ਅਮਰੀਕਾ ਦੇ 23 ਸੂਬਿਆਂ ਨੇ ਟਰੰਪ ਪ੍ਰਸ਼ਾਸਨ ਖਿਲਾਫ ਕੀਤਾ ਮੁਕੱਦਮਾ, ਲਾਏ ਇਹ ਦੋਸ਼

Thursday, May 28, 2020 - 07:30 AM (IST)

ਅਮਰੀਕਾ ਦੇ 23 ਸੂਬਿਆਂ ਨੇ ਟਰੰਪ ਪ੍ਰਸ਼ਾਸਨ ਖਿਲਾਫ ਕੀਤਾ ਮੁਕੱਦਮਾ, ਲਾਏ ਇਹ ਦੋਸ਼

ਵਾਸ਼ਿੰਗਟਨ- ਅਮਰੀਕਾ ਦੇ 23 ਸੂਬਿਆਂ ਨੇ ਟਰੰਪ ਪ੍ਰਸ਼ਾਸਨ ਖਿਲਾਫ ਮੁਕੱਦਮਾ ਦਰਜ ਕੀਤਾ ਹੈ। ਰਾਸ਼ਟਰਪਤੀ ਟਰੰਪ ਦੇ ਪ੍ਰਸ਼ਾਸਨ ਵਲੋਂ ਈਂਧਣ ਕੁਸ਼ਲਤਾ (ਫਿਊਲ ਐਫੀਸ਼ੀਐਂਸੀ) ਦੇ ਮਾਪਦੰਡਾਂ ਨੂੰ ਕਮਜ਼ੋਰ ਕਰਨ ਦੇ ਫੈਸਲੇ ਖਿਲਾਫ ਇਹ ਕਦਮ ਚੁੱਕਿਆ ਗਿਆ ਹੈ। ਟਰੰਪ ਪ੍ਰਸ਼ਾਸਨ ਨੇ ਬਰਾਕ ਓਬਾਮਾ ਦੇ ਸਮੇਂ ਵਿਚ ਤੈਅ ਮਾਪਦੰਡਾਂ ਨੂੰ ਬਦਲ ਦਿੱਤਾ ਹੈ। 

ਮਾਰਚ ਵਿਚ ਟਰੰਪ ਪ੍ਰਸ਼ਾਸਨ ਨੇ ਆਖਰੀ ਨਿਯਮ ਜਾਰੀ ਕੀਤੇ ਸਨ, ਜਿਨ੍ਹਾਂ ਮੁਤਾਬਕ 2026 ਤੱਕ ਸਾਲਾਨਾ 1.5 ਫੀਸਦੀ ਈਂਧਣ ਕੁਸ਼ਲਤਾ ਵਧਾਉਣ ਦਾ ਟੀਚਾ ਤੈਅ ਕੀਤਾ ਗਿਆ ਹੈ। ਇਹ ਓਬਾਮਾ ਦੇ ਕਾਰਜਕਾਲ ਵਿਚ ਤੈਅ 5 ਫੀਸਦੀ ਸਲਾਨਾ ਤੋਂ ਬਹੁਤ ਘੱਟ ਹੈ। ਹਾਲਾਂਕਿ ਟਰੰਪ ਪ੍ਰਸ਼ਾਸਨ ਨੇ 2018 ਦੇ ਉਸ ਫੈਸਲੇ ਨੂੰ ਜ਼ਰੂਰ ਬਦਲ ਦਿੱਤਾ ਹੈ, ਜਿਸ ਵਿਚ 2026 ਤੱਕ ਈਂਧਣ ਕੁਸ਼ਲਤਾ ਦੀ ਜ਼ਰੂਰਤ ਨੂੰ 2020 ਦੇ ਪੱਧਰ 'ਤੇ ਹੀ ਰੋਕਣ ਦੀ ਗੱਲ ਆਖੀ ਗਈ ਸੀ। 

ਤੁਹਾਨੂੰ ਦੱਸ ਦਈਏ ਕਿ ਪ੍ਰਤੀ ਗੈਲਨ ਈਂਧਣ ਵਿਚ ਕੋਈ ਗੱਡੀ ਔਸਤਨ ਕਿੰਨੀ ਦੂਰੀ ਤੈਅ ਕਰ ਸਕਦੀ ਹੈ, ਇਸ ਨਾਲ ਉਸ ਦੀ ਈਂਧਣ ਕੁਸ਼ਲਤਾ ਤੈਅ ਹੁੰਦੀ ਹੈ। ਜ਼ਿਆਦਾ ਈਂਧਣ ਕੁਸ਼ਲਤਾ ਵਾਲਾ ਵਾਹਨ ਘੱਟ ਈਂਧਣ ਵਿਚ ਜ਼ਿਆਦਾ ਦੂਰੀ ਤੈਅ ਕਰੇਗਾ।

ਕੈਲੀਫੋਰਨੀਆ ਦੇ ਅਟਾਰਨੀ ਜਨਰਲ ਜੇਵੀਅਰ ਬੇਕੇਰਾ ਨੇ ਕਿਹਾ ਕਿ ਈਂਧਣ ਕੁਸ਼ਲਤਾ ਦੇ ਮਾਪਦੰਡ ਕਮਜ਼ੋਰ ਕਰਨ ਨਾਲ ਲੋਕਾਂ ਦਾ ਖਰਚਾ ਵਧੇਗਾ ਅਤੇ ਪ੍ਰਦੂਸ਼ਣ ਵੀ ਜ਼ਿਆਦਾ ਫੈਲੇਗਾ। ਇਸ ਨਾਲ ਵੀ ਲੋਕਾਂ ਦੀ ਸਿਹਤ 'ਤੇ ਬੁਰਾ ਪ੍ਰਭਾਵ ਪਵੇਗਾ। ਜ਼ਿਕਰਯੋਗ ਹੈ ਕਿ ਟਰੰਪ ਆਪਣੇ ਵਿਰੋਧੀ ਉਮੀਦਵਾਰਾਂ ਦੇ ਨਿਸ਼ਾਨੇ 'ਤੇ ਹਨ। 


author

Lalita Mam

Content Editor

Related News