ਚੀਨ : ਹੋਟਲ ਦੇ ਮਲਬੇ ਹੇਠ ਫਸੇ 49 ਲੋਕਾਂ ਨੂੰ ਬਚਾਇਆ ਗਿਆ, ਬਚਾਅ ਕਾਰਜ ਜਾਰੀ

03/08/2020 1:25:04 PM

ਫੂਜੌਉ— ਚੀਨ ਦੇ ਫੁਜਿਆਨ ਸੂਬੇ 'ਚ ਹੋਟਲ ਢਹਿ ਜਾਣ ਕਾਰਨ 70 ਲੋਕ ਇਸ ਹੇਠ ਦੱਬੇ ਗਏ ਸਨ ਤੇ ਹੁਣ ਇਨ੍ਹਾਂ 'ਚੋਂ 49 ਲੋਕਾਂ ਨੂੰ ਬਚਾਇਆ ਗਿਆ ਹੈ। ਸਥਾਨਕ ਪ੍ਰਸ਼ਾਸਨ ਨੇ ਇਸ ਦੀ ਸੂਚਨਾ ਦਿੱਤੀ। ਕਾਨਜੋਓ ਸ਼ਹਿਰ ਦੇ ਲਿਚੇਂਗ ਜ਼ਿਲੇ 'ਚ ਸ਼ਿਨਜਿਆ ਹੋਟਲ ਸ਼ਨੀਵਾਰ ਸ਼ਾਮ ਤਕਰੀਬਨ 7.15 ਵਜੇ ਢਹਿ ਢੇਰੀ ਹੋ ਗਿਆ ਸੀ। ਸ਼ੁਰੂਆਤੀ ਰਿਪੋਰਟਾਂ ਮੁਤਾਬਕ 70 ਲੋਕ ਇਮਾਰਤ ਦੇ ਮਲਬੇ ਹੇਠ ਫਸ ਗਏ ਸਨ ਅਤੇ 700 ਬਚਾਅ ਕਰਮਚਾਰੀਆਂ ਨੂੰ ਘਟਨਾ ਵਾਲੇ ਸਥਾਨ 'ਤੇ ਭੇਜਿਆ ਗਿਆ। ਬਚਾਅ ਕਰਮਚਾਰੀਆਂ ਨੇ 2 ਸਾਲਾ ਬੱਚੇ ਨੂੰ ਵੀ ਮਲਬੇ ਹੇਠੋਂ ਕੱਢਿਆ ਤੇ ਉਸ ਨੂੰ ਉਸ ਦੇ ਮਾਂ-ਬਾਪ ਸਣੇ ਇਲਾਜ ਲਈ ਭੇਜਿਆ ਗਿਆ ਹੈ।

ਨਗਰਪਾਲਿਕਾ ਅਧਿਕਾਰੀਆਂ ਦੇ ਸੂਤਰਾਂ ਨੇ ਕਿਹਾ ਕਿ ਹੋਟਲ ਦੀ ਵਰਤੋਂ ਕੋਰੋਨਾ ਵਾਇਰਸ ਦੀ ਰੋਕਥਾਮ ਦੌਰਾਨ ਹੋਰ ਸੂਬਿਆਂ 'ਚੋਂ ਆਏ ਲੋਕਾਂ ਨੂੰ ਚੌਕਸ ਕਰਨ ਅਤੇ ਦੇਖਣ ਲਈ ਕੀਤੀ ਜਾ ਰਹੀ ਸੀ। ਐਮਰਜੈਂਸੀ ਪ੍ਰਬੰਧਨ ਮੰਤਰਾਲੇ ਵਲੋਂ ਮਦਦ ਕਰਨ ਅਤੇ ਦੁਰਘਟਨਾ ਦੇ ਕਾਰਨਾਂ ਦੀ ਜਾਂਚ ਲਈ ਇਕ ਕਾਰਜ ਦਲ ਨੂੰ ਕਾਨਜੋਓ ਸ਼ਹਿਰ ਭੇਜਿਆ ਹੈ।

ਮੰਤਰਾਲੇ ਨੇ ਪੀੜਤਾਂ ਦੇ ਬਚਾਅ ਲਈ ਸਾਰੀਆਂ ਕੋਸ਼ਿਸ਼ਾਂ ਦੀ ਅਪੀਲ ਕੀਤੀ ਅਤੇ ਬਚਾਅ ਦਲਾਂ ਦੀ ਸੁਰੱਖਿਆ ਕਰਨ ਦਾ ਵੀ ਹੁਕਮ ਦਿੱਤਾ। ਇਕ ਸਥਾਨਕ ਨੇ ਨਾਗਰਿਕ ਕਿਹਾ,''ਇਹ ਹੋਟਲ 6 ਮੰਜ਼ਲਾਂ ਸੀ ਅਤੇ ਜਦ ਇਹ ਢਹਿ ਗਿਆ ਤਾਂ ਮੈਨੂੰ ਜ਼ੋਰ ਦੀ ਆਵਾਜ਼ ਸੁਣਾਈ ਦਿੱਤੀ ਅਤੇ ਭੂਚਾਲ ਦੇ ਝਟਕੇ ਵਰਗਾ ਮਹਿਸੂਸ ਹੋਇਆ। ਬਚਾਅ ਕਾਰਜ ਅਜੇ ਵੀ ਜਾਰੀ ਹੈ।


Related News