਟ ਨਹੀਂ ਸੀ। ਸ਼ੇਰਪਾ ਨੇ ਕਿਹਾ ਕਿ ''ਉਹ ਪੇਸਮੇਕਰ ਨਾਲ ਐਵਰੈਸਟ 'ਤੇ ਚੜ੍ਹਨ ਵਾਲੀ ਪਹਿਲੀ ਏਸ਼ੀਆਈ ਮਹਿਲਾ ਬਣਨਾ ਚਾਹੁੰਦੀ ਸੀ ਅਤੇ ਅਜਿਹਾ ਕਰਕੇ ਨਵਾਂ ਵਿਸ਼ਵ ਰਿਕਾਰਡ ਕਾਇਮ ਕਰਨਾ ਚਾਹੁੰਦੀ ਸੀ।'' ਉਸ ਨੇ ਕਿਹਾ ਕਿ ਉਸ ਨੂੰ ਗਲੇ ਦੀ ਸਮੱਸਿਆ ਸੀ ਅਤੇ ਉਹ ਆਸਾਨੀ ਨਾਲ ਭੋਜਨ ਨਿਗਲਣ ਦੇ ਯੋਗ ਨਹੀਂ ਸੀ। ਉਨ੍ਹਾਂ ਦੱਸਿਆ ਕਿ ਸੁਜ਼ੈਨ ਦੀ ਲਾਸ਼ ਨੂੰ ਵੀਰਵਾਰ ਦੁਪਹਿਰ ਨੂੰ ਕਾਠਮੰਡੂ ਅਤੇ ਫਿਰ ਪੋਸਟਮਾਰਟਮ ਲਈ ਮਹਾਰਾਜਗੰਜ ਨਗਰਪਾਲਿਕਾ ਦੇ ਤ੍ਰਿਭੁਵਨ ਯੂਨੀਵਰਸਿਟੀ ਟੀਚਿੰਗ ਹਸਪਤਾਲ ਲਿਜਾਇਆ ਗਿਆ। ਸ਼ੇਰਪਾ ਮੁਤਾਬਕ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ ਅਤੇ ਉਨ੍ਹਾਂ ਦੇ ਸ਼ੁੱਕਰਵਾਰ ਸ਼ਾਮ ਤੱਕ ਕਾਠਮੰਡੂ ਪਹੁੰਚਣ ਦੀ ਉਮੀਦ ਹੈ। ਜ਼ਿਕਰਯੋਗ ਹੈ ਕਿ ਵੀਰਵਾਰ ਸਵੇਰੇ ਮਾਊਂਟ ਐਵਰੈਸਟ 'ਤੇ ਚੜ੍ਹਨ ਦੌਰਾਨ ਇਕ ਚੀਨੀ ਪਰਬਤਾਰੋਹੀ ਦੀ ਵੀ ਮੌਤ ਹੋ ਗਈ। ਇਸ ਤੋਂ ਬਾਅਦ ਇਸ ਸੀਜ਼ਨ ਵਿੱਚ ਮਰਨ ਵਾਲਿਆਂ ਦੀ ਕੁੱਲ ਗਿਣਤੀ ਅੱਠ ਹੋ ਗਈ ਹੈ। ਐਵਰੈਸਟ 'ਤੇ ਚੜ੍ਹਨ ਦੌਰਾਨ ਹੋਈਆਂ ਮੌਤਾਂ ਵਿੱਚ ਚਾਰ ਸ਼ੇਰਪਾ, ਇੱਕ ਅਮਰੀਕੀ ਡਾਕਟਰ ਅਤੇ ਇੱਕ ਮੋਲਡੋਵਨ ਪਰਬਤਰੋਹੀ ਸ਼ਾਮਲ ਹੈ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News