ਮੈਕਸੀਕੋ ''ਚ ਤਿੰਨ ਟਰੱਕਾਂ ''ਚੋਂ 300 ਤੋਂ ਵੱਧ ਪ੍ਰਵਾਸੀ ਹੋਏ ਬਰਾਮਦ
Sunday, Mar 21, 2021 - 12:22 PM (IST)
ਫਰਿਜ਼ਨੋ/ਕੈਲੀਫੋਰਨੀਆ (ਗੁਰਿੰਦਰਜੀਤ ਨੀਟਾ ਮਾਛੀਕੇ) - ਮੈਕਸੀਕਨ ਅਧਿਕਾਰੀਆਂ ਵੱਲੋਂ ਤਿੰਨ ਟਰੱਕਾਂ ਵਿੱਚ ਬੰਦ 300 ਤੋਂ ਜ਼ਿਆਦਾ ਪ੍ਰਵਾਸੀਆਂ ਨੂੰ ਬਰਾਮਦ ਕੀਤਾ ਹੈ। ਇਸ ਸੰਬੰਧੀ ਮੈਕਸੀਕਨ ਅਧਿਕਾਰੀਆਂ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਉਨ੍ਹਾਂ ਨੂੰ ਗੁਆਟੇਮਾਲਾ ਦੀ ਸਰਹੱਦ ਨੇੜੇ ਕੇਂਦਰੀ ਅਮਰੀਕੀ ਦੇ ਪ੍ਰਵਾਸੀਆਂ ਨਾਲ ਭਰੇ ਤਿੰਨ ਟ੍ਰੇਲਰ ਟਰੱਕ ਮਿਲੇ ਹਨ।
ਮੈਕਸੀਕਨ ਮਾਈਗ੍ਰੇਸ਼ਨ ਏਜੰਟਾਂ ਨੇ ਨੈਸ਼ਨਲ ਗਾਰਡ ਪੁਲਸ ਦੇ ਨਾਲ ਰੂਟੀਨ ਜਾਂਚ ਦੇ ਹਿੱਸੇ ਵਜੋਂ ਵੀਰਵਾਰ ਸਵੇਰੇ ਟਰੱਕਾਂ ਨੂੰ ਰੋਕਿਆ ਜਿਨ੍ਹਾਂ ਵਿੱਚੋਂ ਤਕਰੀਬਨ 329 ਗੁਆਟੇਮਾਲਾ ਅਤੇ ਹਾਂਡੂਰਾਨ ਨਾਲ ਸੰਬੰਧਿਤ ਲੋਕਾਂ ਨੂੰ ਬਰਾਮਦ ਕੀਤਾ। ਇਨ੍ਹਾਂ ਵਿੱਚ 114 ਇਕੱਲੇ ਨਾਬਾਲਗ ਵੀ ਸ਼ਾਮਲ ਸਨ। ਗ੍ਰਹਿ ਮੰਤਰਾਲੇ ਦੇ ਇੱਕ ਬਿਆਨ ਅਨੁਸਾਰ, ਇਨ੍ਹਾਂ ਟਰੱਕਾਂ ਨੂੰ ਚਿਆਪਾਸ ਰਾਜ ਦੀ ਰਾਜਧਾਨੀ ਤੁਕਸਤਲਾ ਗੁਟੀਰੇਜ਼ ਦੇ ਦੱਖਣ ਵੱਲ ਇੱਕ ਹਾਈਵੇ 'ਤੇ ਰੋਕਿਆ ਗਿਆ ਸੀ। ਪ੍ਰਵਾਸੀਆਂ ਨੂੰ ਖਾਣਾ ਅਤੇ ਪਾਣੀ ਦਿੱਤਾ ਗਿਆ ਸੀ।
ਇਸ ਸੰਬੰਧੀ ਕਾਰਵਾਈ ਕਰਦਿਆਂ ਇਕੱਲੇ ਨਾਬਾਲਗਾਂ ਨੂੰ ਮਾਈਗ੍ਰੇਸ਼ਨ ਅਥਾਰਟੀ ਵੱਲੋਂ ਚਲਾਏ ਜਾਂਦੇ ਸ਼ੈਲਟਰਾਂ ਵਿੱਚ ਭੇਜਿਆ ਗਿਆ, ਜਦੋਂਕਿ ਬਾਲਗਾਂ ਨੂੰ ਪ੍ਰਬੰਧਕੀ ਕਾਰਵਾਈ ਸ਼ੁਰੂ ਕਰਨ ਲਈ ਨੇੜਲੇ ਦਫਤਰਾਂ ਵਿੱਚ ਲਿਜਾਇਆ ਗਿਆ। ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਅਮਰੀਕਾ, ਮੈਕਸੀਕਨ ਸਰਹੱਦ 'ਤੇ ਵੱਧ ਰਹੇ ਮਨੁੱਖਤਾਵਾਦੀ ਸੰਕਟ ਵੱਲ ਆਪਣੀ ਪਹੁੰਚ ਨੂੰ ਹੋਰ ਤੇਜ਼ ਕਰ ਰਿਹਾ ਹੈ।