ਇਸਲਾਮਿਕ ਸਟੇਟ ਤੋਂ ਪ੍ਰੇਰਿਤ ਸੀ ਬੌਂਡੀ ਬੀਚ ''ਤੇ ਹੋਈ ਗੋਲੀਬਾਰੀ: ਆਸਟ੍ਰੇਲੀਆਈ ਪੁਲਸ
Tuesday, Dec 16, 2025 - 01:47 PM (IST)
ਸਿਡਨੀ (ਏਜੰਸੀ)- ਆਸਟ੍ਰੇਲੀਆਈ ਪੁਲਸ ਨੇ ਸਿਡਨੀ ਦੇ ਬੌਂਡੀ ਬੀਚ 'ਤੇ ਹਨੁੱਕਾ ਜਸ਼ਨਾਂ ਦੌਰਾਨ ਹੋਈ ਸਮੂਹਿਕ ਗੋਲੀਬਾਰੀ ਨੂੰ "ਇਸਲਾਮਿਕ ਸਟੇਟ ਤੋਂ ਪ੍ਰੇਰਿਤ ਅੱਤਵਾਦੀ ਹਮਲਾ" ਦੱਸਿਆ ਹੈ। ਆਸਟ੍ਰੇਲੀਆਈ ਫੈਡਰਲ ਪੁਲਸ ਕਮਿਸ਼ਨਰ ਕ੍ਰਿਸੀ ਬੈਰੇਟ ਨੇ ਮੰਗਲਵਾਰ ਨੂੰ ਇਹ ਐਲਾਨ ਕੀਤਾ। ਆਸਟ੍ਰੇਲੀਆਈ ਅਧਿਕਾਰੀਆਂ ਨੇ ਸੋਮਵਾਰ ਨੂੰ ਕਿਹਾ ਸੀ ਕਿ ਐਤਵਾਰ ਨੂੰ ਹਨੁੱਕਾ ਜਸ਼ਨਾਂ ਦੌਰਾਨ ਇੱਕ ਪਿਤਾ ਅਤੇ ਪੁੱਤਰ ਨੇ ਗੋਲੀਬਾਰੀ ਕੀਤੀ, ਜਿਸ ਵਿੱਚ ਇੱਕ ਬੱਚੇ ਸਮੇਤ 15 ਲੋਕ ਮਾਰੇ ਗਏ।
ਉਨ੍ਹਾਂ ਕਿਹਾ ਸੀ ਕਿ ਇੱਕ ਹਮਲਾਵਰ (50) ਨੂੰ ਪੁਲਸ ਨੇ ਗੋਲੀ ਮਾਰ ਦਿੱਤੀ, ਜਦੋਂਕਿ ਉਸਦਾ 24 ਸਾਲਾ ਪੁੱਤਰ ਜ਼ਖਮੀ ਹੋ ਗਿਆ ਅਤੇ ਹਸਪਤਾਲ ਵਿੱਚ ਇਲਾਜ ਅਧੀਨ ਹੈ। ਅਧਿਕਾਰੀਆਂ ਨੇ ਮੰਗਲਵਾਰ ਨੂੰ ਇੱਕ ਨਿਊਜ਼ ਕਾਨਫਰੰਸ ਵਿੱਚ ਕਿਹਾ ਕਿ ਉਹ ਉਪਲਬਧ ਸਬੂਤਾਂ ਦੇ ਆਧਾਰ 'ਤੇ ਪਹਿਲੀ ਵਾਰ ਸ਼ੱਕੀਆਂ ਦੀ ਵਿਚਾਰਧਾਰਾ 'ਤੇ ਟਿੱਪਣੀ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਜ਼ਬਤ ਕੀਤੇ ਗਏ ਵਾਹਨ ਵਿੱਚੋਂ "ਇਸਲਾਮਿਕ ਸਟੇਟ ਦੇ ਝੰਡੇ" ਸਮੇਤ ਕਈ ਸਬੂਤ ਮਿਲੇ ਹਨ। ਉਨ੍ਹਾਂ ਕਿਹਾ ਕਿ ਘਟਨਾ ਵਿੱਚ ਜ਼ਖਮੀ ਹੋਏ 25 ਲੋਕ ਹਸਪਤਾਲਾਂ ਵਿੱਚ ਇਲਾਜ ਅਧੀਨ ਹਨ, ਜਿਨ੍ਹਾਂ ਵਿੱਚੋਂ 10 ਦੀ ਹਾਲਤ ਗੰਭੀਰ ਹੈ।
