ਮਨੀਲਾ ਦੇ ਸ਼ਾਪਿੰਗ ਮਾਲ 'ਚ ਫਾਇਰਿੰਗ, ਇਕ ਦੀ ਮੌਤ ਤੇ 30 ਲੋਕ ਫਸੇ

03/02/2020 2:12:37 PM

ਮਨੀਲਾ,(ਏ. ਐੱਫ. ਪੀ.)— ਫਿਲਪੀਨਜ਼ ਦੀ ਰਾਜਧਾਨੀ ਮਨੀਲਾ ਦੇ ਇਕ ਸ਼ਾਪਿੰਗ ਮਾਲ 'ਚ ਇਕ ਅਸੰਤੁਸ਼ਟ ਹਥਿਆਰਬੰਦ ਕਰਮਚਾਰੀ ਨੇ ਕਈ ਲੋਕਾਂ ਨੂੰ ਬੰਧਕ ਬਣਾ ਲਿਆ ਹੈ ਅਤੇ ਇਨ੍ਹਾਂ ਨੂੰ ਬਚਾਉਣ ਲਈ ਉੱਥੇ ਭਾਰੀ ਗਿਣਤੀ 'ਚ ਹਥਿਆਰਬੰਦ ਪੁਲਸ ਕਰਮਚਾਰੀਆਂ ਨੂੰ ਤਾਇਨਾਤ ਕੀਤਾ ਗਿਆ ਹੈ। ਮਾਲ ਦੇ ਅੰਦਰ ਫਾਇਰਿੰਗ ਹੋਈ ਅਤੇ ਕਿਹਾ ਜਾ ਰਿਹਾ ਹੈ ਕਿ ਘੱਟੋ-ਘੱਟ ਇਕ ਵਿਅਕਤੀ ਨੂੰ ਮਾਰ ਦਿੱਤਾ ਗਿਆ ਹੈ।
ਇਸ ਤੋਂ ਪਹਿਲਾਂ ਮਨੀਲਾ ਦੇ ਪੱਤਰਕਾਰਾਂ ਨੂੰ ਦੱਸਿਆ ਗਿਆ ਸੀ ਕਿ ਇਕ ਸਾਬਕਾ ਸੁਰੱਖਿਆ ਗਾਰਡ ਨੇ ਮਾਲ ਦੇ ਪ੍ਰਸ਼ਾਸਨਿਕ ਦਫਤਰ 'ਚ 30 ਲੋਕਾਂ ਨੂੰ ਬੰਧਕ ਬਣਾਇਆ ਹੋਇਆ ਹੈ ਅਤੇ ਘੱਟੋ-ਘੱਟ ਇਕ ਵਿਅਕਤੀ ਨੂੰ ਗੋਲੀ ਮਾਰ ਦਿੱਤੀ ਹੈ। ਜਿਨ੍ਹਾਂ ਦੇ ਪਰਿਵਾਰ ਵਾਲੇ ਮਾਲ 'ਚ ਬੰਦ ਹਨ, ਉਹ ਕਾਫੀ ਪ੍ਰੇਸ਼ਾਨ ਹਨ। ਇਸ ਸ਼ਾਪਿੰਗ ਮਾਲ 'ਚ ਕਈ ਕਰਮਚਾਰੀ ਅਤੇ ਗਾਹਕ ਫਸੇ ਹੋਏ ਹਨ।
ਰਿਪੋਰਟਾਂ ਮੁਤਾਬਕ ਇਹ ਕਰਮਚਾਰੀ ਕੰਪਨੀ ਤੋਂ ਪ੍ਰੇਸ਼ਾਨ ਹੈ ਤੇ ਇਸੇ ਲਈ ਉਸ ਨੇ ਇਹ ਕਦਮ ਚੁੱਕਿਆ ਹੈ। ਇਸ 4 ਮੰਜ਼ਲਾਂ ਇਮਾਰਤ 'ਚ ਸਵਾਟ ਟੀਮ ਨੂੰ ਤਾਇਨਾਤ ਕੀਤਾ ਗਿਆ ਹੈ, ਜੋ ਇਸ ਮਾਮਲੇ ਨੂੰ ਸੁਲਝਾਉਣ ਦੀ ਕੋਸ਼ਿਸ਼ ਕਰ ਰਹੀ ਹੈ।
ਜ਼ਿਕਰਯੋਗ ਹੈ ਕਿ ਸਾਲ 2010 'ਚ ਇੱਥੇ ਇਕ ਸਾਬਕਾ ਪੁਲਸ ਅਧਿਕਾਰੀ ਨੇ ਇਕ ਬੱਸ ਨੂੰ ਹਾਈਜੈਕ ਕਰ ਲਿਆ ਸੀ ਅਤੇ 8 ਸੈਲਾਨੀਆਂ ਨੂੰ ਮਾਰ ਦਿੱਤਾ ਸੀ। ਇਹ ਸੈਲਾਨੀ ਹਾਂਗਕਾਂਗ ਦੇ ਰਹਿਣ ਵਾਲੇ ਸਨ।


Related News