ਈਰਾਨ 'ਚ ਤਿੰਨ ਸਾਲਾਂ ਤੋਂ ਫਸੇ 5 ਭਾਰਤੀ ਅੱਜ ਪਰਤਣਗੇ ਵਤਨ, ਬਿਨਾਂ ਦੋਸ਼ 403 ਦਿਨ ਹਿਰਾਸਤ 'ਚ ਵੀ ਰਹੇ
Friday, Mar 24, 2023 - 01:48 PM (IST)
ਤਹਿਰਾਨ (ਏ.ਐੱਨ.ਆਈ.): ਈਰਾਨ ਵਿੱਚ ਫਸੇ ਪੰਜ ਭਾਰਤੀ ਮਲਾਹ ਕਰੀਬ ਤਿੰਨ ਸਾਲਾਂ ਬਾਅਦ ਅੱਜ ਵਤਨ ਪਰਤਣਗੇ। ਦੱਸ ਦੇਈਏ ਕਿ ਇਹ ਪੰਜ ਭਾਰਤੀ ਨਾਗਰਿਕ ਬਿਨਾਂ ਕਿਸੇ ਦੋਸ਼ ਦੇ ਚਾਬਹਾਰ ਕੇਂਦਰੀ ਜੇਲ੍ਹ ਵਿੱਚ 403 ਦਿਨ ਬਿਤਾ ਚੁੱਕੇ ਹਨ ਅਤੇ ਇਸ ਤੋਂ ਬਾਅਦ ਵੀ ਉਹ ਲੰਬੇ ਸਮੇਂ ਤੱਕ ਈਰਾਨ ਵਿੱਚ ਫਸੇ ਹੋਏ ਸਨ। ਹੁਣ ਚਾਬਹਾਰ, ਕੋਨਾਰਕ, ਸਿਸਤਾਨ ਅਤੇ ਬਲੋਚਿਸਤਾਨ ਸੂਬੇ ਦੇ ਅਧਿਕਾਰੀਆਂ ਵੱਲੋਂ ਨਿਰਦੋਸ਼ ਪਾਏ ਜਾਣ ਤੋਂ ਬਾਅਦ ਇਹ ਪੰਜ ਭਾਰਤੀ ਭਾਰਤ ਪਰਤਣਗੇ।
ਈਰਾਨ ਤੋਂ ਭਾਰਤ ਪਰਤਣ ਵਾਲੇ ਮਲਾਹਾਂ ਦਾ ਖਰਚਾ ਭਾਰਤ ਸਰਕਾਰ ਅਤੇ ਵਿਦੇਸ਼ਾਂ ਵਿੱਚ ਫਸੇ ਭਾਰਤੀ ਨਾਗਰਿਕਾਂ ਦੀ ਮਦਦ ਲਈ ਕੰਮ ਕਰਨ ਵਾਲੀ ਸਰਕਾਰੀ ਸੰਸਥਾ ਇੰਡੀਅਨ ਵਰਲਡ ਫੋਰਮ ਵੱਲੋਂ ਚੁੱਕਿਆ ਜਾਵੇਗਾ। ਦੂਜੇ ਪਾਸੇ ਦਿੱਲੀ ਹਾਈ ਕੋਰਟ ਵੱਲੋਂ ਕੇਂਦਰ ਸਰਕਾਰ ਨੂੰ ਦਿੱਤੇ ਨਿਰਦੇਸ਼ਾਂ 'ਤੇ ਤਹਿਰਾਨ ਸਥਿਤ ਭਾਰਤੀ ਦੂਤਘਰ ਇਨ੍ਹਾਂ ਮਲਾਹਾਂ ਨੂੰ ਹਵਾਈ ਅੱਡੇ ਤੱਕ ਪਹੁੰਚਾਉਣ ਦੀ ਜ਼ਿੰਮੇਵਾਰੀ ਨਿਭਾਏਗਾ। ਸੂਤਰਾਂ ਅਨੁਸਾਰ 5 ਭਾਰਤੀ ਕਥਿਤ ਤੌਰ 'ਤੇ ਈਰਾਨ ਏਅਰ ਦੀ ਉਡਾਣ ਰਾਹੀਂ ਤਹਿਰਾਨ ਤੋਂ ਮੁੰਬਈ ਪਹੁੰਚਣਗੇ।
ਪੜ੍ਹੋ ਇਹ ਅਹਿਮ ਖ਼ਬਰ- ਭਾਰਤ ਸਰਕਾਰ ਦਾ ਨਵਾਂ ਕਦਮ, ਯੂਕੇ ਸਰਕਾਰ ਨੂੰ ਛੇ ਖਾਲਿਸਤਾਨੀ ਆਗੂਆਂ ਨੂੰ ਡਿਪੋਰਟ ਕਰਨ ਦੀ ਮੰਗ
ਜਾਣੋ ਕੀ ਹੈ ਮਾਮਲਾ
ਦੱਸ ਦੇਈਏ ਕਿ ਪੰਜ ਭਾਰਤੀ ਮਲਾਹ ਅਨਿਕੇਤ ਸ਼ਾਮ ਯੇਨਪੁਰੇ, ਮੰਦਾਰ ਮਿਲਿੰਦ ਵਰਲੀਕਰ, ਨਵੀਨ ਸਿੰਘ, ਪ੍ਰਣਵ ਕੁਮਾਰ ਅਤੇ ਥਮਿਜ਼ਸੇਲਵਨ ਰੰਗਾਸਾਮੀ ਇੱਕ ਵਪਾਰਕ ਸ਼ਿਪਿੰਗ ਕੰਪਨੀ ਵਿੱਚ ਕੰਮ ਕਰਦੇ ਸਨ। 20 ਫਰਵਰੀ 2020 ਨੂੰ ਉਹਨਾਂ ਨੂੰ ਆਰਟਿਨ 10 ਜਹਾਜ਼ ਦੇ ਨਾਲ ਈਰਾਨੀ ਸੁਰੱਖਿਆ ਬਲਾਂ ਨੇ ਹਰਮਨ ਦੀ ਖਾੜੀ ਵਿੱਚ ਸ਼ੱਕ ਦੇ ਅਧਾਰ 'ਤੇ ਫੜ ਲਿਆ ਸੀ। ਇਸ ਤੋਂ ਬਾਅਦ ਉਹਨਾ ਨੂੰ 403 ਦਿਨਾਂ ਲਈ ਨਿਆਂਇਕ ਹਿਰਾਸਤ ਵਿੱਚ ਰੱਖਿਆ ਗਿਆ ਅਤੇ ਇਸ ਦੌਰਾਨ ਈਰਾਨ ਪੁਲਸ ਵੱਲੋਂ ਉਹਨਾਂ ਖ਼ਿਲਾਫ਼ ਕੋਈ ਚਾਰਜਸ਼ੀਟ ਦਾਖ਼ਲ ਨਹੀਂ ਕੀਤੀ ਗਈ।
ਪੜ੍ਹੋ ਇਹ ਅਹਿਮ ਖ਼ਬਰ-ਅਮਰੀਕਾ : ਭਾਰਤੀ ਨਾਗਰਿਕ ਬਾਲ ਸ਼ੋਸ਼ਣ ਸਬੰਧਤ ਸਮੱਗਰੀ ਵੰਡਣ ਦਾ ਦੋਸ਼ੀ ਕਰਾਰ, ਹੋਈ 188 ਮਹੀਨਿਆਂ ਦੀ ਸਜ਼ਾ
ਮੀਡੀਆ ਰਿਪੋਰਟਾਂ ਮੁਤਾਬਕ ਚਾਬਹਾਰ ਦੀ ਇਕ ਅਦਾਲਤ ਨੇ ਪੰਜ ਭਾਰਤੀ ਮਲਾਹਾਂ ਨੂੰ ਬੇਕਸੂਰ ਮੰਨਦੇ ਹੋਏ ਰਿਹਾਅ ਕਰਨ ਦਾ ਹੁਕਮ ਦਿੱਤਾ ਸੀ। ਹਾਲਾਂਕਿ ਰਿਹਾਅ ਹੋਣ ਤੋਂ ਬਾਅਦ ਵੀ ਭਾਰਤੀ ਮਲਾਹਾਂ ਦੇ ਪਾਸਪੋਰਟ ਅਤੇ ਪਛਾਣ ਪੱਤਰ ਵਾਪਸ ਨਹੀਂ ਕੀਤੇ ਗਏ, ਜਿਸ ਕਾਰਨ ਇਹ ਪੰਜੇ ਈਰਾਨ ਵਿੱਚ ਫਸੇ ਹੋਏ ਹਨ ਅਤੇ ਸਥਾਨਕ ਲੋਕਾਂ ਦੀ ਮਦਦ ਨਾਲ ਆਪਣੇ ਦਿਨ ਕੱਟ ਰਹੇ ਸਨ। ਹੁਣ ਭਾਰਤ ਸਰਕਾਰ ਦੀ ਮਦਦ ਨਾਲ ਇਹ ਪੰਜ ਭਾਰਤੀ ਮਲਾਹ ਜਲਦ ਹੀ ਵਤਨ ਪਰਤਣਗੇ।
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।