ਤਾਲਿਬਾਨ ਦੇ ਹਮਲੇ ''ਚ 30 ਅਫਗਾਨੀ ਸੁਰੱਖਿਆ ਕਰਮਚਾਰੀਆਂ ਦੀ ਮੌਤ
Wednesday, Jun 20, 2018 - 03:37 PM (IST)
ਹੇਰਾਤ— ਪੱਛਮੀ ਅਫਗਾਨਿਸਤਾਨ 'ਚ ਤਾਲਿਬਾਨੀ ਲੜਾਕਿਆਂ ਨੇ ਵੱਖ-ਵੱਖ ਹਮਲਿਆਂ 'ਚ ਅਫਗਾਨ ਸੁਰੱਖਿਆ ਫੌਜ ਦੇ 30 ਕਰਮਚਾਰੀਆਂ ਦਾ ਕਤਲ ਕਰ ਦਿੱਤਾ। ਸਮੂਹ ਨੇ ਕੁੱਝ ਹੀ ਦਿਨ ਪਹਿਲਾਂ ਆਪਣੀ ਜੰਗਬੰਦੀ ਖਤਮ ਕੀਤੀ ਹੈ। ਬਾਦਗੀਸ ਦੇ ਸੂਬਾ ਗਵਰਨਰ ਅਬਦੁਲ ਕਫੂਰ ਮਲਿਕਜਈ ਨੇ ਬੁੱਧਵਾਰ ਨੂੰ ਇਸ ਦੀ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ,''ਅੱਧੇ ਤੋਂ ਵਧੇਰੇ ਲੋਕਾਂ ਦੀ ਮੌਤ ਟਾਰਗਟ ਹਮਲਿਆਂ ਅਤੇ ਸੜਕ ਕਿਨਾਰੇ ਲਗਾਏ ਗਏ ਬੰਬਾਂ 'ਚ ਧਮਾਕੇ ਹੋਣ ਕਾਰਣ ਹੋਈ ਹੈ।''
ਜਾਣਕਾਰੀ ਮੁਤਾਬਕ ਕਈ ਫੌਜੀਆਂ ਅਤੇ ਪੁਲਸ ਕਰਮਚਾਰੀਆਂ ਨੂੰ ਉਨ੍ਹਾਂ ਦੇ ਟਿਕਾਣਿਆਂ 'ਤੇ ਹਮਲਾ ਕਰਕੇ ਰਾਤ ਸਮੇਂ ਮਾਰ ਦਿੱਤਾ ਗਿਆ। ਸੂਬਾ ਕੌਂਸਲ ਚੀਫ ਅਬਦੁਲ ਅਜ਼ੀਜ਼ ਬੇਕ ਨੇ ਇਸ ਦੀ ਜਾਣਕਾਰੀ ਦਿੰਦੇ ਹੋਏ ਮ੍ਰਿਤਕਾਂ ਦੀ ਗਿਣਤੀ ਦੀ ਪੁਸ਼ਟੀ ਕੀਤੀ ਹੈ। ਕੁੱਝ ਖਬਰ ਏਜੰਸੀਆਂ ਦਾ ਕਹਿਣਾ ਹੈ ਕਿ ਤਾਲਿਬਾਨ ਨੇ ਇਸ ਦੀ ਜ਼ਿੰਮੇਵਾਰੀ ਵਟਸਐਪ 'ਤੇ ਮੈਸਜ ਕਰ ਕੇ ਲਈ ਹੈ। ਸੂਤਰਾਂ ਦਾ ਕਹਿਣਾ ਹੈ ਕਿ ਤਾਲਿਬਾਨ ਨੇ ਜੰਗਬੰਦੀ ਦੌਰਾਨ ਆਪਣੇ ਜਾਸੂਸ ਭੇਜ ਕੇ ਸੁਰੱਖਿਆ ਫੌਜੀਆਂ ਦੇ ਟਿਕਾਣਿਆਂ ਸੰਬੰਧੀ ਜਾਣਕਾਰੀ ਇਕੱਠੀ ਕੀਤੀ ਅਤੇ ਹਮਲਾ ਕਰਨ ਦੀ ਯੋਜਨਾ ਬਣਾਈ ਹੋਵੇਗੀ।
