26/11 ਮੁੰਬਈ ਹਮਲਾ: ਹਾਫਿਜ਼ ਸਈਦ ਨੇ UN ਨੂੰ ਕਿਹਾ— ਅੱਤਵਾਦੀਆਂ ਦੀ ਲਿਸਟ 'ਚੋਂ ਹਟਾਇਆ ਜਾਵੇ ਮੇਰਾ ਨਾਂ

11/28/2017 11:06:53 AM

ਲਾਹੌਰ(ਬਿਊਰੋ)— 26/11 ਦੇ ਮੁੰਬਈ ਹਮਲਿਆਂ ਦੇ ਮਾਸਟਰਮਾਈਂਡ ਅਤੇ ਮੋਸਟ ਵਾਟੰਡ ਅੱਤਵਾਦੀ ਹਾਫਿਜ਼ ਸਈਦ ਨੇ ਸੰਯੁਕਤ ਰਾਸ਼ਟਰ (ਯੂ. ਐਨ) ਵਿਚ ਪਟੀਸ਼ਨ ਦਰਜ ਕਰ ਕੇ ਕਿਹਾ ਹੈ ਕਿ ਅੱਤਵਾਦੀਆਂ ਦੀ ਲਿਸਟ ਵਿਚੋਂ ਉਸ ਦਾ ਨਾਂ ਹਟਾ ਲਿਆ ਜਾਵੇ। ਹਾਫਿਜ਼ ਦੇ ਸੰਗਠਨ ਜਮਾਤ-ਉਦ-ਦਾਵਾ ਵੱਲੋਂ ਯੂ. ਐਨ ਵਿਚ ਇਸ ਸਬੰਧੀ ਇਕ ਪਟੀਸ਼ਨ ਲਗਾਈ ਹੈ, ਜਿਸ ਨੂੰ ਲਾਹੌਰ ਦੀ ਇਕ ਕਾਨੂੰਨੀ ਫਰਮ ਜ਼ਰੀਏ ਦਰਜ ਕੀਤਾ ਗਿਆ ਹੈ। ਦੱਸਣਯੋਗ ਹੈ ਕਿ ਜਮਾਤ-ਉਦ-ਦਾਵਾ ਦੇ ਸਰਗਨਾ ਸਈਦ ਨੂੰ ਸੰਯੁਕਤ ਰਾਸ਼ਟਰ ਨੇ ਨਵੰਬਰ 2008 ਵਿਚ ਹੋਏ ਮੁੰਬਈ ਹਮਲਿਆਂ ਦੇ ਬਾਅਦ ਯੂ. ਐਨ. ਐਸ. ਸੀ. ਟੀ. 1267 (ਯੂ. ਐਨ. ਸਿਕਿਓਰਿਟੀ ਕੌਂਸਲ ਰੈਜ਼ੋਲੂਸ਼ਨ) ਦੇ ਤਹਿਤ ਦਸੰਬਰ 2008 ਵਿਚ ਅੱਤਵਾਦੀ ਐਲਾਨ ਕੀਤਾ ਸੀ। ਹਾਫਿਜ਼ ਸਈਦ ਨੂੰ ਹਾਲ ਹੀ ਵਿਚ ਨਜ਼ਰਬੰਦੀ ਤੋਂ ਰਿਹਾਈ ਮਿਲ ਗਈ ਹੈ।
ਲਸ਼ਕਰ ਸਰਗਨਾ ਹਾਫਿਜ਼ ਸਈਦ ਦੇ ਸਿਰ 'ਤੇ ਅਮਰੀਕਾ ਨੇ ਇਕ ਕਰੋੜ ਡਾਲਰ (64.50 ਕਰੋੜ ਰੁਪਏ) ਦਾ ਇਨਾਮ ਐਲਾਨ ਕੀਤਾ ਹੋਇਆ ਹੈ। ਹਾਫਿਜ਼ ਸਈਦ ਜਨਵਰੀ ਤੋਂ ਨਜ਼ਰਬੰਦ ਸੀ। ਪਾਕਿਸਤਾਨ ਸਰਕਾਰ ਨੇ ਸ਼ੁੱਕਰਵਾਰ ਨੂੰ ਉਸ ਕਿਸੇ ਦੂਜੇ ਮਾਮਲੇ ਵਿਚ ਗ੍ਰਿਫਤਾਰ ਕਰਨ ਦੀ ਬਜਾਏ ਰਿਹਾਅ ਕਰਨ ਦਾ ਫੈਸਲਾ ਕੀਤਾ ਸੀ। ਸੰਯੁਕਤ ਰਾਸ਼ਟਰ ਲਸ਼ਕਰ ਦੇ ਮੁਖੌਟਾ ਸੰਗਠਨ ਜਮਾਤ-ਉਦ-ਦਾਵਾ 'ਤੇ ਪਹਿਲਾਂ ਹੀ ਪਾਬੰਦੀ ਲਗਾ ਚੁੱਕਾ ਹੈ। ਸੂਤਰਾਂ ਨੇ ਦੱਸਿਆ ਕਿ ਫਰਾਂਸ ਨੇ ਹਾਫਿਜ਼ ਸਈਦ ਨੂੰ ਆਜ਼ਾਦ ਕਰਨ ਦੇ ਪਾਕਿਸਤਾਨ ਦੇ ਕਦਮ 'ਤੇ ਨਾਖੁਸ਼ੀ ਜਤਾਈ ਹੈ। ਫ੍ਰਾਂਸੀਸੀ ਅਧਿਕਾਰੀਆਂ ਨੇ ਭਾਰਤ ਨਾਲ ਮਿਲ ਕੇ ਅੱਤਵਾਦ ਨਾਲ ਮੁਕਾਬਲਾ ਕਰਨ ਦੀ ਕੋਸ਼ਿਸ਼ ਨੂੰ ਜਾਰੀ ਰੱਖਣ ਲਈ ਸਹਿਯੋਗ ਵਧਾਉਣ ਦੀ ਗੱਲ ਕਹੀ ਹੈ। ਦੱਸ ਦਈਏ ਕਿ ਸਈਦ ਨੇ ਪਾਕਿਸਤਾਨ ਵਿਚ ਨਜ਼ਰਬੰਦੀ ਤੋਂ ਰਿਆਹ ਹੁੰਦੇ ਹੀ ਸੰਯੁਕਤ ਰਾਸ਼ਟਰ ਵਿਚ ਇਹ ਪਟੀਸ਼ਨ ਦਰਜ ਕੀਤੀ ਹੈ।


Related News