ਸ਼ਾਨੋ-ਸ਼ੌਕਤ ਦੇ ਨਾਲ 37ਵੀਆਂ ਆਸਟ੍ਰੇਲੀਅਨ ਸਿੱਖ ਖੇਡਾਂ ਦੀ ਹੋਈ ਸਮਾਪਤੀ (ਤਸਵੀਰਾਂ)
Sunday, Apr 20, 2025 - 06:47 PM (IST)

ਸਿਡਨੀ (ਸਨੀ ਚਾਂਦਪੁਰੀ,ਮਨਦੀਪ ਸੈਣੀ,ਸੁਰਿੰਦਰ ਖੁਰਦ):- ਪਿਛਲੇ 36 ਵਰ੍ਹਿਆਂ ਤੋਂ ਆਸਟ੍ਰੇਲੀਆ ਅਤੇ ਪੰਜਾਬੀਅਤ ਦਾ ਇਤਿਹਾਸ ਬਣ ਨਾਲ-ਨਾਲ ਚੱਲ ਰਹੀਆਂ ਆਸਟ੍ਰੇਲੀਅਨ ਸਿੱਖ ਖੇਡਾਂ ਇਸ ਵਾਰ 37ਵਾਂ ਵਰ੍ਹਾ ਪਾਰ ਕਰ 38ਵੇਂ ਵਰ੍ਹੇ ਦੇ ਵਾਅਦੇ ਨਾਲ ਸਮਾਪਤ ਹੋਈਆਂ। ਸਿਡਨੀ ਦੇ ਬਾਸ ਹਿੱਲ ਇਲਾਕੇ ਵਿੱਚ ਦਰਸ਼ਕਾਂ ਦੇ ਭਾਰੀ ਇੱਕਠ ਨਾਲ ਇਹਨਾਂ ਖੇਡਾਂ ਦਾ ਆਗਾਜ਼ ਹੋਇਆ ਅਤੇ ਅੱਜ ਲੱਗਭੱਗ ਸਾਰੀਆਂ ਹੀ ਖੇਡਾਂ ਅਤੇ ਪ੍ਰੋਗਰਾਮ ਆਪਣੇ ਅੰਤਿਮ ਦੌਰ ਵੱਲ ਕਦਮ ਦਰ ਕਦਮ ਵੱਧ ਰਹੇ ਸਨ।
ਵੱਖ-ਵੱਖ ਖੇਡਾਂ ਵਿੱਚ 6000 ਖਿਡਾਰੀਆਂ ਨੇ ਭਾਗ ਲਿਆ, ਜਿਹਨਾਂ ਦੀ ਗੇਮ ਦਾ ਦਰਸ਼ਕਾਂ ਖ਼ੂਬ ਆਨੰਦ ਮਾਣਿਆ। ਫ਼ੁਟਬਾਲ, ਬਾਸਕਟਬਾਲ, ਕਬੱਡੀ, ਵਾਲੀਬਾਲ, ਰੱਸਾ ਕੱਸੀ ਚੇਅਰ ਮੁਕਾਬਲੇ, ਹਾਕੀ ਆਦਿ ਖੇਡਾਂ ਵਿੱਚ ਖਿਡਾਰੀਆਂ ਨੇ ਆਪਣੇ ਜੌਹਰ ਦਿਖਾਏ। ਇਸ ਮੌਕੇ ਖਾਸ ਗੱਲ ਇਹ ਰਹੀ ਕਿ ਇੱਥੋਂ ਦੇ ਜੰਮ ਪਲ ਬੱਚੇ-ਬੱਚੀਆਂ ਨੇ ਇਹਨਾਂ ਖੇਡਾਂ ਵਿੱਚ ਉਤਸ਼ਾਹ ਨਾਲ ਹਿੱਸਾ ਲਿਆ। ਗਿੱਧਾ ਭੰਗੜਾ ਦੀਆਂ ਗਤੀਵਿਧੀਆਂ ਨੇ ਦਰਸ਼ਕਾਂ ਨੂੰ ਕੀਲ ਕੇ ਰੱਖ ਦਿੱਤਾ। ਪੰਜਾਬੀਆਂ ਦੀ ਮਾਂ ਖੇਡ ਕਬੱਡੀ ਦੇ ਮੈਚ ਵੀ ਦੇਖਣ ਯੋਗ ਸਨ ਦਿੱਖ ਫ਼ਾਈਨਲ ਮੁਕਾਬਲਾ ਮੀਰੀ ਪੀਰੀ ਖੇਡ ਕਲੱਬ ਅਤੇ ਵੈਸਟਰਨ ਖਾਲਸਾ ਖੇਡ ਕਲੱਬ ਸਿਡਨੀ ਵਿਚਕਾਰ ਹੋਇਆ, ਜਿਸ ਵਿੱਚ ਵੈਸਟਰਨ ਖਾਲਸਾ ਖੇਡ ਕਲੱਬ ਸਿਡਨੀ ਦੀ ਟੀਮ ਜੇਤੂ ਰਹੀ। ਜਿਸ ਵਿੱਚ ਉੱਤਮ ਧਾਵੀਂ ਮੇਸ਼ੀ ਹਰਖੋਵਾਲ ਅਤੇ ਉੱਤਮ ਜਾਫੀ ਜੱਗਾ ਚਿੱਟੀ ਰਹੇ ।
ਬਾਕਮਾਲ ਸਨ ਲੰਗਰ ਦੇ ਪ੍ਰਬੰਧ
ਕਮੇਟੀ ਵੱਲੋਂ ਆਸਟ੍ਰੇਲੀਅਨ ਸਿੱਖ ਖੇਡਾਂ ਨੂੰ ਵਧੀਆਂ ਬਣਾਉਣ ਦੀ ਹੱਲ ਸੰਭਵ ਕੋਸ਼ਿਸ਼ ਕੀਤੀ ਗਈ ਸੀ। ਲੰਗਰਾਂ ਦੇ ਪ੍ਰਬੰਧ ਬਹੁਤ ਹੀ ਵਧੀਆ ਸਨ ਅਤੇ ਫਲ ਫਰੂਟ, ਰਸ, ਛਬੀਲ, ਚਾਹ ਪਕੌੜਾ, ਜਲ ਸੇਵਾ, ਚਾਹ ਮੱਠੀ ਰੋਟੀ ਸਬਜ਼ੀ ਹਰ ਤਰਾਂ ਦੇ ਪ੍ਰਬੰਧ ਸੰਗਤਾਂ ਲਈ ਕੀਤੇ ਗਏ ਸਨ। ਸੰਗਤਾਂ ਨੂੰ ਹਰ ਤਰਾਂ ਦੀ ਸਹੂਲਤ ਮੁਹੱਈਆ ਕਰਵਾਉਣ ਦੀ ਕੋਸ਼ਿਸ਼ ਕਮੇਟੀ ਵੱਲੋਂ ਕੀਤੀ ਗਈ ਸੀ।
ਸਿੱਖ ਖੇਡਾਂ ਵਿੱਚ ਕੀ ਕੀ ਰਿਹਾ ਖਿੱਚ ਦਾ ਕੇਂਦਰ
ਆਸਟ੍ਰੇਲੀਅਨ ਸਿੱਖ ਖੇਡਾਂ ਵਿੱਚ ਕਲਾ ਪ੍ਰਦਰਸ਼ਨੀਆਂ ਖਿੱਚ ਦਾ ਕੇਂਦਰ ਸਨ। ਖੇਡ ਮੈਦਾਨਾਂ ਦੇ ਆਲੇ ਦੁਆਲੇ ਲੱਗੇ ਸਟਾਲ ਸਿਡਨੀ ਨੂੰ ਪੰਜਾਬ ਦੇ ਰੰਗ ਵਿੱਚ ਰੰਗੀ ਬੈਠੇ ਸਨ। ਕਿਸੇ ਸਟਾਲ 'ਤੇ ਖਾਣ ਪੀਣ ਦੇ ਵੱਖ-ਵੱਖ ਤਰ੍ਹਾਂ ਦੇ ਲੰਗਰ ਸਨ। ਕਿਸੇ ਸਟਾਲ 'ਤੇ ਵਿਰਸੇ ਨੂੰ ਸਾਂਭੀ ਬੈਠੇ ਪੀੜੇ-ਪੀੜੀਆਂ ਮੰਜੀਆਂ, ਘੋਟਨੇ ਕਲਾ ਕ੍ਰਿਤੀਆਂ ਸਨ। ਪੁਰਾਣੇ ਪੰਜਾਬ ਨੂੰ ਪ੍ਰਦਰਸ਼ਿਤ ਕਰ ਰਹੀਆਂ ਤਸਵੀਰਾਂ ਇਉਂ ਮਹਿਸੂਸ ਹੀ ਨਹੀਂ ਸੀ ਹੋਣ ਦੇ ਰਹੀਆਂ ਕਿ ਅੱਜ ਸਿਡਨੀ ਪੰਜਾਬ ਹੈ ਜਾਂ ਪੰਜਾਬ ਸਿਡਨੀ।
ਸੰਗਤ ਦੇ ਚੰਦ ਸ਼ਬਦ ਇਹਨਾਂ ਖੇਡਾਂ ਲਈ
ਤਕਰੀਬਨ ਦੋ ਲੱਖ ਦੇ ਕਰੀਬ ਸੰਗਤ ਨੇ ਇਹਨਾਂ ਖੇਡਾਂ ਵਿੱਚ ਆਪਣੀ ਸ਼ਮੂਲੀਅਤ ਕੀਤੀ। ਦਰਸ਼ਕਾਂ ਦਾ ਕਹਿਣਾ ਸੀ ਕਿ ਆਸਟ੍ਰੇਲੀਅਨ ਸਿੱਖ ਖੇਡਾਂ ਆਸਟ੍ਰੇਲੀਆ ਵਿੱਚ ਹੀ ਨਹੀਂ ਬਲਕਿ ਦੇਸ਼ਾਂ ਵਿਦੇਸ਼ਾਂ ਵਿੱਚ ਬੇਸਬਰੀ ਨਾਲ ਉਡੀਕੀਆਂ ਜਾਂਦੀਆਂ ਹਨ। ਦੇਸ਼ਾਂ ਵਿਦੇਸ਼ਾਂ ਵਿੱਚੋਂ ਖਿਡਾਰੀ ਆਣ ਕੇ ਆਪਣੀ ਖੇਡ ਦਾ ਪ੍ਰਦਰਸ਼ਨ ਕਰਦੇ ਹਨ। ਆਸਟ੍ਰੇਲੀਆ ਦੇ ਹਰ ਕੋਨੇ ਵਿੱਚੋਂ ਦਰਸ਼ਕ ਹਰ ਸਾਲ ਆ ਕੇ ਆਸਟ੍ਰੇਲੀਅਨ ਸਿੱਖ ਖੇਡਾਂ ਵਿੱਚ ਹਾਜ਼ਰੀ ਭਰਦੇ ਹਨ। ਇਹ ਖੇਡਾਂ ਸਾਡੇ ਭਾਈਚਾਰੇ ਦਾ ਅਨਿੱਖੜਵਾਂ ਅੰਗ ਬਣ ਗਈਆਂ ਹਨ।
ਸਰਬਜੋਤ ਢਿੱਲੋਂ ਬਣੇ ਫਿਰ ਤੋਂ ਪ੍ਰਧਾਨ
ਸਿੱਖ ਖੇਡਾਂ ਦੀ ਜ਼ਿੰਮੇਵਾਰੀ ਇਸਵਾਰ ਫਿਰ ਤੋਂ ਸਰਬਜੋਤ ਢਿੱਲੋਂ ਹੋਰਾਂ ਨੂੰ ਸਰਬ-ਸੰਮਤੀ ਨਾਲ ਦਿੱਤੀ ਗਈ। ਇੱਥੇ ਜ਼ਿਕਰਯੋਗ ਹੈ ਕਿ ਸਰਦਾਰ ਸਰਬਜੋਤ ਢਿੱਲੋਂ 2018 ਤੋਂ ਇਹ ਜ਼ਿੰਮੇਵਾਰੀ ਲਗਾਤਾਰ ਨਿਭਾਅ ਰਹੇ ਹਨ। ਉਹਨਾਂ ਨੇ ਪ੍ਰਧਾਨ ਬਣਨ 'ਤੇ ਕਮੇਟੀ ਮੈਂਬਰਾਂ ਸਮੇਤ ਭਾਈਚਾਰੇ ਦਾ ਧੰਨਵਾਦ ਕੀਤਾ।
ਪੜ੍ਹੋ ਇਹ ਅਹਿਮ ਖ਼ਬਰ-ਇਨ੍ਹਾਂ ਕਾਮਿਆਂ ਨੂੰ ਆਸਾਨੀ ਨਾਲ ਮਿਲੇਗੀ ਕੈਨੇਡਾ ਦੀ PR
ਅਗਲੇ ਸਾਲ ਆਸਟ੍ਰੇਲੀਆ ਦੇ ਮੈਲਬੌਰਨ ਸ਼ਹਿਰ ਵਿੱਚ ਹੋਣਗੀਆਂ 38ਵੀਆਂ ਆਸਟ੍ਰੇਲੀਅਨ ਸਿੱਖ ਖੇਡਾਂ
ਆਸਟ੍ਰੇਲੀਆ ਦੇ ਕਮੇਟੀ ਵੱਲੋਂ ਆਸਟ੍ਰੇਲੀਅਨ ਸਿੱਖ ਖੇਡਾਂ ਦਾ ਝੰਡਾ ਆਸਟ੍ਰੇਲੀਅਨ ਸਿੱਖ ਖੇਡਾਂ ਦੇ ਪ੍ਰਧਾਨ ਸਰਬਜੋਤ ਸਿੰਘ ਢਿੱਲੋਂ ਅਤੇ ਕਮੇਟੀ ਮੈਂਬਰਾਂ ਨੂੰ ਰਸਮੀ ਫੜਾਉਂਦਿਆਂ 38 ਵੀਆਂ ਆਸਟ੍ਰੇਲੀਅਨ ਸਿੱਖ ਖੇਡਾਂ ਆਸਟ੍ਰੇਲੀਆ ਦੇ ਮੈਲਬੌਰਨ ਸ਼ਹਿਰ ਵਿੱਚ ਕਰਵਾਉਣ ਦਾ ਐਲਾਨ ਕੀਤਾ। ਇਸ ਮੌਕੇ ਆਸਟ੍ਰੇਲੀਅਨ ਸਿੱਖ ਖੇਡਾਂ ਦੇ ਪ੍ਰਧਾਨ ਸਰਬਜੋਤ ਸਿੰਘ ਢਿੱਲੋਂ ਨੇ ਸਮੂਹ ਸੰਗਤ ਨੂੰ ਅਗਲੇ ਸਾਲ ਮੈਲਬੌਰਨ ਖੇਡਾਂ ਤੇ ਆਉਣ ਦਾ ਸੱਦਾ ਦਿੱਤਾ ਅਤੇ ਖੇਡਾਂ ਵਧੀਆ ਤਰੀਕੇ ਨਾਲ ਕਰਵਾਉਣ ਦੀ ਵਿਸ਼ਵਾਸ ਦਿਵਾਇਆ।
ਕਮੇਟੀ ਵਲੋਂ ਪਹੁੰਚੀਆਂ ਸੰਗਤਾਂ ਦਾ ਕੀਤਾ ਧੰਨਵਾਦ
ਸਿੱਖ ਖੇਡਾਂ ਸਿਡਨੀ ਦੀ ਕਮੇਟੀ ਨੇ ਪਹੁੰਚੀਆਂ ਸੰਗਤਾ ਦਾ ਧੰਨਵਾਦ ਕੀਤਾ। ਉਹਨਾਂ ਨੇ ਖੇਡਾਂ ਦੀ ਸਫਲਤਾ ਲਈ ਸਹਿਯੋਗੀ ਸੱਜਣਾਂ ਦਾ ਵੀ ਧੰਨਵਾਦ ਕੀਤਾ ਅਤੇ ਕਿਹਾ ਕਿ ਇਹ ਖੇਡਾਂ ਸਾਰੇ ਪੰਜਾਬੀਆਂ ਦੀਆਂ ਸਾਂਝੀਆਂ ਖੇਡਾਂ ਨੂੰ ਸਫਲ ਬਣਾਉਣ ਲਈ ਸਾਰੇ ਭਾਈਚਾਰੇ ਦਾ ਅਸੀਂ ਧੰਨਵਾਦ ਕਰਦੇ ਹਾਂ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਆਪਣੀ ਰਾਏ।