ਗ੍ਰੀਸ ''ਚ ਵਾਪਰੇ ਰੇਲ ਹਾਦਸੇ ''ਚ ਮ੍ਰਿਤਕਾਂ ਦੀ ਗਿਣਤੀ ਹੋਈ 38, ਟਰਾਂਸਪੋਰਟ ਮੰਤਰੀ ਨੇ ਦਿੱਤਾ ਅਸਤੀਫ਼ਾ
Thursday, Mar 02, 2023 - 09:31 AM (IST)
ਟੈਂਪੇ/ਗ੍ਰੀਸ (ਭਾਸ਼ਾ) : ਉੱਤਰੀ ਗ੍ਰੀਸ ਵਿੱਚ ਮੰਗਲਵਾਰ ਦੇਰ ਰਾਤ ਇੱਕ ਯਾਤਰੀ ਰੇਲ ਅਤੇ ਇੱਕ ਮਾਲ ਗੱਡੀ ਦੀ ਟੱਕਰ ਵਿੱਚ ਘੱਟ ਤੋਂ ਘੱਟ 38 ਲੋਕਾਂ ਦੀ ਮੌਤ ਹੋ ਗਈ ਅਤੇ ਕਈ ਜ਼ਖ਼ਮੀ ਹੋ ਗਏ। ਇਸ ਹਾਦਸੇ ਤੋਂ ਬਾਅਦ ਦੇਸ਼ ਦੇ ਟਰਾਂਸਪੋਰਟ ਮੰਤਰੀ ਕੋਸਟਾਸ ਕਰਾਮਾਨਲਿਸ ਨੇ ਅਸਤੀਫ਼ਾ ਦੇ ਦਿੱਤਾ ਹੈ। ਕਰਾਮਾਨਲਿਸ ਨੇ ਕਿਹਾ ਕਿ ਉਨ੍ਹਾਂ ਨੂੰ ਲੱਗਦਾ ਹੈ ਕਿ ਅਜਿਹੀ ਘਟਨਾ ਕਾਰਨ ਉਨ੍ਹਾਂ ਨੂੰ ਅਸਤੀਫ਼ਾ ਦੇ ਦੇਣਾ ਚਾਹੀਦਾ ਹੈ।
ਇਹ ਵੀ ਪੜ੍ਹੋ: ਅਮਰੀਕਾ 'ਚ ਲਾਪਤਾ ਸੌਜਾਨਿਆ ਰਾਮਾਮੂਰਤੀ ਦੀ ਮਿਲੀ ਲਾਸ਼, ਮਾਈਕ੍ਰੋਸਾਫਟ ਦੇ ਭਾਰਤੀ ਮੁਲਾਜ਼ਮ ਦੀ ਸੀ ਪਤਨੀ
ਅਧਿਕਾਰੀਆਂ ਨੇ ਦੱਸਿਆ ਕਿ ਯਾਤਰੀ ਰੇਲ ਰਾਜਧਾਨੀ ਏਥਨਜ਼ ਤੋਂ ਥੇਸਾਲੋਨੀਕੀ ਜਾ ਰਹੀ ਸੀ ਅਤੇ ਇਸ ਵਿਚ ਸੈਂਕੜੇ ਯਾਤਰੀ ਸਵਾਰ ਸਨ, ਜਿਸ ਵਿਚ ਕਈ ਵਿਦਿਆਰਥੀ ਵੀ ਸ਼ਾਮਲ ਸਨ, ਜੋ ਛੁੱਟੀਆਂ ਤੋਂ ਬਾਅਦ ਯੂਨੀਵਰਸਿਟੀ ਪਰਤ ਰਹੇ ਸਨ। ਅਧਿਕਾਰੀਆਂ ਮੁਤਾਬਕਾ ਏਥਨਜ਼ ਤੋਂ ਲਗਭਗ 380 ਕਿਲੋਮੀਟਰ ਉੱਤਰ ਵਿਚ ਟੈਂਪੇ ਨੇੜੇ ਵਾਪਰੀ ਘਟਨਾ ਦਾ ਕਾਰਨ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ, ਪਰ ਨੇੜਲੇ ਸ਼ਹਿਰ ਲਾਰੀਸਾ ਦੇ ਸਟੇਸ਼ਨ ਮਾਸਟਰ ਨੂੰ ਬੁੱਧਵਾਰ ਨੂੰ ਗ੍ਰਿਫ਼ਤਾਰ ਕੀਤਾ ਗਿਆ।
ਇਹ ਵੀ ਪੜ੍ਹੋ: ਮਾਣ ਦੀ ਗੱਲ: ਭਾਰਤੀ ਮੂਲ ਦੀ ਸ਼ਮਾ ਹਕੀਮ ਕੈਲੀਫੋਰਨੀਆ ’ਚ ਸਹਾਇਕ ਜੱਜ ਨਿਯੁਕਤ
ਪੁਲਸ ਨੇ ਉਸਦਾ ਨਾਮ ਜਾਰੀ ਨਹੀਂ ਕੀਤਾ ਹੈ ਅਤੇ ਦੋ ਹੋਰ ਲੋਕਾਂ ਨੂੰ ਪੁੱਛਗਿੱਛ ਲਈ ਹਿਰਾਸਤ ਵਿੱਚ ਲਿਆ ਗਿਆ ਹੈ। ਰਾਜ ਪ੍ਰਸਾਰਕ ਈ.ਆਰ.ਟੀ. ਨੇ ਕਿਹਾ ਕਿ ਜਦੋਂ ਮੰਗਲਵਾਰ ਅੱਧੀ ਰਾਤ ਨੂੰ ਇਹ ਹਾਦਸਾ ਵਾਪਰਿਆ, ਉਦੋਂ ਯਾਤਰੀ ਰੇਲ 140 ਕਿਲੋਮੀਟਰ ਪ੍ਰਤੀ ਘੰਟੇ ਤੋਂ ਵੱਧ ਦੀ ਰਫ਼ਤਾਰ ਨਾਲ ਚੱਲ ਰਹੀ ਸੀ। ਹਾਦਸੇ ਤੋਂ ਬਾਅਦ ਮੌਕੇ 'ਤੇ ਪਹੁੰਚੇ ਇਕ ਸਥਾਨਕ ਵਿਅਕਤੀ ਨੇ ਦੱਸਿਆ ਕਿ ਉੱਥੇ ਸਟੀਲ ਦੇ ਟੁਕੜੇ ਖਿੱਲਰੇ ਹੋਏ ਸਨ। ਦੋਵੇਂ ਟਰੇਨਾਂ ਬੁਰੀ ਤਰ੍ਹਾਂ ਨੁਕਸਾਨੀਆਂ ਗਈਆਂ ਸਨ। ਘਬਰਾਏ ਹੋਏ ਯਾਤਰੀ ਡੱਬਿਆਂ ਤੋਂ ਬਾਹਰ ਨਿਕਲਦੇ ਅਤੇ ਚੀਕਦੇ ਹੋਏ ਨਜ਼ਰ ਆ ਰਹੇ ਸਨ। ਬੁੱਧਵਾਰ ਨੂੰ ਘਟਨਾ ਵਾਲੀ ਥਾਂ ਦਾ ਦੌਰਾ ਕਰਨ ਵਾਲੇ ਯੂਨਾਨ ਦੇ ਪ੍ਰਧਾਨ ਮੰਤਰੀ ਕਿਰੀਆਕੋਸ ਮਿਤਸੋਟਾਕਿਸ ਨੇ ਕਿਹਾ ਕਿ ਸਰਕਾਰ ਜ਼ਖ਼ਮੀਆਂ ਦੇ ਇਲਾਜ ਅਤੇ ਮ੍ਰਿਤਕਾਂ ਦੀ ਪਛਾਣ ਕਰਨ ਵਿੱਚ ਮਦਦ ਕਰੇਗੀ।
ਇਹ ਵੀ ਪੜ੍ਹੋ: ਬ੍ਰਿਟੇਨ 'ਚ ਵਿਆਹ ਨੂੰ ਲੈ ਕੇ ਨਵਾਂ ਕਾਨੂੰਨ ਲਾਗੂ, ਤੋੜਨ 'ਤੇ ਹੋਵੇਗੀ 7 ਸਾਲ ਦੀ ਜੇਲ੍ਹ
ਯੂਨਾਨ ਦੀ ਰਾਸ਼ਟਰਪਤੀ ਕੈਟੇਰੀਨਾ ਸਾਕੇਲਾਰੋਪੋਲੂ ਨੇ ਘਟਨਾ ਸਥਾਨ ਦਾ ਦੌਰਾ ਕਰਨ ਲਈ ਮੋਲਡੋਵਾ ਦਾ ਅਧਿਕਾਰਤ ਦੌਰਾ ਵਿਚਾਲੇ ਹੀ ਖ਼ਤਮ ਕਰ ਦਿੱਤਾ। ਸਰਕਾਰ ਨੇ ਬੁੱਧਵਾਰ ਤੋਂ 3 ਦਿਨਾਂ ਦੇ ਰਾਸ਼ਟਰੀ ਸੋਗ ਦਾ ਐਲਾਨ ਕੀਤਾ ਹੈ। ਬ੍ਰਸੇਲਜ਼ ਵਿੱਚ ਯੂਰਪੀਅਨ ਕਮਿਸ਼ਨ ਦੀਆਂ ਸਾਰੀਆਂ ਇਮਾਰਤਾਂ ਦੇ ਬਾਹਰ ਝੰਡੇ ਅੱਧੇ ਝੁਕੇ ਰਹਿਣਗੇ। ਬਚਾਅ ਕਰਮੀਆਂ ਨੇ ਮਲਬੇ ਤੋਂ ਲਾਸ਼ਾਂ ਨੂੰ ਕੱਢਣ ਲਈ ਕਰੇਨ ਅਤੇ ਭਾਰੀ ਮਸ਼ੀਨਰੀ ਤਾਇਨਾਤ ਕੀਤੀ ਹੈ। ਕਈ ਲਾਸ਼ਾਂ ਦੀ ਹਾਲਤ ਇੰਨੀ ਖ਼ਰਾਬ ਹੈ ਕਿ ਉਨ੍ਹਾਂ ਦੀ ਪਛਾਣ ਲਈ ਡੀ.ਐੱਨ.ਏ. ਟੈਸਟ ਦੀ ਲੋੜ ਪਵੇਗੀ।
ਇਹ ਵੀ ਪੜ੍ਹੋ: ਬ੍ਰਿਟੇਨ 'ਚ ਭਾਰਤੀ ਵਿਦਿਆਰਥਣ ਨਾਲ ਵਾਪਰ ਗਿਆ ਭਾਣਾ, ਹੋਈ ਦਰਦਨਾਕ ਮੌਤ