ਪਾਕਿ 'ਚ ਨਾਬਾਲਗ ਸਣੇ 3 ਹਿੰਦੂ ਕੁੜੀਆਂ ਨੂੰ ਅਗਵਾ ਕਰਕੇ ਬਦਲਿਆ ਧਰਮ

10/03/2019 1:14:22 PM

ਇਸਲਾਮਾਬਾਦ— ਪਾਕਿਸਤਾਨ 'ਚ ਘੱਟ ਗਿਣਤੀ ਭਾਈਚਾਰਿਆਂ ਦੀਆਂ ਕੁੜੀਆਂ ਦਾ ਜ਼ਬਰਦਸਤੀ ਧਰਮ ਪਰਿਵਰਤਨ ਕਰਵਾਉਣ ਦੇ ਮਾਮਲਿਆਂ 'ਚ ਕਾਫੀ ਵਾਧਾ ਹੋਇਆ ਹੈ। ਅਜਿਹੇ ਕੇਸਾਂ 'ਚੋਂ 90 ਫੀਸਦੀ ਅਜਿਹੇ ਹੁੰਦੇ ਹਨ ਜਦ ਜ਼ਬਰਦਸਤੀ ਨਿਕਾਹ ਕਰਕੇ ਲੜਕੀ ਦਾ ਧਰਮ ਪਰਿਵਰਤਨ ਕਰਵਾਉਣ ਵਾਲੇ 4-5 ਮਹੀਨਿਆਂ ਬਾਅਦ ਉਸ ਨੂੰ ਛੱਡ ਦਿੰਦੇ ਹਨ। ਘੱਟ ਗਿਣਤੀ ਪਰਿਵਾਰ ਨਮੋਸ਼ੀ ਕਾਰਨ ਕੁੜੀਆਂ ਨੂੰ ਵਾਪਸ ਅਪਣਾ ਨਹੀਂ ਪਾਉਂਦੇ ਤੇ ਜ਼ਿਆਦਾਤਰ ਕੁੜੀਆਂ ਜਾਂ ਤਾਂ ਆਤਮ-ਹੱਤਿਆ ਕਰ ਲੈਂਦੀਆਂ ਹਨ ਤੇ ਜਾਂ ਵੇਸਵਾ ਬਣ ਜਾਂਦੀਆਂ ਹਨ। ਦੋਹਾਂ ਮਾਮਲਿਆਂ 'ਚ ਕੁੜੀਆਂ ਦੇ ਪਰਿਵਾਰ ਨੂੰ ਨਮੋਸ਼ੀ ਤੇ ਕੁੜੀਆਂ ਨੂੰ ਆਪਣੀ ਜ਼ਿੰਦਗੀ ਬਰਬਾਦ ਕਰਨੀ ਪੈਂਦੀ ਹੈ ਪਰ ਪੁਲਸ ਤੇ ਕੁੱਝ ਹੋਰ ਲੋਕ ਇਸ ਸਭ ਤੋਂ ਇਨਕਾਰ ਕਰਦੇ ਰਹਿੰਦੇ ਹਨ। ਤਾਜਾ ਜਾਣਕਾਰੀ ਮੁਤਾਬਕ ਬੀਤੇ ਦਿਨੀਂ ਸੂਬਾ ਸਿੰਧ ਦੇ ਵੱਖ-ਵੱਖ ਸ਼ਹਿਰਾਂ ਤੋਂ ਸ਼ਮਾ ਮੇਘਵਾਰ, ਅਨੀਤਾ ਕੋਹਲੀ ਤੇ ਆਰਤੀ ਠਾਕੁਰ ਨਾਂ ਦੀਆਂ ਦੋ ਔਰਤਾਂ ਤੇ ਇਕ ਨਾਬਾਲਗ ਕੁੜੀ ਨੂੰ ਅਗਵਾ ਕਰਕੇ ਉਨ੍ਹਾਂ ਦਾ ਧਰਮ ਪਰਿਵਰਤਨ ਕਰਵਾ ਦਿੱਤਾ ਗਿਆ। ਇਹ ਤਿੰਨੋਂ ਹਿੰਦੂ ਧਰਮ ਦੀਆਂ ਹਨ। ਇਸ ਤੋਂ ਪਹਿਲਾਂ ਵੀ ਕਈ ਸਿੱਖ ਤੇ ਹਿੰਦੂ ਕੁੜੀਆਂ ਦਾ ਧਰਮ ਪਰਿਵਰਤਨ ਕਰਵਾਇਆ ਗਿਆ, ਜਿਸ ਦਾ ਵਿਰੋਧ ਹੁੰਦਾ ਰਿਹਾ ਹੈ ਪਰ ਫਿਰ ਵੀ ਪਾਕਿਸਤਾਨ ਸਰਕਾਰ ਇਸ ਵੱਲ ਧਿਆਨ ਨਹੀਂ ਦੇ ਰਹੀ।

ਇਕ ਹਿੰਦੂ ਪਰਿਵਾਰ ਨੇ ਦੱਸਿਆ ਕਿ ਉਨ੍ਹਾਂ ਦੀਆਂ ਅੱਖਾਂ ਸਾਹਮਣੇ ਉਨ੍ਹਾਂ ਦੀ ਨਾਬਾਲਗ ਕੁੜੀ ਆਰਤੀ ਠਾਕੁਰ ਨੂੰ ਅਗਵਾ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਉਮੇਰ ਅਲੀ ਨਾਂ ਦੇ ਮੁਸਲਮਾਨ ਨੇ ਉਨ੍ਹਾਂ ਦੀ 13 ਸਾਲਾ ਧੀ ਨੂੰ ਅਗਵਾ ਕੀਤਾ ਹੈ। ਹਾਲਾਂਕਿ ਪੁਲਸ ਦਾ ਕਹਿਣਾ ਹੈ ਕਿ ਆਰਤੀ ਨੇ ਆਪਣੀ ਇੱਛਾ ਨਾਲ ਮੁਸਲਿਮ ਨੌਜਵਾਨ ਨਾਲ ਨਿਕਾਹ ਕਰਵਾ ਕੇ ਇਸਲਾਮ ਧਰਮ ਨੂੰ ਅਪਣਾ ਲਿਆ ਹੈ।

ਇਸ ਤੋਂ ਇਲਾਵਾ ਅਨੀਤਾ ਕੋਹਲੀ ਨਾਂ ਦੀ ਕੁੜੀ ਨੂੰ ਵੀ ਅਗਵਾ ਕਰਕੇ ਉਸ ਦਾ ਧਰਮ ਪਰਿਵਰਤਨ ਕੀਤਾ ਗਿਆ ਸੀ ਤੇ ਉਹ ਮੁਸਲਿਮ ਅਗਵਾਕਾਰਾਂ ਦੇ ਕਬਜ਼ੇ 'ਚੋਂ ਭੱਜ ਕੇ ਆ ਗਈ। ਉਸ ਨੇ ਆਪਣੇ ਪਰਿਵਾਰ ਨੂੰ ਸਾਰੀ ਗੱਲ ਦੱਸੀ ਕਿ ਕਿਵੇਂ ਉਸ ਨੂੰ ਅਗਵਾ ਕਰਕੇ ਉਸ ਦਾ ਧਰਮ ਪਰਿਵਰਤਨ ਕੀਤਾ ਗਿਆ ਤੇ 3-4 ਜਾਣੇ ਇਕ ਹਫਤੇ ਤੋਂ ਉਸ ਨਾਲ ਜਬਰ ਜਨਾਹ ਕਰ ਰਹੇ ਸਨ। ਉਸ ਨੇ ਦੋਸ਼ੀਆਂ ਦੇ ਨਾਂ ਅਬਦੁਲ ਕਾਦਰ, ਬਾਖਲ, ਨੇਕ ਮੁਹੰਮਦ ਅਤੇ ਸੁਲੇਮਾਨ ਦੱਸੇ ਹਨ, ਜੋ ਇਹ ਕਹਿ ਕੇ ਖੁਦ ਨੂੰ ਬਚਾਅ ਰਹੇ ਹਨ ਕਿ ਕੁੜੀ ਆਪਣੀ ਮਰਜ਼ੀ ਨਾਲ ਧਰਮ ਪਰਿਵਰਤਨ ਕਰਕੇ ਉਨ੍ਹਾਂ ਨਾਲ ਰਹਿ ਰਹੀ ਸੀ। ਜ਼ਿਕਰਯੋਗ ਹੈ ਕਿ ਇਸ ਸਬੰਧੀ ਪਾਕਿਸਤਾਨ ਦੇ ਮਨੁੱਖੀ ਅਧਿਕਾਰ ਸੰਗਠਨ ਦੀ ਕਾਰਕੁੰਨ ਬੀਬੀ ਮੰਗਲਾ ਸ਼ਰਮਾ ਨੇ ਆਵਾਜ਼ ਚੁੱਕੀ ਹੈ।

ਇਨ੍ਹਾਂ 'ਚੋਂ ਇਕ ਸ਼ਮ੍ਹਾ ਨਾਂ ਦੀ ਔਰਤ ਤਾਂ ਇਕ ਬੱਚੇ ਦੀ ਮਾਂ ਹੈ। ਉਸ ਨੂੰ ਉਸ ਦੇ ਬੱਚੇ ਸਣੇ ਅਗਵਾ ਕਰ ਲਿਆ ਗਿਆ ਹੈ। ਇਸ ਸਭ ਦੇ ਕੁਝ ਸਮੇਂ ਬਾਅਦ ਪੁਲਸ ਨੇ ਉਸ ਦੇ ਪਤੀ ਨੂੰ ਦੱਸਿਆ ਕਿ ਸ਼ਮ੍ਹਾ ਨੇ ਧਰਮ ਬਦਲ ਲਿਆ ਹੈ ਤੇ ਅਗਲੀ ਕਾਰਵਾਈ ਲਈ ਉਸ ਨੂੰ ਅਦਾਲਤ 'ਚ ਜਾਣਾ ਪਵੇਗਾ। ਇਸ ਤੋਂ ਬਿਨਾਂ ਉਸ ਕੋਲ ਕੋਈ ਹੋਰ ਰਸਤਾ ਨਹੀਂ ਹੈ। ਜ਼ਿਕਰਯੋਗ ਹੈ ਕਿ ਪਿਛਲੇ ਮਹੀਨੇ ਇਕ ਸਿੱਖ ਕੁੜੀ ਦਾ ਜ਼ਬਰਦਸਤੀ ਧਰਮ ਬਦਲਾ ਕੇ ਉਸ ਦਾ ਨਿਕਾਹ ਕਰਵਾਇਆ ਗਿਆ ਤੇ ਇਕ ਹਿੰਦੂ ਕੁੜੀ ਦਾ ਕਤਲ ਕਰ ਦਿੱਤਾ ਗਿਆ। ਇਹ ਖਬਰਾਂ ਮੀਡੀਆ 'ਚ ਛਾਈਆਂ ਰਹੀਆਂ ਪਰ ਫਿਰ ਵੀ ਪਾਕਿਸਤਾਨ ਨੇ ਘੱਟ ਗਿਣਤੀ ਭਾਈਚਾਰਿਆਂ ਦੀ ਸੁਰੱਖਿਆ ਲਈ ਕੋਈ ਠੋਸ ਕਦਮ ਨਹੀਂ ਚੁੱਕਿਆ।


Related News