ਗਰਮੀ ਦਾ ਕਹਿਰ; ਲੂ ਨਾਲ 25 ਦੀ ਮੌਤ, ਹਜ਼ਾਰਾਂ ਲੋਕ ਹਸਪਤਾਲ ''ਚ ਦਾਖ਼ਲ
Wednesday, Jun 26, 2024 - 03:53 PM (IST)
ਇਸਲਾਮਾਬਾਦ (ਵਾਰਤਾ)- ਪਾਕਿਸਤਾਨ ਦੇ ਦੱਖਣੀ ਬੰਦਰਗਾਹ ਸ਼ਹਿਰ ਕਰਾਚੀ 'ਚ ਪਿਛਲੇ ਤਿੰਨ ਦਿਨਾਂ 'ਚ ਭਿਆਨਕ ਗਰਮੀ ਦੌਰਾਨ ਲੂ ਲੱਗਣ ਨਾਲ 25 ਲੋਕਾਂ ਦੀ ਮੌਤ ਹੋ ਗਈ ਅਤੇ ਹਜ਼ਾਰਾਂ ਲੋਕਾਂ ਨੂੰ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ। ਬਚਾਅ ਦਲ ਅਤੇ ਸਥਾਨਕ ਮੀਡੀਆ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਡਾਕਟਰਾਂ ਨੇ ਦੱਸਿਆ ਕਿ ਤੇਜ਼ ਗਰਮੀ ਕਾਰਨ ਕਈ ਮਰੀਜ਼ਾਂ ਦੇ ਸਰੀਰ 'ਚ ਪਾਣੀ ਦੀ ਘਾਟ (ਡਿਹਾਈਡ੍ਰੇਸ਼ਨ) ਹੋ ਗਈ, ਜਿਨ੍ਹਾਂ ਨੂੰ ਹਸਪਤਾਲ 'ਚ ਦਾਖ਼ਲ ਕਰਵਾਉਣਾ ਪਿਆ। ਉਨ੍ਹਾਂ ਨੂੰ ਮੁੱਢਲੇ ਇਲਾਜ ਤੋਂ ਬਾਅਦ ਛੁੱਟੀ ਦੇ ਦਿੱਤੀ ਗਈ।
ਸਥਾਨਕ ਮੀਡੀਆ ਨੇ ਹਸਪਤਾਲ ਦੇ ਸੂਤਰਾਂ ਦੇ ਹਵਾਲੇ ਤੋਂ ਦੱਸਿਆ ਕਿ ਦਿਲ ਦੇ ਰੋਗ ਅਤੇ ਕੈਂਸਰ ਵਰਗੀਆਂ ਬੀਮਾਰੀਆਂ ਨਾਲ ਪਹਿਲਾਂ ਤੋਂ ਪੀੜਤ ਕੁਝ ਲੋਕਾਂ ਨੂੰ ਇਲਾਜ ਲਈ ਹਸਪਤਾਲ 'ਚ ਰੱਖਿਆ ਜਾ ਰਿਹਾ ਹੈ। ਪਾਕਿਸਤਾਨ ਦੇ ਮੌਸਮ ਵਿਭਾਗ ਅਨੁਸਾਰ, ਪਿਛਲੇ ਤਿੰਨ ਦਿਨ 'ਚ ਵੱਧ ਤੋਂ ਵੱਧ ਤਾਪਮਾਨ 40 ਡਿਗਰੀ ਸੈਲਸੀਅਸ ਦੇ ਪਾਰ ਪਹੁੰਚ ਗਿਆ ਹੈ, ਜਿਸ ਦਾ ਮੁੱਖ ਕਾਰਨ ਸ਼ਹਿਰ 'ਚ ਸਮੁੰਦਰੀ ਹਵਾ ਦਾ ਰੁਕਣਾ ਹੈ। ਮੌਸਮ ਵਿਭਾਗ ਦਾ ਅਨੁਮਾਨ ਹੈ ਕਿ ਬੁੱਧਵਾਰ ਸ਼ਾਮ ਨੂੰ ਕਰਾਚੀ 'ਚ ਸਮੁੰਦਰੀ ਹਵਾਵਾਂ ਮੁੜ ਚੱਲਣਗੀਆਂ, ਜਿਸ ਨਾਲ ਤਾਪਮਾਨ 'ਚ ਹੌਲੀ-ਹੌਲੀ ਗਿਰਾਵਟ ਆਏਗੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8