ਜਹਾਜ਼ਾਂ ਰਾਹੀਂ ਹੋ ਰਹੀ ਨਸ਼ਾ ਤਸਕਰੀ, ਗੈਟਵਿਕ ਹਵਾਈ ਅੱਡੇ ਤੋਂ 4 ਮਿਲੀਅਨ ਪੌਂਡ ਦੀ ਕੋਕੀਨ ਜ਼ਬਤ

Saturday, Aug 29, 2020 - 02:44 PM (IST)

ਜਹਾਜ਼ਾਂ ਰਾਹੀਂ ਹੋ ਰਹੀ ਨਸ਼ਾ ਤਸਕਰੀ, ਗੈਟਵਿਕ ਹਵਾਈ ਅੱਡੇ ਤੋਂ 4 ਮਿਲੀਅਨ ਪੌਂਡ ਦੀ ਕੋਕੀਨ ਜ਼ਬਤ

ਗਲਾਸਗੋ/ਲੰਡਨ, (ਮਨਦੀਪ ਖੁਰਮੀ ਹਿੰਮਤਪੁਰਾ)- ਗੈਟਵਿਕ ਹਵਾਈ ਅੱਡੇ 'ਤੇ 4 ਮਿਲੀਅਨ ਪੌਂਡ ਤੋਂ ਵੱਧ ਦੀ ਕੋਕੀਨ ਜ਼ਬਤ ਕੀਤੀ ਗਈ ਹੈ, ਜਿਸ ਨੂੰ ਸਬਜ਼ੀਆਂ ਅਤੇ ਤਰਲ ਰੂਪ ਵਿਚ ਲੁਕੋ ਕੇ ਲਿਆਂਦਾ ਗਿਆ ਸੀ। ਇਸ ਘਟਨਾ ਤੋਂ ਬਾਅਦ ਇਸ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਕਿ ਉਕਤ ਨਸ਼ੇ ਦੀ ਤਸਕਰੀ ਪਿੱਛੇ ਕਿਸ ਦਾ ਹੱਥ ਹੈ? 

ਬਾਰਡਰ ਫੋਰਸ ਦੇ ਅਧਿਕਾਰੀਆਂ ਨੇ ਜਮੈਕਾ ਦੇ ਕਿੰਗਸਟਨ ਤੋਂ ਆਈਆਂ ਉਡਾਣਾਂ ਵਿਚ ਇਹ ਕਲਾਸ ਏ ਦੀ ਵੱਡੀ ਮਾਤਰਾ 'ਚ ਡਰੱਗ ਦੀ ਖੇਪ ਫੜੀ ਹੈ। ਸਭ ਤੋਂ ਪਹਿਲਾਂ 11 ਅਗਸਤ ਨੂੰ ਸਬਜ਼ੀਆਂ ਦੀ ਖੇਪ ਵਿਚ ਲਗਭਗ 11 ਕਿਲੋ ਕੋਕੀਨ ਮਿਲੀ ਸੀ। ਇਸ ਦੀ ਅੰਦਾਜ਼ਨ ਕੀਮਤ 1.8 ਮਿਲੀਅਨ ਪੌਂਡ ਹੈ। ਇਸ ਤੋਂ ਬਾਅਦ ਦੂਜੀ ਵਾਰ ਇਕ ਹਫਤੇ ਬਾਅਦ 18 ਅਗਸਤ ਨੂੰ ਕਿੰਗਸਟਨ ਤੋਂ ਉਸੇ ਉਡਾਨ ਤੋਂ ਕੋਕੀਨ ਨੂੰ ਜ਼ਬਤ ਕੀਤਾ ਗਿਆ। 

ਇਸ ਵਾਰ 30 ਕਿਲੋ ਕੋਕੀਨ ਮਿਲੀ ਜਿਸ ਦੀ ਅੰਦਾਜ਼ਨ ਕੀਮਤ 2.4 ਮਿਲੀਅਨ ਪੌਂਡ ਹੈ। ਇਸ ਤੋਂ ਬਾਅਦ ਤੀਸਰੀ ਕਾਰਵਾਈ ਮੰਗਲਵਾਰ (25 ਅਗਸਤ) ਨੂੰ ਫਿਰ ਕਿੰਗਸਟਨ ਤੋਂ ਉਡਾਣ ਵਿਚ ਬਾਰਡਰ ਫੋਰਸ ਵਲੋਂ ਕੀਤੀ ਗਈ। ਇਸ ਵਾਰ ਤਕਰੀਬਨ 3 ਕਿੱਲੋ ਕੋਕੀਨ ਮਿਲੀ, ਜਿਸ ਨੂੰ ਤਰਲ ਘੋਲ ਵਿਚ ਬਦਲ ਦਿੱਤਾ ਗਿਆ ਸੀ ਅਤੇ ਇਸ ਦਾ ਅੰਦਾਜ਼ਨ ਮੁੱਲ 2,50,000 ਪੌਂਡ ਹੈ। ਇਸ ਤਰ੍ਹਾਂ ਕੁੱਲ 44 ਕਿਲੋ ਕੋਕੀਨ ਜ਼ਬਤ ਕੀਤੀ ਗਈ ਹੈ। ਨਸ਼ਿਆਂ ਦੀ ਜ਼ਬਤੀ ਦੇ ਸਬੰਧ ਵਿਚ ਕੋਈ ਗਿਰਫਤਾਰੀ ਨਹੀਂ ਕੀਤੀ ਗਈ ਹੈ। ਗੈਟਵਿਕ ਨੈਸ਼ਨਲ ਕ੍ਰਾਈਮ ਏਜੰਸੀ ਬ੍ਰਾਂਚ ਦੇ ਕਮਾਂਡਰ ਮਾਰਕ ਮੈਕ ਕੋਰਮੈਕ ਨੇ ਕਿਹਾ ਕਿ “ਬਾਰਡਰ ਫੋਰਸ ਨੇ ਕਲਾਸ ਏ ਦੀਆਂ ਨਸ਼ੀਲੀਆਂ ਦਵਾਈਆਂ ਨੂੰ ਯੂ. ਕੇ. ਦੀਆਂ ਸੜਕਾਂ 'ਤੇ ਪਹੁੰਚਣ ਤੋਂ ਰੋਕਿਆ ਹੈ ਅਤੇ ਸਾਡੀ ਪੜਤਾਲ ਜਾਰੀ ਹੈ।”


author

Sanjeev

Content Editor

Related News