54 ਫ਼ੀਸਦੀ ਅਮਰੀਕੀ ਮਹਿਲਾ ਰਾਸ਼ਟਰਪਤੀ ਲਈ ਤਿਆਰ, ਕਿਹਾ- ''''ਔਰਤ-ਮਰਦ ਇਕ ਬਰਾਬਰ...''''
Monday, Jul 29, 2024 - 02:58 AM (IST)
ਵਾਸ਼ਿੰਗਟਨ (ਏਜੰਸੀ) : ਜ਼ਿਆਦਾਤਰ ਅਮਰੀਕੀ ਹੁਣ ਇਕ ਮਹਿਲਾ ਰਾਸ਼ਟਰਪਤੀ ਲਈ ਤਿਆਰ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਉਮੀਦਵਾਰ ਭਾਵੇਂ ਔਰਤ ਹੋਵੇ ਜਾਂ ਮਰਦ, ਦੋਵਾਂ ਦੇ ਬਰਾਬਰ ਅਧਿਕਾਰ ਹਨ। ਇਕ ਸਰਵੇਖਣ ਅਨੁਸਾਰ 54 ਫੀਸਦੀ ਅਮਰੀਕੀ ਮਹਿਲਾ ਰਾਸ਼ਟਰਪਤੀ ਲਈ ਤਿਆਰ ਹਨ। ਹਾਲਾਂਕਿ 30 ਫੀਸਦੀ ਅਮਰੀਕੀ ਨਹੀਂ ਚਾਹੁੰਦੇ ਕਿ ਕੋਈ ਔਰਤ ਰਾਸ਼ਟਰਪਤੀ ਬਣੇ। ਇਹ ਅੰਕੜੇ 2015 ਵਿਚ ਕੀਤੇ ਗਏ ਇਕ ਇਹੋ ਜਿਹੇ ਹੀ ਸਰਵੇਖਣ ਤੋਂ ਘੱਟ ਹਨ, ਜਦੋਂ ਸਰਵੇ ਵਿਚ 63 ਫੀਸਦੀ ਅਮਰੀਕੀਆਂ ਨੇ ਕਿਹਾ ਸੀ ਕਿ ਉਹ ਮਹਿਲਾ ਰਾਸ਼ਟਰਪਤੀ ਲਈ ਤਿਆਰ ਹਨ।
ਇਸ ਸਰਵੇਖਣ ਤੋਂ ਇਕ ਮਹੀਨੇ ਬਾਅਦ ਹੀ ਡੈਮੋਕ੍ਰੇਟ ਹਿਲੇਰੀ ਕਲਿੰਟਨ ਨੇ ਆਪਣੀ ਉਮੀਦਵਾਰੀ ਦਾ ਐਲਾਨ ਕਰ ਦਿੱਤਾ ਸੀ। ਹਾਲਾਂਕਿ ਉਹ ਟਰੰਪ ਤੋਂ ਚੋਣ ਹਾਰ ਗਈ ਸੀ। ਹੁਣ ਕਮਲਾ ਹੈਰਿਸ ਇਹੋ ਜਿਹੀ ਦੂਜੀ ਡੈਮੋਕ੍ਰੇਟ ਮਹਿਲਾ ਹੈ, ਜਿਸ ਨੇ ਖੁਦ ਨੂੰ ਟਰੰਪ ਖਿਲਾਫ ਉਮੀਦਵਾਰ ਐਲਾਨਿਆ ਹੈ।
ਲਗਭਗ 41 ਫੀਸਦੀ ਅਮਰੀਕਨ ਇਹ ਵੀ ਮਹਿਸੂਸ ਕਰਦੇ ਹਨ ਕਿ ਮਰਦ ਅਤੇ ਔਰਤ ਦੇ ਬਰਾਬਰ ਯੋਗ ਹੋਣ ’ਤੇ ਉਨ੍ਹਾਂ ਦੇ ਦੇਸ਼ ਦੇ ਅੱਧੇ ਤੋਂ ਵੱਧ ਲੋਕ ਮਰਦ ਉਮੀਦਵਾਰ ਨੂੰ ਹੀ ਵੋਟ ਦੇਣਗੇ।
ਹੱਕ ’ਚ ਜ਼ਿਆਦਾ ਡੈਮੋਕ੍ਰੇਟ
ਡੈਮੋਕ੍ਰੇਟ ਪਾਰਟੀ ਦੇ 77 ਫੀਸਦੀ ਮੈਂਬਰਾਂ ਦਾ ਮੰਨਣਾ ਹੈ ਕਿ ਦੇਸ਼ ਇਕ ਮਹਿਲਾ ਰਾਸ਼ਟਰਪਤੀ ਲਈ ਤਿਆਰ ਹੈ। ਦੂਜੇ ਪਾਸੇ ਉਨ੍ਹਾਂ ਦੇ ਬਾਕੀ ਸਾਥੀਆਂ ਦਾ ਮੰਨਣਾ ਹੈ ਕਿ ਅਮਰੀਕੀ ਬਰਾਬਰ ਦੀ ਯੋਗਤਾ ਵਾਲੀ ਔਰਤ ਨੂੰ ਵੋਟ ਦੇਣ ਤੋਂ ਝਿਜਕਦੇ ਹਨ। 35 ਫੀਸਦੀ ਡੈਮੋਕ੍ਰੇਟਸ ਵੀ ਚਾਹੁੰਦੇ ਹਨ ਕਿ ਕਮਲਾ ਹੈਰਿਸ ਆਪਣੇ ਲਈ ਉਪ ਰਾਸ਼ਟਰਪਤੀ ਕਿਸੇ ਮਰਦ ਨੂੰ ਚੁਣੇ, ਜਦਕਿ ਸਿਰਫ 6 ਫੀਸਦੀ ਡੈਮੋਕ੍ਰੇਟਸ ਹੀ ਚਾਹੁੰਦੇ ਹਨ ਕਿ ਉਨ੍ਹਾਂ ਨੂੰ ਆਪਣੇ ਲਈ ਕਿਸੇ ਔਰਤ ਨੂੰ ਉਪ ਰਾਸ਼ਟਰਪਤੀ ਚੁਣਨਾ ਚਾਹੀਦਾ ਹੈ।
ਉਪ ਰਾਸ਼ਟਰਪਤੀ ਦੇ ਅਹੁਦੇ ਦੇ ਦਾਅਵੇਦਾਰ
ਗ੍ਰੇਚਨ ਵ੍ਹਿਟਮੇਰ
ਮਾਰਕ ਕੈਲੀ
ਜੋਸ਼ ਸ਼ਾਪਿਰੋ
ਡੈਮੋਕ੍ਰੇਟਸ ਵਿਚੋਂ ਉਪ ਰਾਸ਼ਟਰਪਤੀ ਦੇ ਅਹੁਦੇ ਲਈ ਸਭ ਤੋਂ ਵੱਧ 27 ਫੀਸਦੀ ਸਮਰਥਨ ਮਿਸ਼ੀਗਨ ਦੀ ਗਵਰਨਰ ਗ੍ਰੇਚਨ ਵ੍ਹਿਟਮਰ ਨੂੰ ਪ੍ਰਾਪਤ ਹੈ। ਸਾਬਕਾ ਪੁਲਾੜ ਯਾਤਰੀ ਅਤੇ ਐਰੀਜ਼ੋਨਾ ਦੇ ਸੀਨੇਟਰ ਮਾਰਕ ਕੈਲੀ ਅਤੇ ਪੈਨਸਿਲਵੀਨੀਆ ਦੇ ਗਵਰਨਰ ਜੋਸ਼ ਸ਼ਾਪਿਰੋ ਨੂੰ 22-22 ਫੀਸਦੀ ਸਮਰਥਨ ਪ੍ਰਾਪਤ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e