ਕੁਈਨਜ਼ਲੈਂਡ ‘ਚ ਇਕਾਂਤਵਾਸ ਹੋਏ 200 ਲੋਕ ਲਾਪਤਾ, ਲਗਭਗ 10 ਹਜ਼ਾਰ ਨੂੰ ਹੋਏ ਜੁਰਮਾਨੇ
Thursday, Jul 23, 2020 - 08:23 AM (IST)
ਬ੍ਰਿਸਬੇਨ, (ਸੁਰਿੰਦਰਪਾਲ ਸਿੰਘ ਖੁਰਦ)- ਆਸਟ੍ਰੇਲੀਆ ਦੇ ਸੂਬਾ ਕੁਈਨਜ਼ਲੈਂਡ ਵਿਚ ਅਪ੍ਰੈਲ ਦੇ ਅੱਧ ਤੋਂ ਬਾਅਦ ਕੋਵਿਡ-19 ਟਾਸਕ ਫੋਰਸ ਵੱਲੋਂ ਕੋਰੋਨਾ ਵਾਇਰਸ ਇਕਾਂਤਵਾਸ ਨਿਯਮਾਂ ਦੀ ਉਲੰਘਣਾ ਦਾ 200 ਤੋਂ ਵੱਧ ਲੋਕਾਂ ਨੂੰ ਦੋਸ਼ੀ ਪਾਇਆ ਗਿਆ ਹੈ। ਕਰੀਬ 185 ਲੋਕਾਂ ਨੇ ਸਿਹਤ ਅਧਿਕਾਰੀਆਂ ਨੂੰ ਗਲਤ ਸੰਪਰਕ ਵੇਰਵੇ ਦਿੱਤੇ ਸਨ। ਫੜੇ ਜਾਣ ‘ਤੇ ਇਨ੍ਹਾਂ ਸਾਰਿਆਂ ਨੂੰ ਭਾਰੀ ਜੁਰਮਾਨਿਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਵਿੱਚੋਂ ਹੋਰ 25 ਲੋਕਾਂ ਨੇ ਅਧਿਕਾਰੀਆਂ ਨੂੰ ਸਹੀ ਜਾਣਕਾਰੀ ਤਾਂ ਮੁਹੱਈਆ ਕਰਵਾਈ ਸੀ ਪਰ ਜਦੋਂ ਪੁਲਸ ਗਈ ਤਾਂ ਉਹ ਕਿਤੇ ਵੀ ਨਹੀਂ ਮਿਲੇ। ਪੁਲਸ ਨੇ ਕਿਹਾ ਕਿ 210 ਲੋਕਾਂ ਨੂੰ ਪੁੱਛ-ਪੜਤਾਲ ਲਈ ਲੋੜੀਂਦਾ ਐਲਾਨਿਆ ਗਿਆ ਹੈ। ਪੁਲਸ ਨੇ ਪੁਸ਼ਟੀ ਕੀਤੀ ਹੈ ਕਿ ਸਵੈ-ਕੁਆਰੰਟੀਨ ਨਿਯਮਾਂ ਦੀ ਪਾਲਣਾ ਨਾ ਕਰਨ ਵਾਲੇ ਬਾਕੀ ਲੋਕਾਂ ਵਿੱਚੋਂ 125 ਨੇ ਸੂਬਾ ਛੱਡ ਦਿੱਤਾ, ਉਹ ਆਦੇਸ਼ਾਂ ਦੇ ਅਧੀਨ ਸਨ। ਡਿਪਟੀ ਕਮਿਸ਼ਨਰ ਸਟੀਵ ਗੋਲਸ਼ਚੇਵਸਕੀ ਨੇ ਗੰਭੀਰਤਾ ਨਾਲ ਕਿਹਾ ਹੈ ਕਿ ਇਹ ਬਹੁਤ ਨਿਰਾਸ਼ਾ ਵਾਲੀ ਗੱਲ ਹੈ ਕਿ ਕੁੱਝ ਲੋਕ ਆਪਣੀ ਖੁਦਗਰਜ਼ੀ ਅਤੇ ਲਾਪਰਵਾਹੀ ਨਾਲ ਸਮੁੱਚੇ ਸਮਾਜ ਨੂੰ ਜੋਖ਼ਮ ਵਿਚ ਪਾ ਰਹੇ ਹਨ।
ਸੂਬੇ ਦੀ ਪ੍ਰੀਮੀਅਰ ਅਨਾਸਤਾਸੀਆ ਪਲਾਸਕਜ਼ੁਕ ਨੇ ਸੂਬੇ ਵਿਚ ਇਕਾਂਤਵਾਸ ਤੋਂ ਲਾਪਤਾ ਲੋਕਾਂ ਦੀ ਗਿਣਤੀ ਬਾਰੇ ਕਿਹਾ ਹੈ ਕਿ ਇਹ ਮਾਮਲੇ ਅਪ੍ਰੈਲ ਦੇ ਸ਼ੁਰੂ ਵਿਚ ਸਾਹਮਣੇ ਆਏ ਸਨ। ਇਸ ਲਈ ਸੂਬੇ ‘ਚ ਵਾਇਰਸ ਦੇ ਫੈਲਣ ਦੀ ਕੋਈ ਚਿੰਤਾ ਨਹੀਂ ਹੈ ਪਰ ਲੋਕਾਂ ਦੀ ਭਾਲ ਕੀਤੀ ਜਾ ਰਹੀ ਹੈ। ਉਨ੍ਹਾਂ ਨੂੰ ਭਾਰੀ ਜੁਰਮਾਨੇ ਅਤੇ ਛੇ ਮਹੀਨੇ ਦੀ ਕੈਦ ਦੀ ਸਜ਼ਾ ਵੀ ਹੋ ਸਕਦੀ ਹੈ। ਜ਼ਿਕਰਯੋਗ ਹੈ ਕਿ ਸੂਬੇ ਵਿੱਚ 10 ਜੁਲਾਈ ਤੋਂ, 10,000 ਤੋਂ ਵੱਧ ਲੋਕਾਂ ਨੂੰ ਸਰਹੱਦੀ ਨਿਯਮਾਂ ਦੀ ਉਲੰਘਣਾ ਕਾਰਨ ਜੁਰਮਾਨੇ ਹੋਏ ਹਨ। ਕੁਈਨਜ਼ਲੈਂਡ ਸਿਹਤ ਵਿਭਾਗ ਅਨੁਸਾਰ ਸੂਬੇ ‘ਚ ਹੁਣ ਤੱਕ ਕੋਵਿਡ-19 ਦੇ 1,073 ਮਾਮਲਿਆਂ ‘ਚੋਂ 6 ਮੌਤਾਂ ਹੋਈਆਂ ਹਨ ਅਤੇ 4,74,333 ਮਰੀਜ਼ਾਂ ਦੀ ਜਾਂਚ ਕੀਤੀ ਗਈ ਹੈ।