ਨਿਊਜ਼ੀਲੈਂਡ 'ਚ ਲੁਧਿਆਣਾ ਦੇ 28 ਸਾਲਾ ਨੌਜਵਾਨ ਦੀ ਸ਼ੱਕੀ ਹਾਲਤ 'ਚ ਮੌਤ, 6 ਮਹੀਨੇ ਪਹਿਲਾਂ ਹੋਇਆ ਸੀ ਵਿਆਹ

Monday, Feb 05, 2024 - 11:37 AM (IST)

ਨਿਊਜ਼ੀਲੈਂਡ 'ਚ ਲੁਧਿਆਣਾ ਦੇ 28 ਸਾਲਾ ਨੌਜਵਾਨ ਦੀ ਸ਼ੱਕੀ ਹਾਲਤ 'ਚ ਮੌਤ, 6 ਮਹੀਨੇ ਪਹਿਲਾਂ ਹੋਇਆ ਸੀ ਵਿਆਹ

ਇੰਟਰਨੈਸ਼ਨਲ ਡੈਸਕ- ਨਿਊਜ਼ੀਲੈਂਡ ਤੋਂ ਇਕ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਇੱਥੇ ਡੁਨੇਡਿਨ ਉਪਨਗਰ ਪਾਈਨ ਹਿੱਲ ਇਲਾਕੇ ਵਿਚ ਲੁਧਿਆਣਾ ਦੇ ਪਮਾਲ ਪਿੰਡ ਦੇ ਇੱਕ 28 ਸਾਲਾ ਨੌਜਵਾਨ ਦੀ ਭੇਤਭਰੀ ਹਾਲਤ ਵਿੱਚ ਮੌਤ ਹੋ ਗਈ। ਸਟੱਡੀ ਵੀਜ਼ੇ 'ਤੇ 2015 ਤੋਂ ਨਿਊਜ਼ੀਲੈਂਡ 'ਚ ਰਹਿ ਰਿਹਾ ਗੁਰਜੀਤ ਸਿੰਘ ਆਪਣੀ ਰਿਹਾਇਸ਼ ਦੇ ਬਾਹਰ ਇਕ ਘਟਨਾ 'ਚ ਮ੍ਰਿਤਕ ਪਾਇਆ ਗਿਆ ਸੀ, ਜਿਸ ਦਾ ਕੋਈ ਪਤਾ ਨਹੀਂ ਲੱਗ ਸਕਿਆ। ਸ਼ੁਰੂਆਤੀ ਤੌਰ 'ਤੇ ਪੁਲਸ ਗੁਰਜੀਤ ਦੇ ਕਤਲ ਦਾ ਕਾਰਨ ਨਹੀਂ ਸਮਝ ਸਕੀ ਪਰ ਪੋਸਟ-ਪਾਰਟਮ ਰਿਪੋਰਟ ਤੋਂ ਪਤਾ ਲੱਗਾ ਹੈ ਕਿ ਉਸ ਦੀ ਹੱਤਿਆ ਕਿਸੇ ਤਿੱਖੀ ਚੀਜ਼ ਨਾਲ ਕੀਤੀ ਗਈ ਸੀ। ਫਿਰ ਪੁਲਸ ਨੇ ਪੁਸ਼ਟੀ ਕੀਤੀ ਕਿ ਉਸਦੀ ਮੌਤ ਇੱਕ ਕਤਲ ਸੀ।

ਉਸ ਦਾ ਛੇ ਮਹੀਨੇ ਪਹਿਲਾਂ ਵਿਆਹ ਹੋਇਆ ਸੀ ਅਤੇ ਉਸ ਦੀ ਪਤਨੀ ਨੇ 6 ਫਰਵਰੀ ਦੀ ਫਲਾਈਟ ਜ਼ਰੀਏ ਨਿਊਜ਼ੀਲੈਂਡ ਪਹੁੰਚਣਾ ਸੀ। ਗੁਰਜੀਤ ਦੀ ਲਾਸ਼ ਉਸ ਦੇ ਦੋਸਤ ਨੂੰ ਸਵੇਰੇ 8:30 ਵਜੇ ਦੇ ਕਰੀਬ ਉਸ ਸਮੇਂ ਮਿਲੀ, ਜਦੋਂ ਉਹ ਉਸ ਨੂੰ ਮਿਲਣ ਗਿਆ। ਅਸਲ ਵਿਚ ਗੁਰਜੀਤ ਦੀ ਪਤਨੀ ਨੇ ਉਸ ਨੂੰ ਫ਼ੋਨ ਕਰਕੇ ਚਿੰਤਾ ਜ਼ਾਹਰ ਕੀਤੀ ਕਿ ਉਹ ਉਸ ਨਾਲ ਸੰਪਰਕ ਨਹੀਂ ਸੀ ਹੋ ਰਿਹਾ।

ਪੜ੍ਹੋ ਇਹ ਅਹਿਮ ਖ਼ਬਰ-ਚਿਲੀ : ਜੰਗਲ ਦੀ ਅੱਗ ਕਾਰਨ ਮ੍ਰਿਤਕਾਂ ਦੀ ਗਿਣਤੀ 100 ਦੇ ਪਾਰ, ਹਜ਼ਾਰਾਂ ਲੋਕ ਬੇਘਰ (ਤਸਵੀਰਾਂ)

ਦੁਖੀ ਮ੍ਰਿਤਕ ਦੇ ਪਿਤਾ ਨਿਸ਼ਾਨ ਸਿੰਘ ਨੇ ਦੱਸਿਆ ਕਿ ਉਸ ਦੇ ਪੁੱਤਰ ਨੇ ਹਾਲ ਹੀ ਵਿੱਚ ਉਸ ਇਲਾਕੇ ਵਿੱਚ ਇੱਕ ਮਕਾਨ ਕਿਰਾਏ ’ਤੇ ਲਿਆ ਸੀ ਕਿਉਂਕਿ ਉਸ ਦੀ ਪਤਨੀ ਭਾਰਤ ਤੋਂ ਨਿਊਜ਼ੀਲੈਂਡ ਜਾਣ ਦੀ ਯੋਜਨਾ ਬਣਾ ਰਹੀ ਸੀ। ਨਿਸ਼ਾਨ ਸਿੰਘ ਨੇ ਦੱਸਿਆ,“ਅਸੀਂ ਤਿਆਰੀਆਂ ਕਰ ਰਹੇ ਸੀ ਅਤੇ ਖਰੀਦਦਾਰੀ ਵਿੱਚ ਰੁੱਝੇ ਹੋਏ ਸੀ, ਜਦੋਂ ਇਹ ਮੰਦਭਾਗੀ ਖ਼ਬਰ ਆਈ। ਅਜੇ ਕੁਝ ਵੀ ਸਪਸ਼ਟ ਨਹੀਂ ਹੈ। ਸਾਨੂੰ ਨਹੀਂ ਪਤਾ ਕਿ ਉਸਦੀ ਮੌਤ ਕਿਵੇਂ ਹੋਈ, ਕਿਸਨੇ ਉਸਨੂੰ ਮਾਰਿਆ ਜਾਂ ਅਸਲ ਵਿੱਚ ਕੀ ਹੋਇਆ। ਮੈਂ ਸਿਰਫ ਇਹ ਜਾਣਦਾ ਹਾਂ ਕਿ ਮੈਂ ਸਭ ਕੁਝ ਗੁਆ ਦਿੱਤਾ ਹੈ”।

ਉਸਨੇ ਅੱਗੇ ਕਿਹਾ,“ਗੁਰਜੀਤ ਇੱਕ ਸਫਲ ਉਦਯੋਗਪਤੀ ਸੀ ਅਤੇ ਉਸਨੇ ਹਾਲ ਹੀ ਵਿੱਚ ਆਪਣੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਨਿਊਜ਼ੀਲੈਂਡ ਵਿੱਚ ਆਪਣਾ ਸਫਲ ਆਪਟਿਕ ਤਾਰ ਕਾਰੋਬਾਰ ਸਥਾਪਿਤ ਕੀਤਾ ਸੀ। ਉਹ ਸਾਨੂੰ ਕਾਰੋਬਾਰ ਵਿੱਚ ਮਦਦ ਲਈ ਨਿਊਜ਼ੀਲੈਂਡ ਆਉਣ ਲਈ ਕਹਿ ਰਿਹਾ ਸੀ”। ਪਿੰਡ ਦੇ ਸਰਪੰਚ ਜਗਦੀਸ਼ ਸਿੰਘ ਜੱਗੀ ਨੇ ਦੱਸਿਆ ਕਿ ਉਹ ਗੁਰਜੀਤ ਦੀ ਮ੍ਰਿਤਕ ਦੇਹ ਨੂੰ ਅੰਤਿਮ ਸੰਸਕਾਰ ਲਈ ਵਾਪਸ ਭੇਜਣ ਲਈ ਸਰਕਾਰ ਕੋਲ ਪਹੁੰਚ ਕਰ ਰਹੇ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ। 
 


author

Vandana

Content Editor

Related News